ਏਸ਼ੀਆਈ ਸ਼ੇਅਰ ਬਾਜ਼ਾਰਾਂ ''ਚ ਮੰਗਲਵਾਰ ਨੂੰ ਰਿਹਾ ਤੇਜ਼ੀ ਦਾ ਰੁਖ਼

03/10/2020 6:25:57 PM

ਹਾਂਗਕਾਂਗ — ਤੇਲ ਦੀਆਂ ਕੀਮਤਾਂ 'ਚ ਉਛਾਲ ਦੇ ਕਾਰਨ ਏਸ਼ੀਆਈ ਬਾਜ਼ਾਰਾਂ ਵਿਚ ਮੰਗਲਵਾਰ ਨੂੰ ਤੇਜ਼ੀ ਦੇਖਣ ਨੂੰ ਮਿਲੀ। ਇਸ ਦੇ ਇਕ ਦਿਨ ਪਹਿਲਾਂ ਕੋਰੋਨਾ ਵਾਇਰਸ ਨੂੰ ਲੈ ਕੇ ਅਨਿਸ਼ਚਿਤਤਾਵਾਂ ਦੇ ਕਾਰਨ ਗਲੋਬਲ ਬਾਜ਼ਾਰਾਂ 'ਚ ਇਕ ਦਹਾਕੇ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਮੰਗਲਵਾਰ ਨੂੰ ਤੇਲ ਦੀਆਂ ਕੀਮਤਾਂ 'ਚ 8 ਫੀਸਦੀ ਦੇ ਵਾਧੇ ਕਾਰਨ ਬਾਜ਼ਾਰ ਨੂੰ ਰਾਹਤ ਮਿਲੀ। ਸੋਮਵਾਰ ਨੂੰ ਤੇਲ ਦੀਆਂ ਕੀਮਤਾਂ ਲਗਭਗ ਇਕ-ਤਿਹਾਈ ਡਿੱਗ ਗਈਆਂ ਸਨ।

ਸੁਰੱਖਿਅਤ ਨਿਵੇਸ਼ ਦੀ ਭਾਲ 'ਚ ਅਮਰੀਕੀ ਬਾਂਡ 'ਤੇ ਪ੍ਰਤੀਫਲ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚ ਗਿਆ ਸੀ। ਖੇਤਰੀ ਬਾਜ਼ਾਰਾਂ ਵਿਚ ਮੰਗਲਵਾਰ ਨੂੰ ਸਕਾਰਾਤਮਕ ਰੁਖ ਦੇਖਣ ਨੂੰ ਮਿਲਿਆ ਅਤੇ ਊਰਜਾ ਕੰਪਨੀਆਂ ਨੇ ਆਪਣੇ ਨੁਕਸਾਨ ਦੀ ਭਰਪਾਈ ਕੀਤੀ। ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਨੇ ਕੋਰੋਨਾ ਵਾਇਰਸ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਵੁਹਾਨ ਪਹੁੰਚਣ ਦੀ ਖਬਰ ਦੇ ਬਾਅਦ ਬਾਜ਼ਾਰ ਦੀ ਧਾਰਨਾ ਸਕਾਰਾਤਮਕ ਹੋਈ। ਇਸ ਨਾਲ ਇਹ ਉਮੀਦ ਜਗੀ ਕਿ ਚੀਨ ਦੇ ਹਾਲਾਤ ਜਲਦੀ ਹੀ ਪਟੜੀ 'ਤੇ ਆ ਜਾਣਗੇ। ਇਸ ਦੌਰਾਨ ਟੋਕਿਓ 0.9 ਫੀਸਦੀ ਵਧ ਕੇ ਅਤੇ ਸ਼ੰਘਾਈ 1.8 ਫੀਸਦੀ ਵਧ ਕੇ ਬੰਦ ਹੋਏ, ਜਦੋਂਕਿ ਹਾਂਗਕਾਂਗ ਸ਼ੇਅਰ ਬਾਜ਼ਾਰ ਵਿਚ ਦੁਪਹਿਰ ਦੇ ਕਾਰੋਬਾਰ ਦੇ ਦੌਰਾਨ ਦੋ ਫੀਸਦੀ ਦੀ ਤੇਜ਼ੀ ਸੀ। 

ਸਿਡਨੀ 'ਚ ਤਿੰਨ ਫੀਸਦੀ ਤੋਂ ਜ਼ਿਆਦਾ ਦੀ ਤੇਜ਼ੀ ਹੋਈ, ਜਦੋਂਕਿ ਸਿੰਗਾਪੁਰ, ਜਕਾਰਤਾ ਅਤੇ ਬੈਂਕਾਕ 'ਚ ਦੋ ਫੀਸਦੀ ਤੋਂ ਜ਼ਿਆਦਾ ਦਾ ਵਾਧਾ ਦੇਖਿਆ ਗਿਆ। ਮਨੀਲਾ, ਤਾਈਪੇ ਅਤੇ ਸਿਓਲ ਨੇ ਵੀ ਵਾਧਾ ਦਰਜ ਕੀਤਾ ਜਦੋਂਕਿ ਵੇਲਿੰਗਟਨ 'ਚ 1.8 ਫੀਸਦੀ ਦੀ ਗਿਰਾਵਟ ਆਈ। ਖਾੜੀ ਦੇਸ਼ਾਂ ਦੇ ਸ਼ੇਅਰਾਂ ਵਿਚ ਵੀ ਤੇਜ਼ੀ ਆਈ। ਇਸ ਦੌਰਾਨ ਦੁਬਈ 'ਚ 5.5 ਫੀਸਦੀ, ਆਬੂ ਧਾਬੀ 'ਚ 4.2 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਕੂਵੈਤ ਅਤੇ ਕਤਰ ਵਿਚ ਵੀ ਜ਼ੋਰਦਾਰ ਤੇਜ਼ੀ ਦੇਖਣ ਨੂੰ ਮਿਲੀ।