SBI ਦਾ ਦੀਵਾਲੀ ਤੋਹਫਾ, Oct ਤੋਂ ਸਸਤਾ ਹੋਣ ਜਾ ਰਿਹੈ ਕਾਰ ਤੇ ਹੋਮ ਲੋਨ

09/23/2019 3:56:25 PM

ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) 'ਚ ਜਿਨ੍ਹਾਂ ਦਾ ਲੋਨ ਫਲੋਟਿੰਗ ਦਰਾਂ 'ਤੇ ਚੱਲ ਰਿਹਾ ਹੈ ਉਨ੍ਹਾਂ ਨੂੰ ਰਾਹਤ ਮਿਲਣ ਜਾ ਰਹੀ ਹੈ। ਬੈਂਕ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਕਿ ਉਹ ਐੱਮ. ਐੱਸ. ਐੱਮ. ਈ., ਹਾਊਸਿੰਗ ਤੇ ਰਿਟੇਲ ਲੋਨ ਦੀਆਂ ਫਲੋਟਿੰਗ ਦਰਾਂ ਨੂੰ 1 ਅਕਤੂਬਰ ਤੋਂ ਬਾਹਰੀ ਬੈਂਚਮਾਰਕ 'ਰੇਪੋ ਰੇਟ' ਨਾਲ ਲਿੰਕ ਕਰਨ ਜਾ ਰਿਹਾ ਹੈ। ਇਸ ਨਾਲ ਗਾਹਕਾਂ ਨੂੰ ਰੇਪੋ ਰੇਟ 'ਚ ਕਟੌਤੀ ਦਾ ਫਾਇਦਾ ਮਿਲੇਗਾ।

ਬੈਂਕ ਰੋਜ਼ਾਨਾ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਰੇਪੋ ਰੇਟ 'ਤੇ ਰਿਜ਼ਰਵ ਬੈਂਕ ਕੋਲੋਂ ਉਧਾਰ ਲੈਂਦੇ ਹਨ, ਇਸ ਦੀ ਦਰ ਆਰ. ਬੀ. ਆਈ. ਨਿਰਧਾਰਤ ਕਰਦਾ ਹੈ।ਇਸ ਸਾਲ ਹੁਣ ਤਕ ਆਰ. ਬੀ. ਆਈ. ਰੇਪੋ ਰੇਟ 'ਚ 1.10 ਫੀਸਦੀ ਦੀ ਕਮੀ ਕਰ ਚੁੱਕਾ ਹੈ ਤੇ ਇਹ ਇਸ ਵਕਤ 5.40 ਫੀਸਦੀ ਹੈ।ਇਸ ਚ ਕਮੀ ਹੋਣ ਨਾਲ ਬੈਂਕਾਂ ਦੀ ਉਧਾਰੀ ਸਸਤੀ ਹੋਈ ਹੈ, ਜਿਸ ਦਾ ਫਾਇਦਾ ਹੁਣ ਉਹ ਗਾਹਕਾਂ ਨੂੰ ਦੇ ਰਹੇ ਹਨ।

 

ਜ਼ਿਕਰਯੋਗ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਸਾਰੇ ਬੈਂਕਾਂ ਨੂੰ ਪਹਿਲੀ ਅਕਤੂਬਰ ਤੋਂ ਫਲੋਟਿੰਗ ਰੇਟ ਲੋਨਸ ਨੂੰ ਬਾਹਰੀ ਬੈਂਚਮਾਰਕ ਨਾਲ ਜੋੜਨ ਦਾ ਹੁਕਮ ਦਿੱਤਾ ਹੈ। ਬੈਂਕ ਸਰਕਾਰੀ ਬਾਂਡ ਦੀ ਯੀਲਡ ਅਤੇ ਰਿਜ਼ਰਵ ਬੈਂਕ ਦੇ ਰੇਪੋ ਰੇਟ 'ਚੋਂ ਕਿਸੇ ਨੂੰ ਵੀ ਇੰਟਰਸਟ ਦਰਾਂ ਨਿਰਧਾਰਤ ਕਰਨ ਲਈ ਬਾਹਰੀ ਬੈਂਚਮਾਰਕ ਦੇ ਤੌਰ 'ਤੇ ਚੁਣ ਸਕਦੇ ਹਨ। ਇਸ ਦਾ ਮਕਸਦ ਗਾਹਕਾਂ ਨੂੰ ਦਰਾਂ 'ਚ ਬਦਲਾਵ ਦਾ ਤੁਰੰਤ ਫਾਇਦਾ ਪਹੁੰਚਾਉਣਾ ਹੈ।

ਭਾਰਤੀ ਸਟੇਟ ਬੈਂਕ ਪਹਿਲਾ ਬੈਂਕ ਹੈ ਜਿਸ ਨੇ ਜੁਲਾਈ 2019 'ਚ ਹੋਮ ਲੋਨ ਨੂੰ ਆਰ. ਬੀ. ਆਈ. ਦੇ ਰੇਪੋ ਰੇਟ ਨਾਲ ਲਿੰਕ ਕੀਤਾ ਸੀ। ਹਾਲਾਂਕਿ ਹਾਲ ਹੀ 'ਚ ਬੈਂਕ ਨੇ ਟਵੀਟਰ 'ਤੇ ਇਕ ਯੂਜ਼ਰ ਵੱਲੋਂ ਪੁੱਛੇ ਸਵਾਲ ਦੇ ਜਵਾਬ 'ਚ ਕਿਹਾ ਸੀ ਕਿ ਬੈਂਕ ਨੇ ਰੇਪੋ ਲਿੰਕਡ ਲੋਨ ਸਕੀਮ ਵਾਪਸ ਲੈ ਲਈ ਹੈ। ਬੈਂਕ ਨੇ ਕਿਹਾ ਸੀ, ''ਆਰ. ਐੱਲ. ਐੱਲ. ਆਰ. ਹੋਮ ਲੋਨ ਸਕੀਮ ਵਾਪਸ ਲੈ ਲਈ ਗਈ ਹੈ ਤੇ ਤੁਸੀਂ ਹੋਮ ਲੋਨ ਨੂੰ ਐੱਮ. ਸੀ. ਐੱਲ. ਆਰ. ਅਧਾਰਿਤ ਹੋਮ ਲੋਨ 'ਤੇ ਸ਼ਿਫਟ ਕਰਵਾ ਸਕਦੇ ਹੋ।'' ਸਟੇਟ ਬੈਂਕ ਵੱਲੋਂ ਸੋਮਵਾਰ ਨੂੰ ਜਾਰੀ ਪ੍ਰੈੱਸ ਬਿਆਨ 'ਚ ਕਿਹਾ ਗਿਆ ਹੈ ਕਿ ਜੁਲਾਈ 'ਚ ਸ਼ੁਰੂ ਕੀਤੀ ਗਈ ਇਸ ਸਕੀਮ 'ਚ ਕੁਝ ਬਦਲਾਵ ਕੀਤੇ ਗਏ ਹਨ ਤੇ ਇਨ੍ਹਾਂ ਬਾਰੇ ਜਲਦ ਹੀ ਬੈਂਕ ਦੀ ਵੈੱਬਸਾਈਟ 'ਤੇ ਐਲਾਨ ਕੀਤਾ ਜਾਵੇਗਾ।