ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਨੇਵਲ ਦਾ ਸ਼ੇਅਰ ਢਾਈ ਮਹੀਨਿਆਂ ’ਚ 950 ਫੀਸਦੀ ਚੜ੍ਹਿਆ

11/27/2019 1:39:21 AM

ਮੁੰਬਈ (ਇੰਟ.)-ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਨੇਵਲ ਐਂਡ ਇੰਜੀਨੀਅਰਿੰਗ ਦਾ ਸ਼ੇਅਰ ਢਾਈ ਮਹੀਨੇ ’ਚ 950 ਫੀਸਦੀ ਚੜ੍ਹ ਚੁੱਕਾ ਹੈ। 9 ਸਤੰਬਰ ਤੋਂ ਬਾਅਦ ਸ਼ੇਅਰ ’ਚ ਲਗਾਤਾਰ ਤੇਜ਼ੀ ਬਣੀ ਹੋਈ ਹੈ। ਉਸ ਦਿਨ ਬੰਬਈ ਸ਼ੇਅਰ ਬਾਜ਼ਾਰ (ਬੀ. ਐੱਸ. ਈ.) ਉਪਰ ਸ਼ੇਅਰ 73 ਪੈਸੇ ’ਤੇ ਬੰਦ ਹੋਇਆ ਸੀ, ਮੌਜੂਦਾ ਪ੍ਰਾਈਸ 7.67 ਰੁਪਏ ਹੈ। ਰਿਲਾਇੰਸ ਨੇਵਲ ਦੇ ਸ਼ੇਅਰ ’ਚ ਇਹ ਤੇਜ਼ੀ ਦਾ ਸਭ ਤੋਂ ਲੰਮਾ ਦੌਰ ਹੈ। 2009 ’ਚ ਸ਼ੇਅਰ ਦੀ ਲਿਸਟਿੰਗ ਹੋਈ ਸੀ। ਵਿਸ਼ਲੇਸ਼ਕਾਂ ਮੁਤਾਬਕ ਸ਼ੇਅਰ ’ਚ ਤੇਜ਼ੀ ਦੀ ਵਜ੍ਹਾ ਕਿਆਸਰਾਈਆਂ ਹੋ ਸਕਦੀਆਂ ਹਨ।

ਬਲੂਮਬਰਗ ਦੀ ਰਿਪੋਰਟ ਮੁਤਾਬਕ ਇਨਵੈਸਟਮੈਂਟ ਐਡਵਾਈਜ਼ਰੀ ਫਰਮ ਕੇ. ਆਰ. ਆਈ. ਐੱਸ. ਦੇ ਡਾਇਰੈਕਟਰ ਅਰੁਣ ਕੇਜਰੀਵਾਲ ਦਾ ਕਹਿਣਾ ਹੈ ਕਿ ਕੁੱਝ ਲੋਕਾਂ ਵੱਲੋਂ ਆਪਣੇ ਹਿੱਤਾਂ ਲਈ ਕਿਆਸਰਾਈਆਂ ਸ਼ੇਅਰ ’ਚ ਤੇਜ਼ੀ ਦੀ ਵਜ੍ਹਾ ਹੋ ਸਕਦੀ ਹੈ। ਕਿਸੇ ਸ਼ੇਅਰ ਦਾ ਭਾਅ ਬਹੁਤ ਜ਼ਿਆਦਾ ਹੇਠਾਂ ਹੋਣ ਦੀ ਸਥਿਤੀ ’ਚ ਇਹ ਕਾਫੀ ਆਸਾਨ ਹੁੰਦਾ ਹੈ। ਰਿਲਾਇੰਸ ਨੇਵਲ ਦੇ ਫੰਡਾਮੈਂਟਲਸ ’ਚ ਕੋਈ ਬਦਲਾਅ ਨਹੀਂ ਹੋਇਆ ਹੈ। ਕੰਪਨੀ ਕਈ ਮੁਸ਼ਕਿਲਾਂ ’ਚੋਂ ਲੰਘ ਰਹੀ ਹੈ।

ਰਿਲਾਇੰਸ ਨੇਵਲ ਦੇ ਸ਼ੇਅਰ ’ਚ ਤੇਜ਼ੀ ਦੀ ਵਜ੍ਹਾ ਜੋ ਵੀ ਹੋਵੇ ਪਰ ਇਹ ਅਨਿਲ ਅੰਬਾਨੀ ਲਈ ਅਹਿਮ ਹੈ। ਰਿਲਾਇੰਸ ਨੇਵਲ ਚਾਹੇਗੀ ਕਿ ਉਸ ਨੂੰ ਸਰਕਾਰ ਵੱਲੋਂ ਡਿਫੈਂਸ ਕੰਟਰੈਕਟ ਹਾਸਲ ਹੋ ਸਕੇ। ਰਾਸ਼ਟਰੀ ਸੁਰੱਖਿਆ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅਰਬਾਂ ਡਾਲਰ ਖਰਚ ਕਰਨ ਦੀਆਂ ਯੋਜਨਾਵਾਂ ਹਨ। ਬਲੂਮਬਰਗ ਦੀ ਰਿਪੋਰਟ ਮੁਤਾਬਕ ਦੀਵਾਲੀਆ ਅਥਾਰਟੀ ਰਿਲਾਇੰਸ ਨੇਵਲ ਖਿਲਾਫ ਕਾਰਵਾਈ ਸ਼ੁਰੂ ਕਰਨ ’ਤੇ ਵਿਚਾਰ ਕਰ ਰਹੀ ਹੈ ਕਿਉਂਕਿ ਬੈਂਕਾਂ ਨੇ ਕੰਪਨੀ ਦੇ ਕਰਜ਼ੇ ਦੀ ਰਿਸਟਰਕਚਰਿੰਗ ਤੋਂ ਮਨ੍ਹਾ ਕਰ ਦਿੱਤਾ ਹੈ।

Karan Kumar

This news is Content Editor Karan Kumar