ਅਡਾਨੀ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ, ਮੂਡੀਜ਼ ਨੇ ਕਿਹਾ-ਪੈਸਾ ਜੁਟਾਉਣ ’ਚ ਹੋਵੇਗੀ ਦਿੱਕਤ

02/04/2023 10:22:01 AM

ਨਵੀਂ ਦਿੱਲੀ–ਮੂਡੀਜ਼ ਇਨਵੈਸਟਰਸ ਸਰਵਿਸ ਨੇ ਅਪੀਲ ਕੀਤੀ ਕਿ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ ਕਾਰਣ ਪੂੰਜੀ ਜੁਟਾਉਣ ਦੀ ਸਮੂਹ ਦੀ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ। ਹਾਲਾਂਕਿ ਇਕ ਹੋਰ ਰੇਟਿੰਗ ਏਜੰਸੀ ਫਿਚ ਨੇ ਕਿਹਾ ਕਿ ਅਡਾਨੀ ਦੀਆਂ ਕੰਪਨੀਆਂ ਨੂੰ ਲੈ ਕੇ ਹਾਲੇ ਉਸ ਦੀ ਰੇਟਿੰਗ ਪ੍ਰਭਾਵਿਤ ਨਹੀਂ ਹੋਵੇਗੀ।
ਅਮਰੀਕੀ ਰਿਸਰਚ ਕੰਪਨੀ ਹਿੰਡਨਬਰਗ ਨੇ ਅਡਾਨੀ ਦੀ ਅਗਵਾਈ ਵਾਲੇ ਸਮੂਹ ’ਤੇ ਸ਼ੇਅਰਾਂ ’ਚ ਗੜਬੜੀ ਅਤੇ ਧੋਖਾਦੇਹੀ ’ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਕੰਪਨੀ ਦੇ ਇਸ ਦੋਸ਼ ਤੋਂ ਬਾਅਦ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਲਗਾਤਾਰ ਗਿਰਾਵਟ ਆ ਰਹੀ ਹੈ। ਹਾਲਾਂਕਿ ਅਡਾਨੀ ਸਮੂਹ ਨੇ ਅਜਿਹੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਪਰ ਲਗਭਗ ਇਕ ਹਫਤੇ ’ਚ ਅਡਾਨੀ ਸਮੂਹ ਦੀਆਂ ਲਿਸਟਿਡ ਕੰਪਨੀਆਂ ਦਾ ਮੁੱਲ 100 ਅਰਬ ਡਾਲਰ ਤੋਂ ਵੀ ਵੱਧ ਘਟ ਗਿਆ ਹੈ।

ਇਹ ਵੀ ਪੜ੍ਹੋ- Big Breaking : ਅਮੂਲ ਤੋਂ ਬਾਅਦ ਵੇਰਕਾ ਨੇ ਵੀ ਵਧਾਈਆਂ ਦੁੱਧ ਦੀਆਂ ਕੀਮਤਾਂ
ਕਰਜ਼ੇ ਦੀ ਅਦਾਇਗੀ ਲਈ ਪੂੰਜੀ ਜੁਟਾਉਣ ਦੀ ਸਮਰੱਥਾ ਘਟੇਗੀ
ਮੂਡੀਜ਼ ਨੇ ਕਿਹਾ ਕਿ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰ ਮੁੱਲ ’ਚ ਆਈ ਵੱਡੀ ਅਤੇ ਤੇਜ਼ ਗਿਰਾਵਟ ਤੋਂ ਬਾਅਦ ਉਨ੍ਹਾਂ ਦੀ ਨਜ਼ਰ ਸਾਰੇ ਮਾਮਲੇ ’ਤੇ ਹੈ। ਸਾਡਾ ਧਿਆਨ ਰੇਟਿੰਗ ’ਚ ਸ਼ਾਮਲ ਸਮੂਹ ਦੀਆਂ ਕੰਪਨੀਆਂ ਕੋਲ ਨਕਦੀ ਦੀ ਸਥਿਤੀ ਸਮੇਤ ਉਨ੍ਹਾਂ ਦੀ ਵਿੱਤੀ ਸਮਰੱਥਾ ਦਾ ਮੁਲਾਂਕਣ ਕਰਨ ’ਤੇ ਹੈ। ਅਸੀਂ ਇਹ ਵੀ ਦੇਖ ਰਹੇ ਹਾਂ ਕਿ ਉਨ੍ਹਾਂ ਦੀ ਕਰਜ਼ਾ ਜੁਟਾਉਣ ਦੀ ਸਮਰੱਥਾ ਕਿੰਨੀ ਹੈ। ਮੂਡੀਜ਼ ਨੇ ਕਿਹਾ ਕਿ ਇਨ੍ਹਾਂ ਉਲਟ ਘਟਨਾਕ੍ਰਮਾਂ ਕਾਰਣ ਸਮੂਹ ਦੀ ਨਿਵੇਸ਼ ਜਾਂ ਅਗਲੇ ਇਕ ਦੋ ਸਾਲਾਂ ’ਚ ਮੈਚਿਓਰ ਹੋ ਰਹੇ ਕਰਜ਼ੇ ਦੀ ਅਦਾਇਗੀ ਲਈ ਪੂੰਜੀ ਜੁਟਾਉਣ ਦੀ ਸਮਰੱਥਾ ਘਟੇਗੀ।
ਫਿੱਚ ਬੋਲੀ-ਹਾਲੇ ਤੁਰੰਤ ਕੋਈ ਅਸਰ ਪੈਣ ਦੇ ਆਸਾਰ ਨਹੀਂ
ਫਿੱਚ ਰੇਟਿੰਗਸ ਨੇ ਕਿਹਾ ਕਿ ਸ਼ਾਰਟ ਸੇਲਰ ਦੀ ਰਿਪੋਰਟ ਦੇ ਪਿਛੋਕੜ ’ਚ ਅਡਾਨੀ ਸਮੂਹ ਦੀਆਂ ਕੰਪਨੀਆਂ ਅਤੇ ਉਨ੍ਹਾਂ ਦੀਆਂ ਸਕਿਓਰਿਟੀਜ਼ ਦੀ ਰੇਟਿੰਗ ’ਤੇ ਤੁਰੰਤ ਕੋਈ ਪ੍ਰਭਾਵ ਨਹੀਂ ਪਵੇਗਾ। ਉਸ ਨੇ ਕਿਹਾ ਕਿ ਅਡਾਨੀ ਸਮੂਹ ’ਤੇ ਧੋਖਾਦੇਹੀ ਦਾ ਦੋਸ਼ ਲਗਾਉਣ ਵਾਲੀ ‘ਸ਼ਾਰਟ ਸੇਲਰ’ ਦੀ ਰਿਪੋਰਟ ਨਾਲ ਕੰਪਨੀਆਂ ਦੀ ਰੇਟਿੰਗ ’ਤੇ ਤੁਰੰਤ ਕੋਈ ਪ੍ਰਭਾਵ ਨਹੀਂ ਪਵੇਗਾ। ਏਜੰਸੀ ਨੇ ਕਿਹਾ ਕਿ ਹਾਲੇ ਸਮੂਹ ਦੇ ਨਕਦੀ ਪ੍ਰਵਾਹ ਦੇ ਅਨੁਮਾਨ ’ਚ ਵੀ ਕਿਸੇ ਤਰ੍ਹਾਂ ਦੇ ਵੱਡੇ ਬਦਲਾਅ ਦੀ ਉਮੀਦ ਨਹੀਂ ਹੈ। ਫਿੱਚ ਨੇ ਕਿਹ ਕਿ ਸਾਡੀ ਨਿਗਰਾਨੀ ਜਾਰੀ ਹੈ।

ਇਹ ਵੀ ਪੜ੍ਹੋ-ਮਹਿੰਗਾਈ ਦਾ ਝਟਕਾ, ਦੁੱਧ ਦੀਆਂ ਕੀਮਤਾਂ 'ਚ ਭਾਰੀ ਵਾਧਾ, ਜਾਣੋ ਨਵੇਂ ਭਾਅ
ਵਿੱਤ ਸਕੱਤਰ ਬੋਲੇ-ਇਹ ਚਾਹ ਦੇ ਪਿਆਲੇ ਦਾ ਤੂਫਾਨ
ਵਿੱਤ ਸਕੱਤਰ ਟੀ. ਵੀ. ਸੋਮਨਾਥਨ ਨੇ ਕਿਹਾ ਕਿ ਅਡਾਨੀ ਸਮੂਹ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ ਨਾਲ ਸ਼ੇਅਰ ਬਾਜ਼ਾਰ ’ਚ ਹੋ ਰਿਹਾ ਉਤਰਾਅ-ਚੜ੍ਹਾਅ ਚਾਹ ਦੇ ਪਿਆਲੇ ’ਚ ਉੱਠੇ ਤੂਫਾਨ ਵਾਂਗ ਹੈ। ਇਹ ਇਕ ਮੁਹਾਵਰਾ ਹੈ, ਜਿਸ ਦਾ ਮਤਲਬ ਹੈ ਕਿ ਅਜਿਹੇ ਮਾਮਲੇ ਨੂੰ ਲੈ ਕੇ ਗੁੱਸਾ ਅਤੇ ਚਿੰਤਾ ਦਿਖਾਉਣਾ, ਜੋ ਅਹਿਮ ਨਹੀਂ ਹੈ। ਵਿੱਤ ਮੰਤਰਾਲਾ ਦੇ ਸੀਨੀਅਰ ਮੋਸਟ ਅਫਸਰ ਸੋਮਨਾਥਨ ਨੇ ਕਿਹਾ ਕਿ ਸ਼ੇਅਰ ਬਾਜ਼ਾਰ ਦਾ ਉਤਰਾਅ-ਚੜ੍ਹਾਅ ਸਰਕਾਰ ਦੀ ਚਿੰਤਾ ਦਾ ਵਿਸ਼ਾ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਜ਼ਰੂਰੀ ਕਦਮ ਉਠਾਉਣ ਲਈ ਇਕ ਸਿਸਟਮ ਮੌਜੂਦ ਹੈ। ਅਡਾਨੀ ਸਮੂਹ ਦੀਆਂ ਕੰਪਨੀਆਂ ਦਾ ਮੁਲਾਂਕਣ ਪਿਛਲੇ 10 ਦਿਨਾਂ ’ਚ 100 ਅਰਬ ਡਾਲਰ ਤੱਕ ਡਿਗ ਚੁੱਕਾ ਹੈ। ਅਡਾਨੀ ਐਂਟਰਪ੍ਰਾਈਜਿਜ਼ ਦੇ ਸ਼ੇਅਰ ਦਸੰਬਰ ਦੇ ਆਪਣੇ ਉੱਚ ਭਾਅ ਤੋਂ ਹੁਣ ਤੱਕ 70 ਫੀਸਦੀ ਤੱਕ ਡਿਗ ਚੁੱਕੇ ਹਨ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।

Aarti dhillon

This news is Content Editor Aarti dhillon