ਪਿਆਜ਼ ਤੋਂ ਬਾਅਦ ਟਮਾਟਰ ਹੋਇਆ ਮਹਿੰਗਾ, 10 ਦਿਨਾਂ 'ਚ ਡੇਢ ਗੁਣਾ ਵਧੇ ਭਾਅ

10/05/2019 2:54:53 PM

ਨਵੀਂ ਦਿੱਲੀ — ਪਿਆਜ਼ ਦੇ ਬਾਅਦ ਹੁਣ ਟਮਾਟਰਾਂ ਦੀਆਂ ਕੀਮਤਾਂ 'ਚ ਅੱਗ ਲੱਗ ਗਈ ਹੈ। ਨੌਰਾਤੇ ਸ਼ੁਰੂ ਹੋਣ ਤੋਂ ਪਹਿਲਾਂ 30 ਤੋਂ 40 ਰੁਪਏ ਪ੍ਰਤੀ ਕਿਲੋ ਮਿਲਣ ਵਾਲੇ ਟਮਾਟਰਾਂ ਦਾ ਭਾਅ ਦੁੱਗਣਾ ਹੋ ਗਿਆ ਹੈ। ਹਾਲਾਂਕਿ ਸਰਕਾਰ ਨੇ ਪਿਆਜ਼ ਦੀ ਮਹਿੰਗਾਈ ਕਾਰਨ ਇਸ ਦਾ ਨਿਰਯਾਤ ਬੰਦ ਕਰਕੇ ਕੀਮਤਾਂ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਤਾਂ ਕੀਤੀ ਹੈ ਪਰ ਹੁਣ ਟਮਾਟਰ ਦੇ ਭਾਅ ਬੇਕਾਬੂ ਹੋ ਗਏ ਹਨ।

ਬੀਤੇ 10 ਦਿਨਾਂ 'ਚ ਦੇਸ਼ ਦੀ ਰਾਜਧਾਨੀ ਦਿੱਲੀ 'ਚ ਟਮਾਟਰ ਦੀਆਂ ਕੀਮਤਾਂ ਡੇਢ ਗੁਣਾ ਵਧ ਗਈਆਂ ਹਨ ਜਦੋਂਕਿ ਇਨ੍ਹਾਂ 15 ਦਿਨਾਂ 'ਚ ਟਮਾਟਰਾਂ ਦੇ ਭਾਅ ਦੁੱਗਣੇ ਤੋਂ ਵੀ ਜ਼ਿਆਦਾ ਹੋ ਗਏ ਹਨ। ਦਿੱਲੀ 'ਚ ਲੋਕਾਂ ਨੂੰ ਇਕ ਕਿਲੋ ਟਮਾਟਰ ਲਈ 80 ਰੁਪਏ ਤੋਂ ਜ਼ਿਆਦਾ ਕੀਮਤ ਦਾ ਭੁਗਤਾਨ ਕਰਨਾ ਪੈ ਰਿਹਾ ਹੈ ਜਦੋਂਕਿ 15 ਦਿਨ ਪਹਿਲਾਂ ਇਨ੍ਹਾਂ ਦੀ ਕੀਮਤ 30 ਤੋਂ 40 ਰੁਪਏ ਕਿਲੋ ਸੀ।

ਨਿਰਯਾਤ 'ਤੇ ਰੋਕ

ਪਿਆਜ ਦੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ ਸਰਕਾਰ ਨੇ ਜਿਸ ਸਮੇਂ ਤੋਂ ਨਿਰਯਾਤ 'ਤੇ ਰੋਕ ਲਗਾਈ ਹੈ ਅਤੇ ਥੋਕ-ਖੁਦਰਾ ਕਾਰੋਬਾਰੀਆਂ ਲਈ ਸਟਾਕ ਦੀ ਹੱਦ ਤੈਅ ਕੀਤੀ ਹੈ ਉਸ ਸਮੇਂ ਤੋਂ ਬਾਅਦ ਪਿਆਜ਼ ਦੀਆਂ ਕੀਮਤਾਂ 'ਚ ਕਮੀ ਆਈ ਹੈ।

ਬਾਰਿਸ਼ 'ਚ ਟਮਾਟਰ ਨੂੰ ਨੁਕਸਾਨ

ਕਾਰੋਬਾਰੀਆਂ ਨੇ ਦੱਸਿਆ ਕਿ ਮਾਨਸੂਨ ਸੀਜ਼ਨ ਦੇ ਆਖਿਰ 'ਚ ਦੇਸ਼ ਭਰ 'ਚ ਹੋਈ ਬਾਰਿਸ਼ ਕਾਰਨ ਟਮਾਟਰ ਦੀ ਫਸਲ ਨੂੰ ਭਾਰੀ ਨੁਕਸਾਨ ਹੋਇਆ ਹੈ। ਦਿੱਲੀ ਆਜ਼ਾਦਪੁਰ ਮੰਡੀ ਦੇ ਕਾਰੋਬਾਰੀ ਮਿੰਟੋ ਚੌਹਾਨ ਨੇ ਦੱਸਿਆ ਕਿ ਬਾਰਿਸ਼ ਦੇ ਕਾਰਨ ਟਮਾਟਰ ਰਿਹਾ ਹੈ। ਇਸ ਕਾਰਨ ਕੀਮਤਾਂ 'ਚ ਵਾਧਾ ਹੋ ਰਿਹਾ ਹੈ। ਆਜ਼ਾਦਪੁਰ ਮੰਡੀ 'ਚ ਸ਼ੁੱਕਰਵਾਰ ਨੂੰ ਟਮਾਟਰ ਦਾ ਥੋਕ ਭਾਅ 700-1000 ਰੁਪਏ ਪ੍ਰਤੀ ਪੈਕੇਟ(ਇਕ ਪੈਕੇਟ 25 ਰੁਪਏ ਕਿਲੋ)ਸੀ।

ਆਜ਼ਾਦਪੁਰ ਮੰਡੀ

ਆਜ਼ਾਦਪੁਰ ਮੰਡੀ ਐਗਰੀਕਲਚਰ ਪ੍ਰੋਡਿਊਸ ਮਾਰਕਿਟ ਕਮੇਟੀ(APMC) ਦੀ ਕੀਮਤ ਸੂਚੀ ਅਨੁਸਾਰ, ਸ਼ੁੱਕਰਵਾਰ ਨੂੰ ਦਿੱਲੀ 'ਚ ਟਮਾਟਰ ਦਾ ਥੋਕ ਭਾਅ 12-46 ਪ੍ਰਤੀ ਪ੍ਰਤੀ ਕਿਲੋ ਸੀ ਅਤੇ ਆਮਦ 556.4 ਟਨ ਸੀ।

ਸਤੰਬਰ 'ਚ ਭਾਅ

25 ਸਤੰਬਰ ਨੂੰ ਆਜ਼ਾਦਪੁਰ ਏ.ਪੀ.ਐਮ.ਸੀ. ਦੀ ਕੀਮਤ ਸੂਚੀ ਅਨੁਸਾਰ ਟਮਾਟਰ ਦਾ ਥੋਕ ਭਾਅ 8 ਰੁਪਏ ਤੋਂ ਲੈ ਕੇ 34 ਰੁਪਏ ਪ੍ਰਤੀ ਕਿਲੋ ਸੀ ਅਤੇ ਆਮਦ 560.3 ਟਨ ਸੀ। 15 ਦਿਨ ਪਹਿਲਾਂ 19 ਸਤੰਬਰ ਨੂੰ ਦਿੱਲੀ 'ਚ ਏ.ਪੀ.ਐਮ.ਸੀ. ਦੇ ਭਾਅ ਅਨੁਸਾਰ, ਟਮਾਟਰ ਦਾ ਥੋਕ ਭਾਅ 4.50-20 ਰੁਪਏ ਪ੍ਰਤੀ ਕਿਲੋ ਸੀ ਜਦੋਂਕਿ ਆਮਦ 1,700 ਟਨ ਸੀ।

ਮਹਾਰਾਸ਼ਟਰ ਤੋਂ ਆ ਰਿਹਾ ਟਮਾਟਰ

ਦਿੱਲੀ 'ਚ ਇਸ ਸਮੇਂ ਟਮਾਟਰ ਮਹਾਰਾਸ਼ਟਰ, ਕਰਨਾਟਕ ਅਤੇ ਹਿਮਾਚਲ ਪ੍ਰਦੇਸ਼ ਤੋਂ ਆ ਰਿਹਾ ਹੈ। ਕਾਰੋਬਾਰੀਆਂ ਨੇ ਦੱਸਿਆ ਕਿ ਕਰਨਾਟਕ ਅਤੇ ਮਹਾਰਾਸ਼ਟਰ 'ਚ ਹੋਈ ਭਾਰੀ ਬਾਰਿਸ਼ ਕਾਰਨ ਫਸਲ ਖਰਾਬ ਹੋ ਗਈ ਹੈ, ਜਿਸ ਕਾਰਨ ਟਮਾਟਰ ਦੀ ਆਮਦ ਕਮਜ਼ੋਰ ਹੋਈ ਹੈ।