ਅਸ਼ੋਕ ਲੀਲੈਂਡ ਨੇ 5 ਦਿਨਾਂ ਲਈ ਉਤਪਾਦਨ ਰੋਕਿਆ

06/20/2019 2:50:31 PM

ਚੇਨਈ — ਵਪਾਰਕ ਵਾਹਨ ਬਣਾਉਣ ਵਾਲੀ ਦੇਸ਼ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਅਸ਼ੋਕ ਲੀਲੈਂਡ ਨੇ ਆਪਣੇ ਪੰਤਨਗਰ ਪਲਾਂਟ 'ਚ ਪੰਜ ਦਿਨਾਂ ਲਈ ਉਤਪਾਦਨ ਬੰਦ ਕਰਨ ਦਾ ਫੈਸਲਾ ਲਿਆ ਹੈ। ਕੰਪਨੀ ਨੇ ਉਤਪਾਦਨ ਅਤੇ ਵਿਕਰੀ ਜ਼ਰੂਰਤਾਂ ਵਿਚ ਤਾਲਮੇਲ ਬਿਠਾਉਣ ਦੀ ਆਪਣੀ ਰਣਨੀਤੀ ਦੇ ਤਹਿਤ ਇਹ ਪਹਿਲ ਕੀਤੀ ਹੈ। ਕੰਪਨੀ ਹਫਤੇ ਵਿਚ ਪੰਜ ਦਿਨ ਕੰਮ ਕਰਨ ਦੇ ਬਾਅਦ ਛੇਵੇਂ ਦਿਨ ਵੀ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਓਵਰਟਾਈਮ ਜਾਂ ਬੋਨਸ ਦਿੰਦੀ ਹੈ। ਕੰਪਨੀ ਨੇ ਹੁਣੇ ਜਿਹੇ ਆਪਣੇ ਕਰਮਚਾਰੀਆਂ ਨੂੰ ਸੂਚਿਤ ਕੀਤਾ ਸੀ ਕਿ ਜੂਨ ਵਿਚ ਓਵਰਟਾਈਮ ਵਾਲੇ ਦੋ ਛੇਵੇਂ ਦਿਨ ਖਤਮ ਕਰ ਦਿੱਤੇ ਜਾਣਗੇ। ਇਹ ਪਹਿਲ ਵਾਹਨਾਂ ਦੀ ਇਨਵੈਂਟਰੀ ਵਧਣ ਦੇ ਮੱਦੇਨਜ਼ਰ ਕੀਤੀ ਗਈ ਹੈ। 

ਸਟਾਕ ਐਕਸਚੇਂਜ ਨੂੰ ਦਿੱਤੀ ਗਈ ਜਾਣਕਾਰੀ ਵਿਚ ਕੰਪਨੀ ਨੇ ਅੱਜ ਕਿਹਾ ਕਿ ਉਤਪਾਦਨ ਅਤੇ ਵਿਕਰੀ ਜ਼ਰੂਰਤਾਂ 'ਚ ਤਾਲਮੇਲ ਬਿਠਾਉਣ ਦੀ ਆਪਣੀ ਰਣਨੀਤੀ ਦੇ ਤਹਿਤ ਕੰਪਨੀ ਨੇ ਆਪਣੇ ਪੰਤਨਗਰ ਪਲਾਂਟ ਵਿਚ 24 ਜੂਨ 2019 ਤੋਂ ਲੈ ਕੇ 29 ਜੂਨ 2019 ਤੱਕ ਉਤਪਾਦਨ ਬੰਦ ਰੱਖਣ ਦਾ ਫੈਸਲਾ ਲਿਆ ਹੈ। ਪਿਛਲੇ ਹਫਤੇ ਕੰਪਨੀ ਨੇ ਇਕ ਨੋਟਿਸ ਜਾਰੀ ਕਰਕੇ ਆਪਣੇ ਕਰਮਚਾਰੀਆਂ ਨੂੰ ਕਿਹਾ ਸੀ ਕਿ ਵਿਕਰੀ ਵਿਚ ਗਿਰਾਵਟ ਅਤੇ ਵਪਾਰਕ ਵਾਹਨਾਂ ਦੀ ਵਿਕਰੀ 'ਚ ਸੁਸਤੀ ਕਾਰਨ ਵਾਹਨਾਂ ਦੀ ਇਨਵੈਂਟਰੀ ਕਾਫੀ ਵਧ ਗਈ ਹੈ। ਇਸ ਲਈ ਉਸਨੇ ਜੂਨ 'ਚ ਇਕ ਪਹਿਲ ਕਰਦੇ ਹੋਏ ਓਵਰਟਾਈਮ ਵਾਲੇ ਦੋ ਛੇਵੇਂ ਦਿਨ ਖਤਮ ਕਰਨ ਦਾ ਫੈਸਲਾ ਲਿਆ ਸੀ। 

ਮਈ 2019 'ਚ ਵਪਾਰਕ ਵਾਹਨਾਂ ਦੀ ਵਿਕਰੀ 7.8 ਫੀਸਦੀ ਘੱਟ ਕੇ 62,551 ਵਾਹਨ ਰਹਿ ਗਈ ਹੈ ਜਦੋਂਕਿ ਮਈ 2018 ਵਿਚ 67,847 ਵਪਾਰਕ ਵਾਹਨਾਂ ਦੀ ਵਿਕਰੀ ਹੋਈ ਸੀ। ਇਕ ਇਕ ਹੀ ਅਜਿਹੀ ਸ਼੍ਰੇਣੀ ਹੈ ਜਿਸ ਵਿਚ ਅਪ੍ਰੈਲ ਅਤੇ ਮਈ 2019 ਦੇ ਵਿਚਕਾਰ ਮਹੀਨਾਵਾਰ ਵਿਕਰੀ ਵਿਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ ਜਦੋਂਕਿ ਬਾਕੀ ਸ਼੍ਰੇਣੀਆਂ ਵਿਚ ਵਾਧਾ ਦਰਜ ਕੀਤਾ ਗਿਆ ਹੈ। ਨਵੇਂ ਰੈਗੁਲੇਟਰੀ ਨਿਯਮਾਂ, ਮਾਲ-ਭਾੜੇ ਦੀਆਂ ਦਰਾਂ 'ਚ ਨਰਮੀ ਅਤੇ ਗੈਰ-ਬੈਕਿੰਗ ਕਰਜ਼ਾਦਾਤਿਆਂ ਕੋਲ ਨਕਦੀ ਸੰਕਟ ਕਾਰਨ ਵਾਹਨਾਂ ਦੀ ਵਿਕਰੀ ਪ੍ਰਭਾਵਿਤ ਹੋ ਰਹੀ ਹੈ। ਫਾਡਾ ਦੇ ਅਨੁਸਾਰ ਵਪਾਰਕ ਵਾਹਨਾਂ ਲਈ ਔਸਤ ਇਨਵੈਂਟਰੀ 45 ਤੋਂ 50 ਦਿਨਾਂ ਲਈ ਹੈ।