'ਅੰਬਾਨੀ ਦੀ ਕੰਪਨੀ 'ਤੇ ਮੋਦੀ ਦੀ ਕਿਰਪਾ, ਫਰਾਂਸ 'ਚ ਅਰਬਾਂ ਰੁਪਏ ਦਾ ਟੈਕਸ ਹੋਇਆ ਮੁਆਫ'

04/13/2019 6:10:01 PM

ਨਵੀਂ ਦਿੱਲੀ — ਕਾਂਗਰਸ ਨੇ ਸ਼ਨੀਵਾਰ ਨੂੰ ਇਕ ਮੀਡੀਆ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਰਾਫੇਲ ਮਾਮਲੇ ਨੂੰ ਲੈ ਕੇ ਇਕ ਵਾਰ ਫਿਰ ਨਰਿੰਦਰ ਮੋਦੀ ਦੀ ਸਰਕਾਰ 'ਤੇ ਹਮਲਾ ਬੋਲਿਆ ਅਤੇ ਦੋਸ਼ ਲਗਾਇਆ ਕਿ 'ਮੋਦੀ ਕਿਰਪਾ' ਨਾਲ ਫਰਾਂਸ ਦੀ ਸਰਕਾਰ ਨੇ ਅਨਿਲ ਅੰਬਾਨੀ ਦੀ ਕੰਪਨੀ ਦਾ ਅਰਬਾਂ ਰੁਪਏ ਦਾ ਟੈਕਸ ਮੁਆਫ ਕੀਤਾ। ਪਾਰਟੀ ਦੇ ਮੁੱਖ ਬੁਲਾਰੇ  ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਫਰਾਂਸ ਦੀ ਪ੍ਰਸਿੱਧ ਅਖਬਾਰ 'ਲੇ ਮੋਂਦੇ' ਦੀ ਰਿਪੋਰਟ ਤੋਂ 'ਮਨੀ ਟ੍ਰੇਲ' ਦਾ ਖੁਲਾਸਾ ਹੋ ਗਿਆ ਹੈ ਅਤੇ ਇਹ ਸਾਬਤ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਰਾਫੇਲ ਮਾਮਲੇ 'ਚ ਅਨਿਲ ਅੰਬਾਨੀ ਦੇ ਵਿਚੋਲੀਏ ਦਾ ਕੰਮ ਕੀਤਾ ਹੈ।

ਭਾਜਪਾ ਤੇ ਅਨਿਲ ਅੰਬਾਨੀ ਨੇ ਰੱਦ ਕੀਤੇ ਸਨ ਦੋਸ਼

ਫਿਲਹਾਲ ਅਜੇ ਤੱਕ ਕਾਂਗਰਸ ਦੇ ਇਸ ਦੋਸ਼ 'ਤੇ ਭਾਜਪਾ ਅਤੇ ਅਨਿਲ ਅੰਬਾਨੀ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਜ਼ਿਕਰਯੋਗ ਹੈ ਕਿ ਰਾਫੇਲ ਮਾਮਲੇ 'ਚ ਕਾਂਗਰਸ ਵਲੋਂ ਲਗਾਏ ਗਏ ਦੋਸ਼ਾਂ ਨੂੰ ਸਰਕਾਰ ਅਤੇ ਅਨਿਲ ਅੰਬਾਨੀ ਨੇ ਸਿਰੇ ਤੋਂ ਰੱਦ ਕਰ ਦਿੱਤਾ ਸੀ।

ਸੁਰਜੇਵਾਲ ਨੇ ਪੱਤਰਕਾਰਾਂ ਨੂੰ ਕਿਹਾ, '10 ਅਪ੍ਰੈਲ 2015 ਨੂੰ ਮੋਦੀ ਜੀ ਫਰਾਂਸ ਜਾਂਦੇ ਹਨ ਅਤੇ 36 ਜਹਾਜ਼ਾਂ ਖਰੀਦਣ ਦਾ ਸੌਦਾ ਤੈਅ ਕਰਦੇ ਹਨ। ਇਸ ਤੋਂ ਕੁਝ ਦਿਨ ਬਾਅਦ ਹੀ 14 ਕਰੋੜ ਯੂਰੋ ਤੋਂ ਜ਼ਿਆਦਾ ਦਾ ਕਰਜ਼ਾ ਮੁਆਫ ਹੋ ਜਾਂਦਾ ਹੈ।' ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਇਹ ਮੋਦੀ ਜੀ ਦੀ ਕਿਰਪਾ ਹੀ ਹੈ। ਮੋਦੀ ਜੀ ਦੀ ਕਿਰਪਾ ਜਿਸ 'ਤੇ ਹੋ ਜਾਂਦੀ ਹੈ ਉਸਦਾ ਕੁਝ ਵੀ ਹੋ ਸਕਦਾ ਹੈ।