ਸਰਕਾਰ ਨੇ Air India ਦੇ ਨਿੱਜੀਕਰਨ ਲਈ ਪ੍ਰਸਤਾਵਿਤ ਡਰਾਫਟ ਨੂੰ ਦਿੱਤੀ ਮਨਜ਼ੂਰੀ

01/07/2020 6:15:01 PM

ਨਵੀਂ ਦਿੱਲੀ — ਏਅਰ ਇੰਡੀਆ ਦੇ ਵਿਨਿਵੇਸ਼ ਲਈ ਬਣੇ ਮੰਤਰੀ ਸਮੂਹ(GOM) ਦੀ ਅੱਜ ਯਾਨੀ ਮੰਗਲਵਾਰ ਨੂੰ ਬੈਠਕ ਹੋਈ। ਇਸ ਗਰੁੱਪ ਦੀ ਅਗਵਾਈ ਕੇਂਦਰੀ ਮੰਤਰੀ ਅਮਿਤ ਸ਼ਾਹ ਕਰ ਰਹੇ ਹਨ। ਏ.ਐਨ.ਆਈ. ਦੇ ਸੂਤਰਾਂ ਮੁਤਾਬਕ ਮੰਤਰੀ ਸਮੂਹ ਨੇ ਏਅਰ ਇੰਡੀਆ ਦੇ ਵਿਨਿਵੇਸ਼ ਲਈ ਫਿਰ ਤੋਂ ਐਕਸਪ੍ਰੈਸ਼ਨ ਆਫ ਇੰਟਰੱਸਟ ਯਾਨੀ ਕਿ ਰੁਚੀ ਪੱਤਰ(EOI) ਮੰਗਣ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਸ ਦਾ ਅਰਥ ਇਹ ਹੈ ਕਿ ਏਅਰ ਇੰਡੀਆ ਦੀ ਵਿਕਰੀ ਲਈ ਰੁਚੀ ਪੱਤਰ ਇਕ ਵਾਰ ਫਿਰ ਸੱਦੇ ਜਾਣਗੇ। ਏਅਰ ਇੰਡੀਆ ਦੀ ਵਿਕਰੀ ਦੇ ਤੌਰ-ਤਰੀਕੇ ਬਾਰੇ ਪ੍ਰੀਲੀਮਿਨਰੀ ਇਨਫਾਰਮੇਸ਼ਨ ਮੈਮੋਰੰਡਮ(PIM) 'ਚ ਹੋਈ ਚਰਚਾ ਦੇ ਆਧਾਰ 'ਤੇ ਮੰਗਲਵਾਰ ਦੀ ਬੈਠਕ 'ਚ ਗੱਲ ਕੀਤੀ ਗਈ। 

ਕਿਉਂ ਬਣਾਇਆ ਗਿਆ GOM

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੁਲਾਈ 'ਚ ਇਸ ਸਮੂਹ ਵਿਚੋਂ ਆਵਾਜਾਈ ਮੰਤਰੀ ਨਿਤਿਨ ਗਡਕਰੀ ਬਾਹਰ ਹੋ ਗਏ ਸਨ ਅਤੇ ਉਨ੍ਹਾਂ ਦੀ ਥਾਂ ਅਮਿਤ ਸ਼ਾਹ ਨੂੰ ਸਮੂਹ ਦੀ ਪ੍ਰਧਾਨਗੀ ਦਿੱਤੀ ਗਈ ਸੀ। ਇਸ ਕਮੇਟੀ ਨੇ ਇਹ ਤੈਅ ਕਰਨਾ ਸੀ ਕਿ ਏਅਰ ਇੰਡੀਆ ਦੀ ਵਿਕਰੀ ਦਾ ਤਰੀਕਾ ਕੀ ਹੋਣਾ ਚਾਹੀਦਾ ਹੈ।

ਫਿਲਹਾਲ 58 ਹਜ਼ਾਰ ਕਰੋੜ ਤੋਂ ਜ਼ਿਆਦਾ ਦਾ ਕਰਜ਼ਾ

ਕਰੀਬ 58 ਹਜ਼ਾਰ ਕਰੋੜ ਦੇ ਕਰਜ਼ੇ ਹੇਠ ਦੱਬੀ ਏਅਰ ਇੰਡੀਆ ਨੂੰ ਵਿੱਤੀ ਸਾਲ 2018-19 'ਚ 8,400 ਕਰੋੜ ਰੁਪਏ ਦਾ ਜ਼ਬਰਦਸਤ ਘਾਟਾ ਹੋਇਆ। ਏਅਰ ਇੰਡੀਆ ਨੂੰ ਜ਼ਿਆਦਾ ਆਪਰੇਟਿੰਗ ਕਾਸਟ ਅਤੇ ਵਿਦੇਸ਼ੀ ਮੁਦਰਾ 'ਚ ਘਾਟੇ ਦੇ ਕਾਰਨ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਇਨ੍ਹਾਂ ਹਾਲਾਤਾਂ 'ਚ ਏਅਰ ਇੰਡੀਆ ਤੇਲ ਕੰਪਨੀਆਂ ਨੂੰ ਈਂਧਣ ਦਾ ਬਕਾਇਆ ਨਹੀਂ ਦੇ ਪਾ ਰਹੀ ਹੈ। ਹੁਣੇ ਜਿਹੇ ਤੇਲ ਕੰਪਨੀਆਂ ਨੇ ਈਂਧਣ ਦੀ ਸਪਲਾਈ ਰੋਕਣ ਦੀ ਧਮਕੀ ਦਿੱਤੀ ਸੀ ਪਰ ਸਰਕਾਰ ਦੀ ਦਖਲਅੰਦਾਜ਼ੀ ਨਾਲ ਤੇਲ ਦੀ ਸਪਲਾਈ ਨੂੰ ਫਿਰ ਤੋਂ ਸ਼ੁਰੂ ਕੀਤਾ ਗਿਆ। ਕੇਂਦਰ ਸਰਕਾਰ ਏਅਰ ਇੰਡੀਆ 'ਚ ਆਪਣੀ 100 ਫੀਸਦੀ ਹਿੱਸੇਦਾਰੀ ਵੇਚਣ ਜਾ ਰਹੀ ਹੈ।