ਇਜ਼ਰਾਇਲ ਘੁੰਮਣ ਦੇ ਸ਼ੌਕੀਨਾਂ ਲਈ ਖੁਸ਼ਖਬਰੀ, AIR INDIA ਨੇ ਦਿੱਤਾ ਵੱਡਾ ਤੋਹਫਾ

01/27/2020 3:03:51 PM

ਨਵੀਂ ਦਿੱਲੀ— ਇਜ਼ਰਾਇਲ ਦਾ ਸਫਰ ਕਰਨ ਵਾਲੇ ਹਵਾਈ ਮੁਸਾਫਰਾਂ ਲਈ ਖੁਸ਼ਖਬਰੀ ਹੈ। ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਇਜ਼ਰਾਇਲ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ 'ਤੇਲ ਅਵੀਵ' ਲਈ ਫਲਾਈਟਸ ਦੀ ਗਿਣਤੀ ਦੁੱਗਣੀ ਕਰਨ ਜਾ ਰਹੀ ਹੈ। ਇਜ਼ਰਾਇਲ ਜਾਣ ਲਈ ਹੁਣ ਤੁਹਾਨੂੰ ਵਾਰੀ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ ਸੀਟ ਦੀ ਬੁਕਿੰਗ ਦੇ ਨਾਲ ਯਾਤਰਾ ਜਲਦ ਸੰਭਵ ਹੋ ਸਕੇਗੀ। ਹੁਣ ਤੱਕ ਏਅਰ ਇੰਡੀਆ ਇਸ ਮਾਰਗ 'ਤੇ ਹਫਤੇ 'ਚ 3 ਫਲਾਈਟਸ ਚਲਾ ਰਹੀ ਹੈ, ਜਦੋਂ ਕਿ 1 ਅਪ੍ਰੈਲ ਤੋਂ ਇਸ ਦੀ ਗਿਣਤੀ 6 ਹੋ ਜਾਵੇਗੀ।

 

ਜ਼ਿਕਰਯੋਗ ਹੈ ਕਿ ਏਅਰ ਇੰਡੀਆ ਨੇ ਮਾਰਚ 2018 'ਚ ਸਾਊਦੀ ਤੇ ਓਮਾਨ ਤੋਂ ਹੁੰਦੇ ਹੋਏ ਇਜ਼ਰਾਇਲ ਲਈ ਪਹਿਲੀ ਤੇ ਇਤਿਹਾਸਕ ਸਿੱਧੀ ਉਡਾਣ ਸ਼ੁਰੂ ਕੀਤੀ ਸੀ। ਕੂਟਨੀਤਕ ਸਫਲਤਾ ਦੇ ਮੱਦੇਨਜ਼ਰ ਸਾਊਦੀ ਤੇ ਓਮਾਨ ਦੇ ਹਵਾਈ ਖੇਤਰ 'ਚੋਂ ਲੰਘਣ ਦੀ ਇਜਾਜ਼ਤ ਮਿਲਣ ਨਾਲ ਸਫਰ 'ਚ ਤਕਰੀਬਨ ਦੋ ਘੰਟੇ ਦੀ ਕਮੀ ਹੋਣ ਦੇ ਨਾਲ ਈਂਧਣ ਦੀ ਖਪਤ 'ਚ ਬਚਤ ਹੋ ਰਹੀ ਹੈ, ਜਿਸ ਦਾ ਫਾਇਦਾ ਮੁਸਾਫਰਾਂ ਨੂੰ ਕਿਰਾਇਆਂ 'ਚ ਕਮੀ ਦੇ ਰੂਪ 'ਚ ਮਿਲ ਰਿਹਾ ਹੈ, ਯਾਨੀ ਸਾਊਦੀ ਤੇ ਓਮਾਨ ਦੇ ਹਵਾਈ ਖੇਤਰ 'ਚੋਂ ਲੰਘਣ ਕਾਰਨ ਇਜ਼ਰਾਇਲ ਦੀ ਯਾਤਰਾ ਸਸਤੀ ਪੈ ਰਹੀ ਹੈ।

ਇਸ ਮਾਰਗ 'ਤੇ ਫਲਾਈਟਸ ਦੀ ਗਿਣਤੀ ਵਧਾਉਣ ਦੀ ਜਾਣਕਾਰੀ ਇਜ਼ਰਾਈਲ 'ਚ ਭਾਰਤੀ ਰਾਜਦੂਤ ਸੰਜੀਵ ਸਿੰਗਲਾ ਨੇ ਦਿੱਤੀ। ਉਨ੍ਹਾਂ ਕਿਹਾ, ''ਅਪ੍ਰੈਲ ਤੋਂ ਤੇਲ ਅਵੀਵ-ਨਵੀਂ ਦਿੱਲੀ ਮਾਰਗ 'ਤੇ ਏਅਰ ਇੰਡੀਆ ਦੀਆਂ ਹਫਤਾਵਾਰੀ ਉਡਾਣਾਂ ਦੀ ਗਿਣਤੀ ਛੇ ਹੋ ਜਾਵੇਗੀ। ਸਿੱਧੀ ਉਡਾਣ ਨਾਲ ਸੈਰ-ਸਪਾਟਾ ਵਧਿਆ ਹੈ ਅਤੇ ਵਪਾਰੀਆਂ ਨੂੰ ਵੀ ਸਹੂਲਤ ਉਪਲੱਬਧ ਹੋਈ ਹੈ।''