ਏਅਰ ਇੰਡੀਆ ਲਈ ਬੋਲੀ ਜਮ੍ਹਾ ਕਰਵਾਉਣ ਦੀ ਤਾਰੀਕ 30 ਅਪ੍ਰੈਲ ਤੱਕ ਵਧੀ

03/13/2020 2:42:59 PM

ਨਵੀਂ ਦਿੱਲੀ—ਏਅਰ ਇੰਡੀਆ ਖਰੀਦਣ ਦੀਆਂ ਇਛੁੱਕ ਕੰਪਨੀਆਂ ਲਈ ਸਰਕਾਰ ਨੇ ਬੋਲੀਆਂ ਜਮ੍ਹਾ ਕਰਵਾਉਣ ਦੀ ਆਖਿਰੀ ਤਾਰੀਕ 17 ਮਾਰਚ ਤੋਂ ਵਧਾ ਕੇ 30 ਅਪ੍ਰੈਲ ਕਰ ਦਿੱਤੀ ਹੈ। ਇਸ ਸੰਬੰਧ 'ਚ ਸ਼ੁੱਕਰਵਾਰ ਨੂੰ ਇਕ ਸੂਚਨਾ ਜਾਰੀ ਕੀਤੀ ਗਈ। ਏਅਰ ਇੰਡੀਆ ਦੇ ਵਿਨਿਵੇਸ਼ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਤਾ 'ਚ ਬਣਾਏ ਗਏ ਮੰਤਰੀ ਗਰੁੱਪ ਨੇ ਅੰਤਿਮ ਤਾਰੀਕ ਵਧਾਉਣ ਦਾ ਫੈਸਲਾ ਕੀਤਾ ਹੈ। ਸੰਭਾਵਿਤ ਖਰੀਦਾਰਾਂ ਲਈ ਰੂਚੀ ਪੱਤਰ (ਬੋਲੀਆਂ) ਜਮ੍ਹਾ ਕਰਵਾਉਣ ਦੀ ਅੰਤਿਮ ਤਾਰੀਕ ਵਧਾ ਕੇ 30 ਅਪ੍ਰੈਲ ਕਰ ਦਿੱਤੀ ਗਈ ਹੈ।
ਨਿਵੇਸ਼ ਅਤੇ ਲੋਕ ਪਰਿਸੰਪਤੀ ਪ੍ਰਬੰਧਨ ਵਿਭਾਗ (ਦੀਪਮ) ਨੇ ਇਕ ਸੂਚਨਾ 'ਚ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਸਥਿਤੀ ਨੂੰ ਧਿਆਨ 'ਚ ਰੱਖਦੇ ਹੋਏ ਹੋਰ ਸੰਭਾਵਿਤ ਖਰੀਦਾਰਾਂ ਦੇ ਅਨੁਰੋਧ 'ਤੇ ਗੌਰ ਕਰਦੇ ਹੋਏ ਆਖਰੀ ਤਾਰੀਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਫਰਵਰੀ 'ਚ ਇਛੁੱਕ ਖਰੀਦਾਰ ਕੰਪਨੀਆਂ ਜਾਂ ਕੰਪਨੀ ਗਰੁੱਪਾਂ ਨੂੰ ਏਅਰ ਇੰਡੀਆ ਦੇ 'ਵਰਚੁਅਲ ਡਾਟਾ' ਤੱਕ ਪਹੁੰਚ ਉਪਲੱਬਧ ਕਰਵਾਈ ਸੀ ਅਤੇ ਇਨ੍ਹਾਂ ਨੂੰ ਇਸ ਨਾਲ ਜੁੜੇ ਸਵਾਲ-ਜਵਾਬ ਲਈ ਛੇ ਮਾਰਚ ਤੱਕ ਦਾ ਸਮਾਂ ਦਿੱਤਾ ਸੀ।
ਸਰਕਾਰ ਨੇ ਏਅਰ ਇੰਡੀਆ 'ਚ 100 ਫੀਸਦੀ ਹਿੱਸੇਦਾਰੀ ਵੇਚਣ ਲਈ 27 ਜਨਵਰੀ ਨੂੰ ਇਕ ਸ਼ੁਰੂਆਤ ਸੂਚਨਾ ਗਿਆਪਨ ਜਾਰੀ ਕੀਤਾ ਸੀ। ਇਸ 'ਚ ਏਅਰ ਇੰਡੀਆ ਦੀ 100 ਫੀਸਦੀ ਹਿੱਸੇਦਾਰੀ ਦੇ ਨਾਲ ਏਅਰ ਇੰਡੀਆ ਐਕਸਪ੍ਰੈੱਸ ਲਿਮਟਿਡ 'ਚ ਉਸ ਦੀ 100 ਫੀਸਦੀ ਅਤੇ ਸਿੰਗਾਪੁਰ ਦੀ ਕੰਪਨੀ ਦੇ ਨਾਲ ਸੰਯੁਕਤ ਉਪਕਰਮ ਏਅਰ ਇੰਡੀਆ ਸੈਂਟਸ ਏਅਰਪੋਰਟ ਸਰਵਿਸੇਸ ਪ੍ਰਾਈਵੇਟ ਲਿਮਟਿਡ 'ਚ 50 ਫੀਸਦੀ ਹਿੱਸੇਦਾਰੀ ਦੀ ਵਿਕਰੀ ਵੀ ਸ਼ਾਮਲ ਹੈ।

Aarti dhillon

This news is Content Editor Aarti dhillon