LIC ਪਾਲਿਸੀ ਧਾਰਕਾਂ ਲਈ ਜ਼ਰੂਰੀ ਖਬਰ, ਇਹ ਇਕ ਮੈਸੇਜ ਕਰ ਸਕਦੈ ਵੱਡਾ ਨੁਕਸਾਨ

11/25/2017 3:52:25 PM

ਨਵੀਂ ਦਿੱਲੀ— ਜੇਕਰ ਤੁਸੀਂ ਸਰਕਾਰੀ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦੇ ਪਾਲਿਸੀ ਧਾਰਕ ਹੋ ਤਾਂ ਤੁਹਾਡੇ ਲਈ ਜ਼ਰੂਰੀ ਖਬਰ ਹੈ। ਐੱਲ. ਆਈ. ਸੀ. ਨੇ ਆਪਣੇ ਪਾਲਿਸੀ ਧਾਰਕਾਂ ਨੂੰ ਚੌਕਸ ਕਰਦੇ ਹੋਏ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ 'ਚ ਉਸ ਨੇ ਆਪਣੇ ਗਾਹਕਾਂ ਨੂੰ ਕੁਝ ਮੈਸੇਜ ਤੋਂ ਸਾਵਧਾਨ ਹੋਣ ਲਈ ਕਿਹਾ ਹੈ। ਜੇਕਰ ਅਜਿਹੇ ਮੈਸੇਜ 'ਤੇ ਤੁਸੀਂ ਆਪਣੀ ਆਧਾਰ ਜਾਣਕਾਰੀ ਅਤੇ ਕੁਝ ਹੋਰ ਨਿੱਜੀ ਜਾਣਕਾਰੀ ਸਾਂਝਾ ਕਰ ਦਿੰਦੇ ਹੋ ਤਾਂ ਤੁਹਾਡਾ ਵੱਡਾ ਨੁਕਸਾਨ ਹੋ ਸਕਦਾ ਹੈ।

ਭਾਰਤੀ ਜੀਵਨ ਬੀਮਾ ਨਿਗਮ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ 'ਤੇ ਐੱਲ. ਆਈ. ਸੀ. ਦੇ ਚਿੰਨ੍ਹ ਅਤੇ ਨਿਸ਼ਾਨ ਨਾਲ ਕੁਝ ਮੈਸੇਜ ਚੱਲ ਰਹੇ ਹਨ, ਜਿਨ੍ਹਾਂ 'ਚ ਇਕ ਨੰਬਰ ਜ਼ਰੀਏ ਪਾਲਿਸੀ ਧਾਰਕਾਂ ਨੂੰ ਐੱਸ. ਐੱਮ. ਐੱਸ. ਭੇਜ ਕੇ ਆਧਾਰ ਲਿੰਕ ਕਰਨ ਨੂੰ ਕਿਹਾ ਜਾ ਰਿਹਾ ਹੈ। ਐੱਲ. ਆਈ. ਸੀ. ਨੇ ਆਪਣੇ ਪਾਲਿਸੀ ਧਾਰਕਾਂ ਨੂੰ ਸਾਵਧਾਨ ਕਰਦੇ ਹੋਏ ਕਿਹਾ ਹੈ ਕਿ ਉਸ ਵੱਲੋਂ ਕੋਈ ਵੀ ਅਜਿਹਾ ਮੈਸੇਜ ਨਹੀਂ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਐੱਲ. ਆਈ. ਸੀ. ਨੇ ਪਾਲਿਸੀ ਨਾਲ ਆਧਾਰ ਲਿੰਕ ਕਰਨ ਲਈ ਐੱਸ. ਐੱਮ. ਐੱਸ. ਵਰਗੀ ਕੋਈ ਸੁਵਿਧਾ ਸ਼ੁਰੂ ਨਹੀਂ ਕੀਤੀ ਹੈ ਅਤੇ ਜਦੋਂ ਇਸ ਤਰ੍ਹਾਂ ਦੀ ਕੋਈ ਸੁਵਿਧਾ ਦਿੱਤੀ ਜਾਵੇਗੀ ਤਾਂ ਸਾਡੀ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਹੀ ਇਸ ਦੀ ਜਾਣਕਾਰੀ ਅਪਡੇਟ ਕੀਤੀ ਜਾਵੇਗੀ।

ਐੱਲ. ਆਈ. ਸੀ. ਨੇ ਪਾਲਿਸੀ ਧਾਰਕਾਂ ਨੂੰ ਕਿਹਾ ਹੈ ਕਿ ਜੇਕਰ ਕੋਈ ਵੀ ਉਨ੍ਹਾਂ ਨੂੰ ਐੱਸ. ਐੱਮ. ਐੱਸ. ਜ਼ਰੀਏ ਪਾਲਿਸੀ ਨੂੰ ਆਧਾਰ ਨਾਲ ਲਿੰਕ ਕਰਨ ਲਈ ਕਹਿੰਦਾ ਹੈ, ਤਾਂ ਉਹ ਆਪਣੀ ਕੋਈ ਵੀ ਨਿੱਜੀ ਜਾਣਕਾਰੀ ਸਾਂਝੀ ਨਾ ਕਰਨ। ਹਾਲਾਂਕਿ ਤੁਹਾਨੂੰ ਦੱਸ ਦੇਈਏ ਕਿ ਸਰਕਾਰ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਬੀਮਾ ਪਾਲਿਸੀ ਨਾਲ ਆਧਾਰ ਅਤੇ ਪੈਨ ਲਿੰਕ ਕਰਨਾ ਜ਼ਰੂਰੀ ਹੈ ਅਤੇ ਇਸ ਦੀ ਆਖਰੀ ਤਰੀਕ 31 ਦਸੰਬਰ 2017 ਹੈ। ਜੇਕਰ ਤੁਹਾਡੇ ਕੋਲ ਪੈਨ ਕਾਰਡ ਨਹੀਂ ਹੈ ਤਾਂ ਤੁਸੀਂ ਫਾਰਮ-60 ਭਰ ਸਕਦੇ ਹੋ। ਇਹ ਕੰਮ ਤੁਸੀਂ ਆਪਣੇ ਨੇੜੇ ਦੇ ਐੱਲ. ਆਈ. ਸੀ. ਦਫਤਰ 'ਚ ਜਾ ਕੇ ਕਰ ਸਕਦੇ ਹੋ। ਜੇਕਰ ਤੁਸੀਂ ਆਨਲਾਈਨ ਆਧਾਰ ਲਿੰਕ ਕਰਨਾ ਹੈ ਤਾਂ ਤੁਹਾਨੂੰ ਐੱਲ. ਆਈ. ਸੀ. ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਹੋਵੇਗਾ, ਜਿੱਥੇ ਤੁਹਾਨੂੰ ਆਧਾਰ ਲਿੰਕ ਕਰਨ ਦਾ ਬਦਲ ਮਿਲ ਜਾਵੇਗਾ।