APPLE, ਸੈਮਸੰਗ, Xioami ਤੇ ਵੀਵੋ ਨੇ ਫੋਨ ਕੀਮਤਾਂ 'ਚ ਕੀਤਾ ਵਾਧਾ, ਜਾਣੋ ਕਿੰਨੀ ਢਿੱਲੀ ਹੋਵੇਗੀ ਜੇਬ

04/01/2020 7:47:03 PM

ਨਵੀਂ ਦਿੱਲੀ : ਬੁੱਧਵਾਰ ਨੂੰ ਸਮਾਰਟ ਫੋਨਾਂ 'ਤੇ ਜੀ. ਐੱਸ. ਟੀ. ਦੀ 18 ਫੀਸਦੀ ਦਰ ਪ੍ਰਭਾਵੀ ਹੋਣ ‘ਤੇ Apple, ਸੈਮਸੰਗ, ਸ਼ਿਓਮੀ, ਰੀਅਲਮੀ ਤੇ ਵੀਵੋ ਨੇ ਸਮਾਰਟ ਫੋਨ ਕੀਮਤਾਂ ਵਿਚ ਵਾਧਾ ਕਰ ਦਿੱਤਾ ਹੈ।

ਇਸ ਤੋਂ ਪਹਿਲਾਂ ਸਮਾਰਟ ਫੋਨਾਂ 'ਤੇ ਜੀ. ਐੱਸ. ਟੀ. ਦਰ 12 ਫੀਸਦੀ ਸੀ। ਕੰਪਨੀਆਂ ਵੱਲੋਂ ਪੁਰਾਣੇ ਅਤੇ ਨਵੇਂ ਸਮਾਰਟ ਫੋਨ ਦੋਹਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਹਨ, ਯਾਨੀ ਕੰਪਨੀ ਤੋਂ ਪੁਰਾਣਾ ਫੋਨ ਖਰੀਦਣਾ ਵੀ ਮਹਿੰਗਾ ਹੋਵੇਗਾ।


USA ਦੀ ਦਿੱਗਜ਼ ਕੰਪਨੀ ਐਪਲ ਨੇ ਆਈਫੋਨ-11 ਦੀ ਕੀਮਤ 68,300 ਰੁਪਏ ਕਰ ਦਿੱਤੀ ਹੈ, ਜੋ ਪਹਿਲਾਂ 64,900 ਤੋਂ ਸ਼ੁਰੂ ਸੀ। ਇਸੇ ਤਰ੍ਹਾਂ ਆਈਫੋਨ-11 ਪ੍ਰੋ ਦੀ ਕੀਮਤ ਹੁਣ 1,01,200 ਦੀ ਬਜਾਏ 1,06,600 ਰੁਪਏ ਤੋਂ ਸ਼ੁਰੂ ਹੈ। 

IPhone XR ਜੋ ਕੀਮਤਾਂ ਵਿਚ ਕਈ ਕਟੌਤੀ ਮਗਰੋਂ 49,900 ਰੁਪਏ ਵਿਚ ਵਿਕ ਰਿਹਾ ਸੀ, ਹੁਣ ਉਸ ਦੀ ਕੀਮਤ 52,500 ਰੁਪਏ ਹੋ ਗਈ ਹੈ। ਉੱਥੇ ਹੀ, ਸੈਮਸੰਗ ਦੇ ਫਲੈਗਸ਼ਿਪ ਫੋਨ ਗਲੈਕਸੀ ਐੱਸ-20 ਦੀ ਕੀਮਤ ਹੁਣ 70,500 ਰੁਪਏ ਹੋ ਗਈ ਹੈ, ਜਦੋਂ ਕਿ ਐੱਸ-20 ਅਲਟਰਾ ਦੀ ਕੀਮਤ ਹੁਣ 97,900 ਰੁਪਏ ਤੋਂ ਸ਼ੁਰੂ ਹੈ। ਇਹ ਹੈਂਡਸੈੱਟ ਕ੍ਰਮਵਾਰ 66,999 ਰੁਪਏ ਅਤੇ 92,999 ਰੁਪਏ ਵਿਚ ਲਾਂਚ ਕੀਤੇ ਗਏ ਸਨ। ਰੀਅਲਮੀ ਨੇ ਕਿਹਾ ਕਿ ਉਹ ਵੀ ਆਪਣੇ ਸਮਾਰਟ ਫੋਨਾਂ ਦੀਆਂ ਕੀਮਤਾਂ ਵਿਚ ਵਾਧਾ ਕਰਨ ਜਾ ਰਹੀ ਹੈ। ਹਾਲਾਂਕਿ, ਕੰਪਨੀ ਨੇ ਕੀਮਤਾਂ ਵਿਚ ਕਿੰਨਾ ਵਾਧਾ ਕੀਤਾ ਹੈ ਇਸ ਦੀ ਵਿਸ਼ੇਸ਼ ਜਾਣਕਾਰੀ ਨਹੀਂ ਦਿੱਤੀ ਹੈ।

ਕੋਰੋਨਾ ਵਾਇਰਸ ਲਾਕਡਾਊਨ ਕਾਰਨ ਸਪਲਾਈ ਚੇਨ ਵਿਚ ਰੁਕਾਵਟ ਪੈਣ ਨਾਲ ਭਾਰਤੀ ਬਾਜ਼ਾਰ ਵਿਚ ਸਮਾਰਟ ਫੋਨ ਪਾਰਟਸ ਤੇ ਕੁਝ ਉਨ੍ਹਾਂ ਹੈਂਡਸੈੱਟਾਂ ਦੀ ਘਾਟ ਹੋ ਗਈ ਹੈ, ਜੋ ਚੀਨ ਤੋਂ ਇੰਪੋਰਟ 'ਤੇ ਭਾਰੀ ਨਿਰਭਰ ਹਨ। ਉੱਥੇ ਹੀ, GST ਵਧਣ ਨਾਲ ਹੋਰ ਕੰਪਨੀਆਂ ਨੂੰ ਵੀ ਕੀਮਤਾਂ ਵਿਚ ਵਾਧਾ ਕਰਨਾ ਪਵੇਗਾ।

Sanjeev

This news is Content Editor Sanjeev