ਜੀਓ ਦੇ ਮੁਕਾਬਲੇ ਖੜ੍ਹੇ ਹੋ ਰਹੇ ਨੇ ਏਅਰਟੈੱਲ, ਵੋਡਾਫੋਨ

11/22/2017 12:26:48 PM

ਨਵੀਂ ਦਿੱਲੀ— ਦੂਰਸੰਚਾਰ ਇੰਡਸਟਰੀ ਲਈ ਮੁਸ਼ਕਲ ਵਕਤ ਹੁਣ ਸ਼ਾਇਦ ਖਤਮ ਹੋ ਰਿਹਾ ਹੈ ਕਿਉਂਕਿ ਤਿੰਨ ਦਿੱਗਜ ਦੂਰਸੰਚਾਰ ਕੰਪਨੀਆਂ ਨੇ ਅਕਤੂਬਰ 'ਚ ਤਕਰੀਬਨ 47.4 ਲੱਖ ਗਾਹਕ ਆਪਣੇ ਨਾਲ ਜੋੜੇ ਹਨ। ਇਕ ਮਹੀਨੇ ਨੂੰ ਛੱਡ ਦੇਈਏ ਤਾਂ ਭਾਰਤੀ ਏਅਰਟੈੱਲ ਲਗਾਤਾਰ ਗਾਹਕ ਜੋੜ ਰਿਹਾ ਹੈ। ਉੱਥੇ ਹੀ ਵੋਡਾਫੋਨ ਅਤੇ ਆਈਡੀਆ ਨਾਲ ਜੁੜ ਰਹੇ ਗਾਹਕਾਂ ਦੀ ਗਿਣਤੀ ਹਾਲਾਂਕਿ ਘੱਟ ਗਈ ਹੈ। ਅਕਤੂਬਰ 'ਚ ਏਅਰਟੈੱਲ ਨੇ 31.4 ਲੱਖ ਗਾਹਕ ਆਪਣੇ ਨਾਲ ਜੋੜੇ ਹਨ, ਜਦੋਂ ਕਿ ਵੋਡਾਫੋਨ ਨੇ 8 ਲੱਖ 79 ਹਜ਼ਾਰ 413 ਗਾਹਕ ਅਤੇ ਆਈਡੀਆ ਨੇ 7 ਲੱਖ 13 ਹਜ਼ਾਰ 408 ਗਾਹਕ ਜੋੜੇ।

ਸੀ. ਓ. ਏ. ਆਈ. ਨੇ ਰਿਪੋਰਟ 'ਚ ਕਿਹਾ ਹੈ ਕਿ ਭਾਰਤ 'ਚ ਨਿੱਜੀ ਖੇਤਰ ਦੇ ਦੂਰਸੰਚਾਰ ਸੇਵਾ ਪ੍ਰਦਾਤਾ ਕੰਪਨੀਆਂ ਕੋਲ 95.38 ਕਰੋੜ ਗਾਹਕ ਹਨ। ਇਸ 'ਚ ਰਿਲਾਇੰਸ ਜੀਓ ਅਤੇ ਐੱਮ. ਟੀ. ਐੱਨ. ਐੱਲ. ਦੇ ਅਗਸਤ 2017 ਦੇ ਅੰਕੜੇ ਸ਼ਾਮਲ ਹਨ। ਪੁਰਾਣੀ ਕੰਪਨੀਆਂ ਲਈ ਚੰਗੀ ਖਬਰ ਇਹ ਹੈ ਕਿ ਦੂਰਸੰਚਾਰ ਕੰਪਨੀਆਂ ਰਿਲਾਇੰਸ ਜੀਓ ਦੀ ਮੁਕਾਬਲੇਬਾਜ਼ੀ ਦੇ ਬਾਵਜੂਦ ਆਪਣਾ ਆਧਾਰ ਵਧਾਉਣ 'ਚ ਕਾਮਯਾਬ ਰਹੀਆਂ। ਰਿਲਾਇੰਸ ਜੀਓ ਅਜੇ ਵੀ ਹਰ ਮਹੀਨੇ ਸਭ ਤੋਂ ਵਧ ਗਾਹਕ ਜੋੜ ਰਿਹਾ ਹੈ ਪਰ ਹੁਣ ਇਹ ਗਿਣਤੀ ਘੱਟ ਰਹੀ ਹੈ। ਜੀਓ ਦੇ ਅਕਤੂਬਰ ਦੇ ਗਾਹਕ ਅੰਕੜੇ ਉਪਲੱਬਧ ਨਹੀਂ ਹਨ ਕਿਉਂਕਿ ਇਸ ਕੰਪਨੀ ਨੇ ਸੀ. ਓ. ਏ. ਆਈ. ਨੂੰ ਆਪਣੇ ਅੰਕੜੇ ਨਹੀਂ ਭੇਜੇ ਹਨ। ਕੰਪਨੀਆਂ 'ਚ ਭਾਰਤੀ ਏਅਰਟੈੱਲ ਮੋਹਰੀ ਬਣੀ ਹੋਈ ਹੈ ਅਤੇ ਇਸ ਕੋਲ 29.90 ਫੀਸਦੀ ਬਾਜ਼ਾਰ ਹਿੱਸੇਦਾਰੀ ਤੇ ਕੁੱਲ ਗਾਹਕ ਸੰਖਿਆ 28.52 ਕਰੋੜ ਹੈ। ਵੋਡਾਫੋਨ ਕੋਲ 20.83 ਕਰੋੜ ਗਾਹਕ ਅਤੇ 21.84 ਫੀਸਦੀ ਬਾਜ਼ਾਰ ਹਿੱਸੇਦਾਰੀ ਹੈ, ਜਦੋਂਕਿ ਆਈਡੀਆ ਦੇ 19.08 ਕਰੋੜ ਗਾਹਕ ਅਤੇ 20.01 ਫੀਸਦੀ ਬਾਜ਼ਾਰ ਹਿੱਸੇਦਾਰੀ ਹੈ।