ਚੀਨ ਤੋਂ ਆਉਣ ਵਾਲੀਆਂ 90 ਵਸਤੂਆਂ ''ਤੇ ਲੱਗੀ ਐਂਟੀ ਡੰਪਿੰਗ ਡਿਊਟੀ : ਸਰਕਾਰ

02/08/2020 12:39:15 PM

ਨਵੀਂ ਦਿੱਲੀ — ਸਰਕਾਰ ਨੇ ਚੀਨ ਤੋਂ ਆਯਾਤ ਕੀਤੇ 90 ਸਮਾਨਾਂ 'ਤੇ ਐਂਟੀ-ਡੰਪਿੰਗ ਡਿਊਟੀ ਲਗਾਈ ਹੈ। ਇਸ ਦੇ ਨਾਲ ਹੀ ਚੀਨ ਦੇ ਸਮਾਨਾਂ 'ਤੇ 24 ਹੋਰ ਐਂਟੀ-ਡੰਪਿੰਗ ਜਾਂਚ ਜਾਰੀ ਹੈ। ਵਣਜ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਵਿਚ ਇਕ ਲਿਖਤੀ ਜਵਾਬ ਵਿਚ ਇਹ ਗੱਲ ਕਹੀ।

ਗੋਇਲ ਨੇ ਕਿਹਾ ਕਿ ਇਹ ਡਿਊਟੀ ਮੁੱਖ ਤੌਰ ਤੇ ਘਰੇਲੂ ਉਦਯੋਗ ਨੂੰ ਡੰਪਿੰਗ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਅਤੇ ਕਾਰੋਬਾਰ ਲਈ ਬਰਾਬਰ ਮੌਕੇ ਪ੍ਰਦਾਨ ਕਰਨ ਲਈ ਲਗਾਈ ਜਾਂਦੀ ਹੈ। ਇਕ ਹੋਰ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਸਰਕਾਰ ਲਗਾਤਾਰ ਚੀਨ ਨਾਲ ਆਪਸੀ ਵਪਾਰ ਨੂੰ ਵੱਧ ਤੋਂ ਵੱਧ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਾਰੋਬਾਰੀ ਸਾਲ 2018-19 'ਚ ਚੀਨ ਦੇ ਨਾਲ ਭਾਰਤ ਦਾ ਵਪਾਰ ਘੱਟ ਕੇ 87.07 ਅਰਬ ਡਾਲਰ ਰਹਿ ਗਿਆ, ਜਿਹੜਾ ਕਿ 2017-18 'ਚ 89.71 ਅਰਬ ਡਾਲਰ 'ਤੇ ਸੀ।

ਚੀਨ ਨਾਲ ਭਾਰਤ ਦਾ ਵਪਾਰ ਘਾਟਾ ਹੋਇਆ ਘੱਟ

ਕਾਰੋਬਾਰੀ ਸਾਲ 2018-19 'ਚ ਚੀਨ ਤੋਂ ਭਾਰਤ 'ਚ ਹੋਣ ਵਾਲਾ ਆਯਾਤ ਘੱਟ ਕੇ 70.32 ਅਰਬ ਡਾਲਰ ਰਹਿ ਗਿਆ ਜਿਹੜਾ 2017-18 ਵਿਚ 76.38 ਅਰਬ ਡਾਲਰ ਸੀ। ਇਸ ਸਮੇਂ ਦੌਰਾਨ ਭਾਰਤ ਦਾ ਨਿਰਯਾਤ 13.33 ਅਰਬ ਡਾਲਰ ਤੋਂ ਵਧ ਕੇ 16.75 ਅਰਬ ਡਾਲਰ ਹੋ ਗਿਆ। ਇਸ ਕਾਰਨ ਇਸ ਸਮੇਂ ਦੌਰਾਨ ਚੀਨ ਨਾਲ ਭਾਰਤ ਦਾ ਵਪਾਰ ਘਾਟਾ 63.05 ਅਰਬ ਡਾਲਰ ਤੋਂ ਘਟ ਕੇ 53.57 ਅਰਬ ਡਾਲਰ 'ਤੇ ਆ ਗਿਆ। ਗੋਇਲ ਨੇ ਕੁਝ ਰਿਪੋਰਟਾਂ ਦੇ ਹਵਾਲੇ ਨਾਲ ਕਿਹਾ ਕਿ ਕੁਝ ਚੀਨੀ ਸਮਾਨ ਹਾਂਗਕਾਂਗ ਅਤੇ ਸਿੰਗਾਪੁਰ ਰਾਹੀਂ ਭਾਰਤ ਆ ਰਿਹਾ ਸੀ। ਇਸ ਬਾਰੇ ਅਧਿਕਾਰੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ।