ਕੋਰੋਨਾ ਕਾਰਣ ਏਸ਼ੀਆ-ਪ੍ਰਸ਼ਾਂਤ ’ਚ ਹਵਾਈ ਅੱਡਿਆਂ ਨੂੰ ਹੋ ਸਕਦੈ 3 ਅਰਬ ਡਾਲਰ ਦਾ ਨੁਕਸਾਨ

03/10/2020 11:05:46 AM

ਮੁੰਬਈ — ਕੋਰੋਨਾ ਵਾਇਰਸ ਦਾ ਕਹਿਰ ਲੰਬਾ ਖਿੱਚਿਆ ਤਾਂ ਏਸ਼ੀਆ-ਪ੍ਰਸ਼ਾਂਤ ਖੇਤਰ ’ਚ ਹਵਾਈ ਅੱਡਿਆਂ ਨੂੰ 3 ਅਰਬ ਡਾਲਰ ਤੱਕ ਦੀ ਕਮਾਈ ਤੋਂ ਵਾਂਝੇ ਹੋਣਾ ਪੈ ਸਕਦਾ ਹੈ। ਹਵਾਈ ਅੱਡਿਆਂ ਦੇ ਕੌਮਾਂਤਰੀ ਸੰਗਠਨ ਏਅਰਪੋਰਟ ਕਾਊਂਸਲ ਇੰਟਰਨੈਸ਼ਨਲ (ਏ. ਸੀ. ਆਈ.) ਦੀ ਏਸ਼ੀਆ-ਪ੍ਰਸ਼ਾਂਤ ਇਕਾਈ ਨੇ ਖੇਤਰ ਦੀਆਂ ਸਰਕਾਰਾਂ ਅਤੇ ਹਵਾਬਾਜ਼ੀ ਰੈਗੂਲੇਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਥਾਨਕ ਹਾਲਾਤ ਅਨੁਸਾਰ ਐੱਡਜਸਟਮੈਂਟ ਅਤੇ ਰਾਹਤ ਦੇ ਸਪੱਸ਼ਟ ਕਦਮ ਉਠਾਉਣ।

ਏ. ਸੀ. ਆਈ. (ਵਿਸ਼ਵ) ਦਾ ਕਹਿਣਾ ਹੈ ਕਿ ਵਾਇਰਸ ਦੇ ਕਹਿਰ ਦਾ ਸਭ ਤੋਂ ਜ਼ਿਆਦਾ ਅਸਰ ਏਸ਼ੀਆ-ਪ੍ਰਸ਼ਾਂਤ ਖੇਤਰ ’ਚ ਹਵਾਈ ਸਫਰ ਕਰਨ ਵਾਲੇ ਯਾਤਰੀਆਂ ਦੀ ਗਿਣਤੀ ’ਤੇ ਪਿਆ ਹੈ। 2020 ਦੀ ਪਹਿਲੀ ਤਿਮਾਹੀ ’ਚ ਇਸ ਖੇਤਰਾਂ ’ਚ ਯਾਤਰੀਆਂ ਦੀ ਗਿਣਤੀ ਸਾਲਾਨਾ ਆਧਾਰ ’ਤੇ 24 ਫ਼ੀਸਦੀ ਘਟੀ ਹੈ। ਏ. ਸੀ. ਆਈ. (ਵਿਸ਼ਵ) ਦੇ ਅੰਦਾਜ਼ੇ ‘ਏਅਰਪੋਰਟ ਟਰੈਫਿਕ ਫੋਰਕਾਸਟ 2019-2040’ ’ਚ ਕਿਹਾ ਹੈ ਕਿ ਆਮ ਹਾਲਾਤ ’ਚ ਏਸ਼ੀਆ-ਪ੍ਰਸ਼ਾਂਤ ਖੇਤਰ ’ਚ 2020 ਦੀ ਪਹਿਲੀ ਤਿਮਾਹੀ ’ਚ 12.4 ਅਰਬ ਡਾਲਰ ਦਾ ਮਾਲੀਆ ਕਮਾਉਣ ਦਾ ਅੰਦਾਜ਼ਾ ਲਾਇਆ ਗਿਆ ਸੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ (ਕੋਵਿਡ-19) ਨਾਲ 3 ਅਰਬ ਡਾਲਰ ਤੱਕ ਦਾ ਮਾਲੀਆ ਨੁਕਸਾਨ ਹੋਣ ਦਾ ਖਦਸ਼ਾ ਹੈ। ਇਸ ’ਚ ਵੀ ਸਭ ਤੋਂ ਜ਼ਿਆਦਾ ਨੁਕਸਾਨ ਚੀਨ, ਹਾਂਗਕਾਂਗ ਅਤੇ ਦੱਖਣ ਕੋਰੀਆ ਦੇ ਹਵਾਈ ਅੱਡਿਆਂ ਨੂੰ ਹੋਵੇਗਾ। ਇੱਥੇ ਹਵਾਈ ਯਾਤਰੀਆਂ ਦੀ ਗਿਣਤੀ ’ਚ ਰਿਕਾਰਡ ਕਮੀ ਆਉਣ ਦੀ ਸੰਭਾਵਨਾ ਹੈ। ਏ. ਸੀ. ਆਈ. ਹਵਾਈ ਅੱਡਿਆਂ ਦਾ ਇਕ ਕੌਮਾਂਤਰੀ ਸੰਗਠਨ ਹੈ। ਇਸ ’ਚ 176 ਦੇਸ਼ਾਂ ਦੀਆਂ 668 ਮੈਂਬਰ ਕੰਪਨੀਆਂ ਹਨ ਜੋ ਕੁਲ 1,979 ਹਵਾਈ ਅੱਡਿਆਂ ਦਾ ਸੰਚਾਲਨ ਕਰਦੀਆਂ ਹਨ।