Airtel ਨੇ ਨੀਲਾਮੀ ’ਚ 18,699 ਕਰੋੜ ਰੁਪਏ ਦਾ ਸਪੈਕਟ੍ਰਮ ਹਾਸਲ ਕੀਤਾ

03/02/2021 4:37:34 PM

ਨਵੀਂ ਦਿੱਲੀ (ਭਾਸ਼ਾ) – ਦੂਰਸੰਚਾਰ ਖੇਤਰ ਦੀ ਨਿੱਜੀ ਕੰਪਨੀ ਭਾਰਤੀ ਏਅਰਟੈੱਲ ਨੇ ਮੰਗਲਵਾਰ ਨੂੰ ਕਿਹਾ ਕਿ ਸਪੈਕਟ੍ਰਮ ਦੀ ਤਾਜ਼ਾ ਨੀਲਾਮੀ ’ਚ ਉਸ ਨੇ 18,699 ਕਰੋੜ ਰੁਪਏ ਦੀਆਂ ਰੇਡੀਓ ਤਰੰਗਾਂ ਦਾ ਐਕਵਾਇਰ ਕੀਤਾ ਹੈ। ਕੰਪਨੀ ਨੇ ਇਕ ਬਿਆਨ ’ਚ ਇਹ ਜਾਣਕਾਰੀ ਦਿੱਤੀ ਹੈ। ਉਸ ਨੇ ਕਿਹਾ ਕਿ ਕੰਪਨੀ ਨੇ 355.45 ਮੇਗਾਹਰਟਜ਼ ਸਪੈਕਟ੍ਰਮ, ਮਿਡ ਬੈਂਡ ਅਤੇ 2300 ਮੇਗਾਹਰਟਜ਼ ਬੈਂਡ ਦਾ ਐਕਵਾਇਰ ਕੀਤਾ ਹੈ। ਇਸ ਨਾਲ ਕੰਪਨੀ ਨੂੰ ਦੇਸ਼ ’ਚ ਸਭ ਤੋਂ ਮਜ਼ਬੂਤ ਸਪੈਕਟ੍ਰਮ ਹੋਲਡਿੰਗ ਪ੍ਰਾਪਤ ਹੋ ਗਈ ਹੈ।

ਕੰਪਨੀ ਨੇ ਕਿਹਾ ਕਿ ਇਸ ਕਾਰਣ ਉਸ ਨੂੰ ਭਵਿੱਖ ’ਚ 5ਜੀ ਸੇਵਾਵਾਂ ਮੁਹੱਈਆ ਕਰਵਾਉਣ ’ਚ ਸਫਲਤਾ ਮਿਲੇਗੀ। ਕੰਪਨੀ ਦਾ ਕਹਿਣਾ ਹੈ ਕਿ ਹੁਣ ਉਸ ਕੋਲ ਦੇਸ਼ ਭਰ ’ਚ ਗੀਗਾਹਰਟਜ਼ ਉੱਪ ਖੇਤਰ ’ਚ ਸਪੈਕਟ੍ਰਮ ਹਾਸਲ ਹੋ ਗਿਆ ਹੈ, ਜਿਸ ਨਾਲ ਹੁਣ ਸ਼ਹਿਰਾਂ ’ਚ ਉਸ ਦੀਆਂ ਸੇਵਾਵਾਂ ਘਰਾਂ ਦੇ ਅੰਦਰ ਅਤੇ ਭਵਨਾਂ ’ਚ ਵੀ ਚੰਗੀ ਕਵਰੇਜ਼ ਦੇ ਸਕਣਗੀਆਂ। ਇਸ ਤੋਂ ਇਲਾਵਾ ਇਸ ਸਪੈਕਟ੍ਰਮ ਨਾਲ ਕੰਪਨੀ ਦੀਆਂ ਦੂਰਸੰਚਾਰ ਸੇਵਾਵਾਂ ਪਿੰਡਾਂ ’ਚ ਵੀ ਬਿਹਤਰ ਹੋਣਗੀਆਂ।

ਇਹ ਵੀ ਪੜ੍ਹੋ : 5 ਸਾਲਾਂ ਮਗਰੋਂ ਸਪੈਕਟ੍ਰਮ ਦੀ ਨਿਲਾਮੀ ਸ਼ੁਰੂ, ਮਿਲੀ 77 ਹਜ਼ਾਰ ਕਰੋੜ ਤੋਂ ਵੱਧ ਦੀ ਬੋਲੀ

ਏਅਰਟੈੱਲ ਨੇ ਕਿਹਾ ਕਿ ਨੀਲਾਮੀ ’ਚ ਵੱਡੀ ਮਾਤਰਾ ’ਚ ਸਪੈਕਟ੍ਰਮ ਉਪਲਬਧ ਹੋਣ ਦੇ ਬਾਵਜੂਦ 700 ਮੇਗਾਹਰਟਜ਼ ਦੇ ਬੈਂਡ ’ਚ ਆਪ੍ਰੇਟਰਾਂ ਵਲੋਂ ਕੋਈ ਬੋਲੀ ਨਹੀਂ ਮਿਲੀ ਕਿਉਂਕਿ ਆਰਥਿਕ ਲਿਹਾਜ਼ ਨਾਲ ਇਹ ਬੈਂਡ ਉਨ੍ਹਾਂ ਲਈ ਲਾਹੇਵੰਦ ਨਹੀਂ ਬਣਦਾ ਹੈ। ਇਸ ਬੈਂਡ ਦਾ ਰਾਂਖਵਾਂ ਮੁੱਲ ਕਾਫੀ ਉੱਚਾ ਰੱਖਿਆ ਗਿਆ ਹੈ। ਭਾਰਤੀ ਏਅਰਟੈੱਲ ਦੇ ਭਾਰਤ ਅਤੇ ਦੱਖਣੀ ਏਸ਼ੀਆ ਖੇਤਰ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ. ਈ. ਓ. ਗੋਪਾਲ ਵਿੱਟਲ ਨੇ ਕਿਹਾ ਕਿ ਹੁਣ ਕੰਪਨੀ ਕੋਲ ਮਜ਼ਬੂਤ ਸਪੈਕਟ੍ਰਮ ਪੋਰਟਫੋਲੀਓ ਹੋ ਗਿਆ ਹੈ। ਇਸ ਨਾਲ ਭਾਰਤ ’ਚ ਕੰਪਨੀ ਆਪਣੇ ਗਾਹਕਾਂ ਨੂੰ ਸਭ ਤੋਂ ਬਿਹਤਰ ਮੋਬਾਈਲ ਬ੍ਰਾਡਬੈਂਡ ਦਾ ਤਜ਼ਰਬਾ ਹਾਸਲ ਕਰਵਾਉਣ ’ਚ ਸਫਲ ਹੋਵੇਗੀ।

ਇਹ ਵੀ ਪੜ੍ਹੋ : ਟਾਟਾ ਦੀ ਇਸ ਕਾਰ ਨੂੰ ਦਿੱਲੀ ਸਰਕਾਰ ਦਾ ਝਟਕਾ, ਬੰਦ ਹੋਵੇਗੀ ਸਬਸਿਡੀ

ਦੂਰਸੰਚਾਰ ਵਿਭਾਗ ਵਲੋਂ ਆਯੋਜਿਤ ਇਹ ਸਪੈਕਟ੍ਰਮ ਨੀਲਾਮੀ ਬੋਲੀ ਤੋਂ ਦੂਜੇ ਦਿਨ ਅੱਜ ਖਤਮ ਹੋ ਗਈ। ਇਸ ਨਾਲ ਕੁਲ ਸੱਤ ਬੈਂਡ ’ਚ ਚਾਰ ਲੱਖ ਕਰੋੜ ਰੁਪਏ ਦੇ 2,308.80 ਮੇਗਾਹਰਟਜ਼ ਸਪੈਕਟ੍ਰਮ ਨੂੰ ਨੀਲਾਮੀ ਲਈ ਰੱਖਿਆ ਗਿਆ ਸੀ। ਨੀਲਾਮੀ ਦੇ ਪਹਿਲੇ ਦਿਨ ਕੁਲ 77,146 ਕਰੋੜ ਰੁਪਏ ਦੀਆਂ ਬੋਲੀਆਂ ਪ੍ਰਾਪਤ ਹੋਈਆਂ। ਇਸ ’ਚ ਰਿਲਾਇੰਸ ਜੀਓ, ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਨੇ ਵੀ ਹਿੱਸਾ ਲਿਆ। ਸਰਕਾਰ ਨੇ ਪ੍ਰਾਪਤ ਬੋਲੀਆਂ ’ਤੇ ਕਿਹਾ ਕਿ ਇਹ ਉਮੀਦ ਤੋਂ ਬਿਹਤਰ ਰਹੀ ਹੈ।

ਇਹ ਵੀ ਪੜ੍ਹੋ : ਨਵੇਂ ਸੋਸ਼ਲ ਮੀਡੀਆ ਨਿਯਮਾਂ ਨਾਲ ਵਧੇਗੀ ਪਾਲਣਾ ਲਾਗਤ, ਛੋਟੀਆਂ ਕੰਪਨੀਆਂ ਲਈ ਹੋਵੇਗੀ ਮੁਸ਼ਕਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur