ਭਾਰਤ ਵਿਚ ਈ-ਰਿਕਸ਼ਾ ਲੈ ਕੇ ਆ ਰਿਹੈ AMAZON, Jeff Bezos ਨੇ ਕੀਤਾ ਐਲਾਨ

01/20/2020 6:00:36 PM

ਨਵੀਂ ਦਿੱਲੀ — ਦੁਨੀਆ ਦੀ ਪ੍ਰਮੁੱਖ ਈ-ਕਾਮਰਸ ਕੰਪਨੀ ਐਮਾਜ਼ੋਨ ਹੁਣ ਭਾਰਤ ਵਿਚ ਇਲਕਟ੍ਰਾਨਿਕ ਡਿਲਵਰੀ ਰਿਕਸ਼ਾ ਦੀ ਸ਼ੁਰੂਆਤ ਕਰਨ ਵਾਲੀ ਹੈ। ਕੰਪਨੀ ਦੇ ਫਾਊਂਡਰ ਅਤੇ CEO Jeff Bezos ਨੇ ਖੁਦ ਇਕ ਵੀਡੀਓ ਦੇ ਜ਼ਰੀਏ ਇਸ ਦਾ ਐਲਾਨ ਕੀਤਾ ਹੈ। ਦਰਅਸਲ ਫਲਿੱਪਕਾਰਟ ਪਹਿਲਾਂ ਹੀ ਦਿੱਲੀ, ਹੈਦਰਾਬਾਦ ਅਤੇ ਬੈਂਗਲੁਰੂ 'ਚ ਡਿਲਵਰੀ ਵਾਹਨਾਂ ਦੇ ਬੇੜੇ 'ਚ ਇਲਕੈਟ੍ਰਾਨਿਕ ਵਾਹਨ ਸ਼ਾਮਲ ਕਰ ਚੁੱਕੀ ਹੈ। 

 

ਬੇਜੋਸ ਨੇ ਆਪਣੇ ਟਵੀਟ 'ਚ ਕਿਹਾ ਕਿ ਹੇ, ਇੰਡੀਆ! ਅਸੀਂ ਇਲੈਕਟ੍ਰਿਕ ਡਿਲਵਰੀ ਰਿਕਸ਼ਾ ਦੇ ਰੂਪ ਵਿਚ ਇਕ ਨਵਾਂ ਉਤਪਾਦ ਲੈ ਕੇ ਆ ਰਹੇ ਹਾਂ। ਇਹ ਪੂਰੀ ਤਰ੍ਹਾਂ ਇਲੈਕਟ੍ਰਿਕ ਹੈ ਅਤੇ ਜ਼ੀਰੋ ਕਾਰਬਨ ਨਿਕਾਸੀ ਕਰਦਾ ਹੈ। ਉਨ੍ਹਾਂ ਨੇ 'Climate Pledge' ਹੈਸ਼ ਟੈਗ ਦੇ ਨਾਲ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ ਵਿਚ ਉਹ ਇਲੈਕਟ੍ਰਿਕ ਰਿਕਸ਼ਾ ਚਲਾਉਂਦੇ ਹੋਏ ਦਿਖਾਈ ਦੇ ਰਹੇ ਹਨ। ਕੰਪਨੀ ਨੇ ਪਿਛਲੇ ਸਾਲ ਜੂਨ ਵਿਚ ਕਿਹਾ ਸੀ ਕਿ ਉਸਦਾ ਟੀਚਾ ਮਾਰਚ 2020 ਤੱਕ ਡਿਲਵਰੀ ਵਾਹਨਾਂ ਦੇ ਬੇੜੇ ਵਿਚ 40 ਫੀਸਦੀ ਵਾਹਨਾਂ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਇਲੈਕਟ੍ਰਿਕ ਵਾਹਨਾਂ ਨੂੰ ਸ਼ਾਮਲ ਕਰਨ ਦਾ ਹੈ। 

ਐਮਾਜ਼ੋਨ ਨੇ ਆਪਣੇ ਇਕ ਬਿਆਨ ਵਿਚ ਕਿਹਾ ਕਿ ਉਸਨੇ 2019 ਵਿਚ ਭਾਰਤ ਦੇ ਕਈ ਸ਼ਹਿਰਾਂ 'ਚ ਇਲੈਕਟ੍ਰਿਕ ਵਾਹਨਾਂ ਦਾ ਟਰਾਇਲ ਟੈਸਟ ਕੀਤਾ ਹੈ ਅਤੇ ਹੁਣ ਉਹ ਉਸਦਾ ਵਿਸਥਾਰ ਪੂਰੇ ਦੇਸ਼ ਵਿਚ ਕਰਨ ਜਾ ਰਹੀ ਹੈ। ਬਿਆਨ ਵਿਚ ਕਿਹਾ ਗਿਆ ਕਿ ਟਰਾਇਲ ਨਾਲ ਟਿਕਾਊ ਅਤੇ ਲੰਮੇ ਸਮੇਂ ਤੱਕ ਉਪਯੋਗੀ ਇਲੈਕਟ੍ਰਿਕ ਵਾਹਨਾਂ ਦਾ ਵਿਕਾਸ ਕਰਨ 'ਚ ਮਦਦ ਮਿਲੀ ਹੈ। ਭਾਰਤ ਦੇ ਨਿਰਮਾਤਾਵਾਂ ਨੇ 10 ਹਜ਼ਾਰ ਤਿੰਨ ਪਹੀਆ ਅਤੇ ਚਾਰ ਪਹੀਆ ਵਾਹਨ ਤਿਆਰ ਕੀਤੇ ਹਨ। ਕੰਪਨੀ ਨੇ ਕਿਹਾ ਕਿ 2020 'ਚ ਇਹ ਵਾਹਨ ਦਿੱਲੀ ਐਨ.ਸੀ.ਆਰ., ਬੈਂਗਲੁਰੂ, ਹੈਦਰਾਬਾਦ, ਪੂਣੇ, ਨਾਗਪੁਰ ਅਤੇ ਕੋਇੰਬਟੂਰ ਸਮੇਤ ਹੋਰ ਸ਼ਹਿਰਾਂ ਵਿਚ ਸੜਕਾਂ 'ਤੇ ਹੋਣਗੇ।