3 ਹਵਾਈ ਅੱਡਿਆਂ ਦਾ ਸੰਚਾਲਨ ਕਰੇਗਾ ਅਡਾਨੀ ਸਮੂਹ

02/15/2020 1:54:19 AM

ਨਵੀਂ ਦਿੱਲੀ (ਯੂ. ਐੱਨ. ਆਈ.)-ਅਹਿਮਦਾਬਾਦ, ਲਖਨਊ ਅਤੇ ਮੇਂਗਲੁਰੂ ਹਵਾਈ ਅੱਡਿਆਂ ਦਾ ਸੰਚਾਲਨ ਅਧਿਕਾਰ 50 ਸਾਲ ਲਈ ਅਡਾਨੀ ਸਮੂਹ ਨੂੰ ਮਿਲ ਗਿਆ ਹੈ। ਭਾਰਤੀ ਹਵਾਈ ਅੱਡਾ ਅਥਾਰਟੀ (ਏ. ਏ. ਆਈ.) ਨੇ ਅੱਜ ਦੱਸਿਆ ਕਿ ਅਡਾਨੀ ਸਮੂਹ ਦੀਆਂ ਇਕਾਈਆਂ ਨਾਲ ਤਿੰਨਾਂ ਹਵਾਈ ਅੱਡਿਆਂ ਲਈ ਅੱਜ ਕੰਸੈਸ਼ਨ ਸਮਝੌਤਿਆਂ ’ਤੇ ਹਸਤਾਖਰ ਕੀਤੇ ਗਏ। ਇਨ੍ਹਾਂ ਹਵਾਈ ਅੱਡਿਆਂ ਦਾ ਸੰਚਾਲਨ ਨਿੱਜੀ-ਜਨਤਕ ਹਿੱਸੇਦਾਰੀ ਦੇ ਆਧਾਰ ’ਤੇ ਕੀਤਾ ਜਾਵੇਗਾ। ਅਡਾਨੀ ਸਮੂਹ ਕੋਲ ਹਵਾਈ ਅੱਡਿਆਂ ਦੇ ਸੰਚਾਲਨ, ਪ੍ਰਬੰਧਨ ਅਤੇ ਵਿਕਾਸ ਦਾ ਅਧਿਕਾਰ ਹੋਵੇਗਾ। ਇਨ੍ਹਾਂ ਹਵਾਈ ਅੱਡਿਆਂ ਤੋਂ ਪ੍ਰਾਪਤ ਕਮਾਈ ’ਤੇ ਕੰਪਨੀ ਦਾ ਅਧਿਕਾਰ ਹੋਵੇਗਾ।

ਅਡਾਨੀ ਸਮੂਹ ਨੇ ਪਹਿਲੀ ਵਾਰ ਹਵਾਈ ਅੱਡਾ ਖੇਤਰ ਦੇ ਕਾਰੋਬਾਰ ’ਚ ਕਦਮ ਰੱਖਿਆ ਹੈ। ਉਸ ਨੇ ਦੱਸਿਆ ਕਿ ਉਸ ਦੀਆਂ ਇਕਾਈਆਂ ਅਡਾਨੀ ਲਖਨਊ ਹਵਾਈ ਅੱਡਾ ਲਿਮਟਿਡ, ਅਡਾਨੀ ਅਹਿਮਦਾਬਾਦ ਕੌਮਾਂਤਰੀ ਹਵਾਈ ਅੱਡਾ ਲਿਮਟਿਡ ਅਤੇ ਅਡਾਨੀ ਮੇਂਗਲੁਰੂ ਹਵਾਈ ਅੱਡਾ ਲਿਮਟਿਡ ਨੇ ਤਿੰਨਾਂ ਹਵਾਈ ਅੱਡਿਆਂ ਲਈ ਸਬੰਧਤ ਵੱਖ-ਵੱਖ ਸਮਝੌਤਿਆਂ ’ਤੇ ਹਸਤਾਖਰ ਕੀਤੇ। ਇਹ ਸਮਝੌਤਾ 50 ਸਾਲ ਲਈ ਕੀਤਾ ਗਿਆ ਹੈ।

ਏ. ਏ. ਆਈ. ਨੇ ਪਿਛਲੇ ਸਾਲ 6 ਹਵਾਈ ਅੱਡਿਆਂ ਦਾ ਸੰਚਾਲਨ ਨਿੱਜੀ-ਜਨਤਕ ਹਿੱਸੇਦਾਰੀ ਦੇ ਤਹਿਤ ਨਿੱਜੀ ਕੰਪਨੀਆਂ ਨੂੰ ਸੌਂਪਣ ਲਈ ਟੈਂਡਰ ਜਾਰੀ ਕੀਤੇ ਸੀ। ਇਨ੍ਹਾਂ ’ਚ ਅਹਿਮਦਾਬਾਦ, ਲਖਨਊ ਅਤੇ ਮੇਂਗਲੁਰੂ ਤੋਂ ਇਲਾਵਾ ਜੈਪੁਰ, ਗੁਹਾਟੀ ਅਤੇ ਤ੍ਰਿਵੇਂਦਰਮ ਹਵਾਈ ਅੱਡੇ ਸ਼ਾਮਲ ਸਨ। ਸਾਰੇ 6 ਹਵਾਈ ਅੱਡਿਆਂ ਲਈ ਅਡਾਨੀ ਸਮੂਹ ਸਫਲ ਬੋਲੀਦਾਤਾ ਰਿਹਾ ਸੀ। ਇਨ੍ਹਾਂ ’ਚ 3 ਹਵਾਈ ਅੱਡੀਆਂ ਲਈ ਅੱਜ ਸਮਝੌਤੇ ’ਤੇ ਹਸਤਾਖਰ ਹੋਏ।

Karan Kumar

This news is Content Editor Karan Kumar