APPLE ਭਾਰਤ, ਵੀਅਤਨਾਮ ''ਚ ਵਧਾਏਗੀ ਆਈਫੋਨ-ਆਈਪੈਡ ਦਾ ਉਤਪਾਦਨ

01/27/2021 3:36:26 PM

ਨਵੀਂ ਦਿੱਲੀ- ਚੀਨ ਨੂੰ ਐਪਲ ਵੱਡਾ ਝਟਕਾ ਦੇਣ ਵਾਲੀ ਹੈ। ਖ਼ਬਰਾਂ ਹਨ ਕਿ ਐਪਲ ਨੇ ਆਈਫੋਨ, ਆਈਪੈਡ, ਮੈਕ ਅਤੇ ਹੋਰ ਉਤਪਾਦਾਂ ਦਾ ਨਿਰਮਾਣ ਚੀਨ ਤੋਂ ਬਾਹਰ ਵਧਾਉਣ ਦਾ ਫ਼ੈਸਲਾ ਕੀਤਾ ਹੈ। ਖ਼ਬਰਾਂ ਦੀ ਮੰਨੀਏ ਤਾਂ ਆਈਪੈਡ ਦਾ ਉਤਪਾਦਨ ਇਸੇ ਸਾਲ ਦੇ ਅੱਧ ਵਿਚ ਵੀਅਤਨਾਮ ਵਿਚ ਸ਼ੁਰੂ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਇਹ ਪਹਿਲੀ ਵਾਰ ਹੋਵੇਗਾ ਜਦੋਂ ਦੁਨੀਆ ਦੀ ਸਭ ਤੋਂ ਵੱਡੀ ਟੈਬਲੇਟ ਨਿਰਮਾਤਾ ਇਕ ਵੱਡੀ ਗਿਣਤੀ ਵਿਚ ਟੈਬ ਚੀਨ ਤੋਂ ਬਾਹਰ ਬਣਾਏਗੀ।

ਕੈਲੀਫੋਰਨੀਆ ਦੀ ਇਹ ਕੰਪਨੀ ਭਾਰਤ ਵਿਚ ਆਈਫੋਨ ਦਾ ਉਤਪਾਦਨ ਵਧਾਉਣ 'ਤੇ ਵਿਚਾਰ ਕਰ ਰਹੀ ਹੈ, ਜੋ ਕਿ ਇਸ ਦੇ ਆਈਫੋਨਾਂ ਲਈ ਦੂਜਾ ਸਭ ਤੋਂ ਵੱਡਾ ਉਤਪਾਦਨ ਹੱਬ ਹੈ।

ਸੂਤਰਾਂ ਮੁਤਾਬਕ, ਕੰਪਨੀ ਆਈਫੋਨ 12 ਸੀਰੀਜ਼ ਦੇ ਫੋਨਾਂ ਦਾ ਉਤਪਾਦਨ ਇਸੇ ਤਿਮਾਹੀ ਵਿਚ ਸ਼ੁਰੂ ਕਰਨ ਬਾਰੇ ਸੋਚ ਰਹੀ ਹੈ, ਜੋ ਕੰਪਨੀ ਦਾ ਪਹਿਲਾ 5-ਜੀ ਸਮਾਰਟ ਫੋਨ ਹੋਵੇਗਾ। ਸੂਤਰਾਂ ਤੋਂ ਮਿਲੀਆਂ ਖ਼ਬਰਾਂ ਅਨੁਸਾਰ, ਐਪਲ ਦੱਖਣੀ-ਪੂਰਬੀ ਏਸ਼ੀਆ ਦੇ ਬਹੁਤ ਸਾਰੇ ਹਿੱਸਿਆਂ ਵਿਚ ਆਪਣੇ ਸਮਾਰਟ ਸਪੀਕਰ, ਈਅਰਫੋਨ ਅਤੇ ਕੰਪਿਊਟਰ ਬਣਾਉਣ ਦੀ ਸਮਰੱਥਾ ਨੂੰ ਵੀ ਵਧਾ ਰਹੀ ਹੈ। ਜੇਕਰ ਵੇਖਿਆ ਜਾਵੇ ਤਾਂ ਇਹ ਐਪਲ ਦੀ ਵਿਭਿੰਨਤਾ ਰਣਨੀਤੀ ਦਾ ਸਾਰਾ ਹਿੱਸਾ ਹੈ। ਹਾਲਾਂਕਿ, ਬਾਈਡੇਨ ਦੇ ਅਮਰੀਕੀ ਰਾਸ਼ਟਰਪਤੀ ਬਣਨ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਅਮਰੀਕਾ ਅਤੇ ਚੀਨ ਦੇ ਸਬੰਧਾਂ ਵਿਚਕਾਰ ਸੁਧਾਰ ਹੋ ਸਕਦਾ ਹੈ ਪਰ ਐਪਲ ਫਿਰ ਵੀ ਆਪਣੇ ਤਮਾਮ ਉਤਪਾਦਾਂ ਲਈ ਚੀਨ 'ਤੇ ਨਿਰਭਰਤਾ ਨੂੰ ਘੱਟ ਕਰਦੇ ਹੋਏ ਹੋਰ ਦੇਸ਼ਾਂ ਦਾ ਵੀ ਰੁਖ਼ ਕਰ ਰਹੀ ਹੈ।

Sanjeev

This news is Content Editor Sanjeev