ਅਮਰੀਕਾ-ਚੀਨ ਵਿਚਕਾਰ ਟਰੇਡ ਵਾਰ, ਆਈਫੋਨ ਨਹੀਂ ਹੋਣਗੇ ਮਹਿੰਗੇ!

06/20/2018 3:50:40 PM

ਨਵੀਂ ਦਿੱਲੀ— ਅਮਰੀਕਾ ਅਤੇ ਚੀਨ ਵਿਚਕਾਰ ਇਕ-ਦੂਜੇ ਦੇ ਪ੍ਰਾਡਕਟਸ 'ਤੇ ਇੰਪੋਰਟ ਡਿਊਟੀ ਵਧਾਉਣ ਦਾ ਅਸਰ ਆਈਫੋਨਾਂ 'ਤੇ ਨਹੀਂ ਪਵੇਗਾ। ਇਕ ਰਿਪੋਰਟ ਮੁਤਾਬਕ ਅਮਰੀਕੀ ਸਰਕਾਰ ਨੇ ਐਪਲ ਨੂੰ ਭਰੋਸਾ ਦਿੱਤਾ ਹੈ ਕਿ ਉਹ ਚੀਨ 'ਚ ਬਣਨ ਵਾਲੇ ਆਈਫੋਨਾਂ ਦੇ ਇੰਪੋਰਟ 'ਤੇ ਟੈਰਿਫ ਨਹੀਂ ਲਾਵੇਗੀ। ਹਾਲ ਹੀ 'ਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 50 ਅਰਬ ਡਾਲਰ ਦੇ ਚੀਨੀ ਸਾਮਾਨਾਂ 'ਤੇ 25 ਫੀਸਦੀ ਇੰਪੋਰਟ ਡਿਊਟੀ ਲਾਉਣ ਦਾ ਐਲਾਨ ਕੀਤਾ ਸੀ, ਜਿਸ ਦੇ ਜਵਾਬ 'ਚ ਚੀਨ ਨੇ ਵੀ 34 ਅਰਬ ਡਾਲਰ ਦੇ ਅਮਰੀਕੀ ਸਾਮਾਨਾਂ 'ਤੇ 25 ਫੀਸਦੀ ਡਿਊਟੀ ਲਾਉਣ ਦਾ ਐਲਾਨ ਕੀਤਾ। ਹੁਣ ਫਿਰ ਟਰੰਪ ਨੇ ਅਮਰੀਕੀ ਵਪਾਰ ਪ੍ਰਤੀਨਿਧੀਆਂ ਨੂੰ 200 ਅਰਬ ਡਾਲਰ ਦੇ ਚੀਨੀ ਪ੍ਰਾਡਕਟਸ ਦੀ ਪਛਾਣ ਕਰਨ ਨੂੰ ਕਿਹਾ ਹੈ, ਜਿਨ੍ਹਾਂ 'ਤੇ ਹੋਰ 10 ਫੀਸਦੀ ਟੈਰਿਫ ਲਗਾਇਆ ਜਾਵੇਗਾ। ਚੀਨ ਨੇ ਵੀ ਇਸ ਦਾ ਜਵਾਬ ਦੇਣ ਦੀ ਤਿਆਰੀ ਕਰ ਲਈ ਹੈ। ਐਪਲ ਨੂੰ ਡਰ ਹੈ ਕਿ ਇਸ ਵਪਾਰ ਯੁੱਧ 'ਚ ਉਸ ਦਾ ਵੀ ਨੰਬਰ ਲੱਗ ਸਕਦਾ ਹੈ।

ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ, ਟਰੰਪ ਪ੍ਰਸ਼ਾਸਨ ਨੇ ਐਪਲ ਦੇ ਸੀ. ਈ. ਓ. ਟਿਮ ਕੁਕ ਨੂੰ ਕਿਹਾ ਹੈ ਕਿ ਉਸ ਦੇ ਪ੍ਰਾਡਕਟ ਪ੍ਰਭਾਵਿਤ ਨਹੀਂ ਹੋਣਗੇ, ਭਾਵੇਂ ਕਿ ਟਰੰਪ ਨੇ ਹੋਰ 200 ਅਰਬ ਡਾਲਰ ਦੇ ਚੀਨੀ ਪ੍ਰਾਡਕਟਸ 'ਤੇ ਇੰਪੋਰਟ ਡਿਊਟੀ ਵਧਾਉਣ ਦਾ ਹੁਕਮ ਦਿੱਤਾ ਹੈ। ਹਾਲਾਂਕਿ ਇਸ ਦੇ ਬਾਵਜੂਦ ਐਪਲ ਨੂੰ ਡਰ ਹੈ ਕਿ ਚੀਨ ਇਕ ਅਜਿਹੀ ਪਾਲਿਸੀ ਲਾਗੂ ਕਰ ਸਕਦਾ ਹੈ, ਜਿਸ ਨਾਲ ਉਸ ਦਾ ਕਾਰੋਬਾਰ ਪ੍ਰਭਾਵਿਤ ਹੋਵੇਗਾ। ਇਸ 'ਚ ਉਨ੍ਹਾਂ ਦੇ ਪ੍ਰਾਡਕਟਸ ਦੀ ਨਜ਼ਦੀਕੀ ਛਾਣਬੀਣ ਜਾਂ ਸਪਲਾਈ ਚੈਨ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ, ਜਿਸ ਨਾਲ ਉਸ ਦੀ ਸਪਲਾਈ 'ਚ ਦੇਰੀ ਹੋ ਸਕਦੀ ਹੈ। ਉੱਥੇ ਹੀ ਵਾਈਟ ਹਾਊਸ 'ਚ ਰਾਸ਼ਟਰੀ ਵਪਾਰ ਪ੍ਰੀਸ਼ਦ ਦੇ ਡਾਇਰੈਕਟਰ ਪੀਟਰ ਨਵਾਰੋ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਨਹੀਂ ਪਤਾ ਕਿ ਟਿਮ ਕੁਕ ਨੂੰ ਇਸ ਤਰ੍ਹਾਂ ਦਾ ਕੋਈ ਭਰੋਸਾ ਦਿੱਤਾ ਗਿਆ ਹੈ ਕਿ ਆਈਫੋਨਾਂ ਨੂੰ ਟੈਰਿਫ 'ਚ ਛੋਟ ਦਿੱਤੀ ਜਾਵੇਗੀ। ਜ਼ਿਕਰੋਯਗ ਹੈ ਕਿ ਆਈਫੋਨ ਦੇ ਪਾਰਟਸ ਸਪਲਾਈ ਕਰਨ ਵਾਲੇ ਜ਼ਿਆਦਾਤਰ ਸਪਲਾਇਰ ਚੀਨ ਦੇ ਹਨ। ਹਾਲ ਹੀ ਦੀ ਤਿਮਾਹੀ 'ਚ ਐਪਲ ਨੇ ਚੀਨ 'ਚ 13 ਅਰਬ ਡਾਲਰ ਤੋਂ ਵਧ ਦੀ ਵਿਕਰੀ ਦਰਜ ਕੀਤੀ ਹੈ।