ਐਮਾਜ਼ੋਨ ਦੇ ਸਮਾਰਟ ਸਪੀਕਰ ਦਾ ਕਾਰਾ, ਪਤੀ-ਪਤਨੀ ਦੀ ''ਚੈਟ'' ਕੀਤੀ ਲੀਕ

05/26/2018 4:41:18 PM

ਨਵੀਂ ਦਿੱਲੀ— ਹੁਣ ਤਕ ਤੁਸੀਂ ਫੇਸਬੁੱਕ ਜਾਂ ਸਮਾਰਟ ਫੋਨ 'ਤੇ ਪ੍ਰਾਈਵੇਸੀ ਲੀਕ ਬਾਰੇ ਸੁਣਿਆ ਹੋਵੇਗਾ ਪਰ ਜੇਕਰ ਤੁਸੀਂ ਸਮਾਰਟ ਸਪੀਕਰ ਦਾ ਵੀ ਸ਼ੌਂਕ ਰੱਖਦੇ ਹੋ, ਤਾਂ ਤੁਹਾਡੇ ਲਈ ਇਹ ਖਤਰੇ ਤੋਂ ਘੱਟ ਨਹੀਂ ਹੋ ਸਕਦਾ। ਇਸ ਸਪੀਕਰ ਨਾਲ ਤੁਹਾਡੀ ਪ੍ਰਾਈਵੇਸੀ ਨੂੰ ਖਤਰਾ ਹੋ ਸਕਦਾ ਹੈ। ਤੁਹਾਡੇ ਘਰ 'ਚ ਆਮ ਜਿਹਾ ਦਿਸਣ ਵਾਲਾ ਇਹ ਸਮਾਰਟ ਸਪੀਕਰ ਤੁਹਾਡੀਆਂ ਗੱਲਾਂ ਨੂੰ ਵੀ ਚੋਰੀ-ਛੁਪੇ ਰਿਕਾਰਡ ਕਰ ਸਕਦਾ ਹੈ। ਬੀ. ਬੀ. ਸੀ. ਦੀ ਇਕ ਰਿਪੋਰਟ ਮੁਤਾਬਕ, ਹਾਲ ਹੀ 'ਚ ਐਮਾਜ਼ੋਨ ਈਕੋ 'ਚ ਇਹ ਗੱਲ ਸਾਹਮਣੇ ਆਈ ਹੈ, ਜਿਸ 'ਚ ਅਲੈਕਸਾ ਨੇ ਇਸ ਤਰ੍ਹਾਂ ਦੀ ਰਿਕਾਰਡਿੰਗ ਨੂੰ ਅੰਜਾਮ ਦਿੱਤਾ ਹੈ। ਰਿਪੋਰਟ ਮੁਤਾਬਕ ਪੋਰਟਲੈਂਡ 'ਚ ਐਮਾਜ਼ੋਨ ਈਕੋ ਦੇ ਇਕ ਯੂਜ਼ਰ ਨੇ ਇਹ ਹੈਰਾਨ ਕਰਦਾ ਖੁਲਾਸਾ ਕੀਤਾ ਹੈ। ਅਲੈਕਸਾ ਇਕ ਡਿਜੀਟਲ ਤਕਨੀਕ ਜਾਂ ਸਹਾਇਕ ਹੈ, ਜੋ ਐਮਾਜ਼ੋਨ ਵੱਲੋਂ ਵਿਕਸਤ ਕੀਤੀ ਗਈ ਹੈ। ਐਮਾਜ਼ੋਨ ਨੇ ਇਸ ਦਾ ਇਸੇਤਮਾਲ ਐਮਾਜ਼ੋਨ ਈਕੋ ਅਤੇ ਐਮਾਜ਼ੋਨ ਈਕੋ ਡਾਟ ਸਮਾਰਟ ਸਪੀਕਰ 'ਚ ਕੀਤਾ ਹੈ। ਅਲੈਕਸਾ ਤਕਨੀਕ ਆਵਾਜ਼ ਸੰਚਾਰ, ਮਿਊਜ਼ਿਕ ਪਲੇਅਬੈਕ, ਅਲਾਰਮ ਲਾਉਣ ਆਦਿ 'ਚ ਸਮਰੱਥ ਹੈ ਅਤੇ ਆਵਾਜ਼ ਜ਼ਰੀਏ ਕੰਟਰੋਲ ਹੁੰਦਾ ਹੈ।
ਚੋਰੀ-ਛੁਪੇ ਕੀਤੀ ਪਤੀ-ਪਤਨੀ ਦੀ ਗੱਲ ਰਿਕਾਰਡ-
ਐਮਾਜ਼ੋਨ ਈਕੋ ਨੇ ਪੋਰਟਲੈਂਡ ਦੀ ਇਸ ਯੂਜ਼ਰ ਦੇ ਘਰ 'ਚ ਉਸ ਦੀ ਅਤੇ ਉਸ ਦੇ ਪਤੀ ਵਿਚਕਾਰ ਹੋਈ ਸਾਰੀ ਗੱਲਬਾਤ ਨੂੰ ਚੋਰੀ-ਛੁਪੇ ਰਿਕਾਰਡ ਕੀਤਾ, ਜਿਸ ਨੂੰ ਬਾਅਦ 'ਚ ਕਿਸੇ ਤੀਜੇ ਵਿਅਕਤੀ ਨੂੰ ਭੇਜ ਦਿੱਤਾ। ਡੈਨੀਅਲ ਨਾਮ ਦੀ ਇਸ ਮਹਿਲਾ ਨੇ ਕਿਹਾ ਕਿ ਉਹ ਜਾਣ ਕੇ ਹੈਰਾਨ ਰਹਿ ਗਈ ਕਿ ਇਸ ਸਮਾਰਟ ਸਪੀਕਰ ਨੇ ਬਿਨਾਂ ਉਨ੍ਹਾਂ ਨੂੰ ਕੁਝ ਪਤਾ ਲੱਗੇ ਬੰਦ ਕਮਰੇ 'ਚ ਪਤੀ ਨਾਲ ਹੋਈ ਸਾਰੀ ਗੱਲਬਾਤ ਰਿਕਾਰਡ ਕਰ ਲਈ। ਮਹਿਲਾ ਨੇ ਕਿਹਾ ਕਿ ਉਸ ਨੂੰ ਇਸ ਦਾ ਪਤਾ ਉਦੋਂ ਲੱਗਾ ਜਦੋਂ ਉਨ੍ਹਾਂ ਦੇ ਸੀਏਟਲ 'ਚ ਬੈਠੇ ਕਰਮਚਾਰੀ ਨੂੰ ਇਹ ਆਡੀਓ ਫਾਈਲ ਮਿਲੀ। ਆਡੀਓ ਮਿਲਣ 'ਤੇ ਇਸ ਕਰਮਚਾਰੀ ਨੇ ਡੈਨੀਅਲ ਨਾਲ ਸੰਪਰਕ ਕਰਕੇ ਦੱਸਿਆ ਕਿ ਉਸ ਨੂੰ ਉਨ੍ਹਾਂ ਦੀ ਇਕ ਅਜੀਬ ਰਿਕਾਰਡਿੰਗ ਮਿਲੀ ਹੈ। ਉਸ ਨੇ ਤੁਰੰਤ ਅਲੈਕਸਾ ਦੇ ਸਾਰੇ ਡਿਵਾਈਸਿਸ ਬੰਦ ਕਰਨ ਨੂੰ ਕਿਹਾ। ਘਟਨਾ ਦੇ ਤੁਰੰਤ ਬਾਅਦ ਮਹਿਲਾ ਨੇ ਇਸ ਸੰਬੰਧ 'ਚ ਐਮਾਜ਼ੋਨ ਨੂੰ ਸ਼ਿਕਾਇਤ ਦਰਜ ਕਰਾਈ।

ਐਮਾਜ਼ੋਨ ਨੇ ਸਵੀਕਾਰ ਕੀਤੀ ਗਲਤੀ—
ਪੀੜਤ ਮਹਿਲਾ ਵੱਲੋਂ ਸ਼ਿਕਾਇਤ ਦਰਜ ਕਰਾਉਣ ਦੇ ਬਾਅਦ ਐਮਾਜ਼ੋਨ ਨੇ ਈਕੋ ਸਪੀਕਰ ਵੱਲੋਂ ਕੀਤੀ ਗਈ ਇਹ ਗਲਤੀ ਸਵੀਕਾਰ ਕੀਤੀ ਹੈ। ਐਮਾਜ਼ੋਨ ਦੇ ਬੁਲਾਰੇ ਨੇ ਕਿਹਾ ਕਿ ਅਜਿਹਾ ਐਮਾਜ਼ੋਨ ਡਾਟ ਸਪੀਕਰ ਵੱਲੋਂ ਪਤੀ-ਪਤਨੀ ਦੀ ਗੱਲਬਾਤ ਨੂੰ ਗਲਤ ਕਮਾਂਡ ਦੇ ਰੂਪ 'ਚ ਸਮਝੇ ਜਾਣ ਕਾਰਨ ਹੋਇਆ ਹੈ। ਬੁਲਾਰੇ ਨੇ ਕਿਹਾ ਕਿ ਇਸ ਘਟਨਾ ਨਾਲ ਜਾਸੂਸੀ ਦਾ ਕੋਈ ਸੰਬੰਧ ਨਹੀਂ ਹੈ। ਬੁਲਾਰੇ ਨੇ ਕਿਹਾ ਕਿ ਪਤੀ-ਪਤਨੀ ਦੀ ਗੱਲਬਾਤ 'ਚ ਕੋਈ ਸ਼ਬਦ ਅਜਿਹਾ ਸੀ ਜੋ ਅਲੈਕਸਾ ਡਾਟ ਸਪੀਕਰਸ ਦੀ ਕਮਾਂਡ 'ਚ ਮੌਜੂਦ ਸੀ। ਕੰਪਨੀ ਨੇ ਕਿਹਾ ਕਿ ਡਿਜੀਟਲ ਸਹਾਇਕ ਨੇ ਸੋਚਿਆ ਕਿ ਯੂਜ਼ਰ ਨੇ ਆਰਡਰ ਦਿੱਤਾ ਹੈ ਅਤੇ ਉਹ ਚਾਲੂ ਹੋ ਗਿਆ। ਯੂਜ਼ਰ ਦੀ ਗੱਲਬਾਤ ਦੌਰਾਨ ਅਲੈਕਸਾ ਨੂੰ ਗਲਤੀ ਨਾਲ 'ਸੈਂਡ ਮੈਸੇਜ' ਸੁਣਾਈ ਦਿੱਤਾ। ਪਿੱਛੇ ਚੱਲ ਰਹੀ ਗੱਲਬਾਤ ਦੇ ਆਧਾਰ 'ਤੇ ਉਸ ਨੇ 'ਕਾਨਟੈਕਟ ਲਿਸਟ' 'ਚੋਂ ਨਾਮ ਚੁਣਿਆ ਅਤੇ ਫਿਰ ਫਾਈਲ ਉਸ ਨੂੰ ਭੇਜ ਦਿੱਤੀ। ਐਮਾਜ਼ੋਨ ਨੇ ਕਿਹਾ ਕਿ ਕੰਪਨੀ ਇਸ 'ਤੇ ਕੰਮ ਕਰ ਰਹੀ ਹੈ, ਜਿਸ ਨਾਲ ਭਵਿੱਖ 'ਚ ਅਜਿਹੀ ਸਮੱਸਿਆ ਨਾ ਹੋਵੇ।