ਐਮਾਜ਼ੋਨ ਨਿਊਯਾਰਕ ''ਚ ਦੇਵੇਗਾ 2,000 ਰੁਜ਼ਗਾਰ, ਮਿਲੇਗੀ ਮੋਟੀ ਤਨਖਾਹ

09/24/2017 10:11:18 AM

ਨਵੀਂ ਦਿੱਲੀ— ਐਮਾਜ਼ੋਨ ਅਗਲੇ ਸਾਲ ਮੈਨਹਟਨ 'ਚ ਇਕ ਵੱਡਾ ਨਵਾਂ ਦਫਤਰ ਖੋਲ੍ਹਣ ਜਾ ਰਿਹਾ ਹੈ। ਨਿਊਯਾਰਕ ਸ਼ਹਿਰ 'ਚ ਖੋਲ੍ਹੇ ਜਾਣ ਵਾਲੇ ਇਸ ਦਫਤਰ 'ਚ ਐਮਾਜ਼ੋਨ 2,000 ਨੌਕਰੀਆਂ ਕੱਢੇਗਾ, ਜਿਸ ਤਹਿਤ ਮੋਟੀ ਤਨਖਾਹ ਦਿੱਤੀ ਜਾਵੇਗੀ। ਈ-ਕਾਮਰਸ ਸੈਕਟਰ ਦੀ ਦਿਗੱਜ ਇਸ ਕੰਪਨੀ ਦੀ ਸ਼ਹਿਰ 'ਚ ਕਈ ਸਥਾਨਾਂ 'ਤੇ ਪਹਿਲਾਂ ਹੀ ਮੌਜੂਦਗੀ ਹੈ। ਹੁਣ ਇਹ ਆਪਣਾ ਵਿਸਥਾਰ ਮੈਨਹਟਨ 'ਚ 359,000 ਵਰਗ ਫੁੱਟ ਦਾ ਦਫਤਰ ਖੋਲ੍ਹ ਕੇ ਕਰਨ ਜਾ ਰਹੀ ਹੈ। ਇਸ ਨਵੇਂ ਦਫਤਰ 'ਚ ਫਾਈਨਾਂਸ, ਸੇਲਸ, ਮਾਰਕੀਟਿੰਗ ਅਤੇ ਸੂਚਨਾ ਤਕਨਾਲੋਜੀ ਪੇਸ਼ਿਆਂ 'ਚ ਭਰਤੀ ਕੱਢੀ ਜਾਵੇਗੀ, ਜਿਨ੍ਹਾਂ ਨੂੰ ਸਾਲਾਨਾ ਔਸਤ 100,000 ਡਾਲਰ ਤਨਖਾਹ ਮਿਲੇਗੀ। 
ਜਾਣਕਾਰੀ ਮੁਤਾਬਕ, ਐਮਾਜ਼ੋਨ ਮੈਨਹਟਨ ਵੈਸਟ 'ਚ ਇਸ ਪ੍ਰਾਜੈਕਟ 'ਤੇ 5 ਕਰੋੜ 50 ਲੱਖ ਡਾਲਰ ਨਿਵੇਸ਼ ਕਰੇਗਾ। ਐਮਾਜ਼ੋਨ ਨੂੰ ਇਸ ਵਿਸਥਾਰ ਲਈ ਸੂਬੇ ਵੱਲੋਂ ਟੈਕਸ ਕ੍ਰੈਡਿਟ 'ਚ 2 ਕਰੋੜ ਦਿੱਤੇ ਜਾਣਗੇ। ਐਮਾਜ਼ੋਨ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਅਸੀਂ ਨਿਊਯਾਰਕ 'ਚ ਆਪਣੀ ਮੌਜਦੂਗੀ ਨੂੰ ਵਿਸਥਾਰ ਦੇਣ ਲਈ ਬਹੁਤ ਉਤਸ਼ਾਹਤ ਹਾਂ। ਸਾਨੂੰ ਇੱਥੇ ਹਮੇਸ਼ਾ ਬੁਹਤ ਪ੍ਰਤਿਭਾ ਵਾਲੇ ਲੋਕ ਮਿਲੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਅਸੀਂ ਅਮਰੀਕਾ 'ਚ 2018 ਤਕ 1 ਲੱਖ ਨੌਕਰੀਆਂ ਪੈਦਾ ਕਰਨ ਦਾ ਐਲਾਨ ਕੀਤਾ ਸੀ ਅਤੇ ਇਸ ਟੀਚੇ ਤਕ ਪਹੁੰਚਣ ਲਈ ਅਸੀਂ ਬਿਲਕੁਲ ਟਰੈਕ 'ਤੇ ਹਾਂ।