Air India ਦੀਆਂ ਹਾਂਗਕਾਂਗ ਲਈ ਉਡਾਣਾਂ ਰੱਦ, ਲੈ ਸਕਦੇ ਹੋ ਪੂਰਾ ਰਿਫੰਡ

08/14/2019 3:45:16 PM

ਨਵੀਂ ਦਿੱਲੀ— ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਨੇ ਹਾਂਗਕਾਂਗ ਲਈ ਫਲਾਈਟਸ ਨੂੰ ਫਿਲਹਾਲ ਲਈ ਰੱਦ ਕਰ ਦਿੱਤਾ ਹੈ। ਹਾਂਗਕਾਂਗ 'ਚ ਹੋ ਰਹੇ ਪ੍ਰਦਰਸ਼ਨਾਂ ਕਾਰਨ ਉੱਥੋਂ ਦੇ ਕੌਮਾਂਤਰੀ ਹਵਾਈ ਅੱਡੇ ਦਾ ਕੰਮਕਾਜ ਪ੍ਰਭਾਵਿਤ ਹੋਣ ਨਾਲ ਪਹਿਲਾਂ ਸੋਮਵਾਰ ਤੇ ਫਿਰ ਮੰਗਲਵਾਰ ਸ਼ਾਮ ਨੂੰ ਕਈ ਯਾਤਰੀ ਉਡਾਣਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਹਾਲਾਤ ਨੂੰ ਦੇਖਦੇ ਹੋਏ ਏਅਰ ਇੰਡੀਆ ਨੇ ਅਗਲੀ ਸੂਚਨਾ ਤਕ ਹਾਂਗਕਾਂਗ ਲਈ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ।
 

 

ਬੀਤੀ ਸ਼ਾਮ ਹਾਂਗਕਾਂਗ ਕੌਮਾਂਤਰੀ ਹਵਾਈ ਅੱਡਾ ਨੇ ਸਾਰੇ ਓਪਰੇਸ਼ਨ ਰੱਦ ਕਰ ਦਿੱਤੇ ਸਨ। ਕੈਥੇ ਪੈਸੀਫਿਕ, ਏਅਰ ਇੰਡੀਆ, ਇੰਡੀਗੋ ਤੇ ਸਪਾਈਸ ਜੈੱਟ ਭਾਰਤੀ ਸ਼ਹਿਰਾਂ ਅਤੇ ਹਾਂਗਕਾਂਗ ਵਿਚਕਾਰ ਲਗਭਗ 75 ਹਫਤਾਵਾਰੀ ਉਡਾਣਾਂ ਚਲਾਉਂਦੇ ਹਨ। ਬਹੁਤ ਸਾਰੇ ਲੋਕ ਜੋ ਹਾਂਗਕਾਂਗ ਦੇ ਰਸਤਿਓਂ ਯੂ. ਐੱਸ. ਅਤੇ ਆਸਟ੍ਰੇਲੀਆ ਜਾਣ ਵਾਲੇ ਸਨ ਉਹ ਹੁਣ ਬਦਲਵੇਂ ਮਾਰਗਾਂ ਦੀ ਫਲਾਈਟ ਬੁੱਕ ਕਰ ਰਹੇ ਹਨ।

ਹਾਂਗਕਾਂਗ ਲਈ ਬੁਕਿੰਗ ਰੱਦ ਕਰਨ 'ਤੇ ਕਈ ਹਵਾਬਾਜ਼ੀ ਫਰਮਾਂ ਵੱਲੋਂ ਮੁਸਾਫਰਾਂ ਨੂੰ ਪੂਰਾ ਰਿਫੰਡ ਦਿੱਤਾ ਜਾ ਰਿਹਾ ਹੈ ਅਤੇ ਇਸ ਕਿਰਾਏ 'ਤੇ ਦੁਬਾਰਾ ਬੁਕਿੰਗ ਦੀ ਵੀ ਮਨਜ਼ੂਰੀ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬਹੁਤ ਸਾਰੇ ਭਾਰਤੀ ਹਰ ਸਾਲ ਹਾਂਗਕਾਂਗ ਘੁੰਮਣ ਲਈ ਜਾਂਦੇ ਹਨ। ਇਸ ਸਾਲ ਜਨਵਰੀ ਅਤੇ ਜੂਨ ਵਿਚਕਾਰ 2,08,780 ਭਾਰਤੀ ਵਿਜ਼ਿਟਰ ਨੇ ਹਾਂਗਕਾਂਗ ਦਾ ਸਫਰ ਕੀਤਾ ਹੈ, ਜੋ ਪਿਛਲੇ ਸਾਲ ਨਾਲੋਂ 2.2 ਫੀਸਦੀ ਵੱਧ ਹਨ। ਮੌਜੂਦਾ ਸਮੇਂ ਹਾਂਗਕਾਂਗ 'ਚ ਸਥਿਤੀ ਨਾਜ਼ੁਕ ਹੈ। ਹਾਂਗਕਾਂਗ ਸਰਕਾਰ ਵਿਰੁੱਧ ਲੱਖਾਂ ਪ੍ਰਦਰਸ਼ਨਕਾਰੀ ਵਿਦਰੋਹ ਕਰ ਰਹੇ ਹਨ।