ਤਾਪਮਾਨ 'ਚ ਗਿਰਾਵਟ ਆਉਣ ਨਾਲ ਅਪ੍ਰੈਲ ਤੋਂ ਘਟੀ AC, ਫ੍ਰਿਜ ਅਤੇ ਕੂਲਰ ਦੀ ਵਿਕਰੀ

05/08/2023 10:16:41 AM

ਨਵੀਂ ਦਿੱਲੀ (ਭਾਸ਼ਾ) - ਉੱਤਰ ਭਾਰਤ ਵਿਚ ਅਪ੍ਰੈਲ ਦੇ ਅੰਤ ਅਤੇ ਮਈ ਦੀ ਸ਼ੁਰੂਆਤ ਵਿਚ ਬੇਮੌਸਮ ਮੀਂਹ ਪੈਣ ਨਾਲ ਏਅਰ ਕੰਡੀਸ਼ਨਰ (ਏ. ਸੀ.), ਫ੍ਰਿਜ ਅਤੇ ਕੂਲਰ ਵਰਗੇ ਠੰਡਕ ਦੇਣ ਵਾਲੇ ਉਤਪਾਦਾਂ ਦੀ ਵਿਕਰੀ ਮੰਦੀ ਪੈ ਗਈ ਹੈ। ਵੱਖ-ਵੱਖ ਕੰਪਨੀਆਂ ਨੇ ਦੱਸਿਆ ਕਿ ਗਾਹਕਾਂ ਨੇ ਅਪ੍ਰੈਲ ਅਤੇ ਮਈ ਵਿਚ ਏ. ਸੀ. ਦੀ ਖ਼ਰੀਦ ਟਾਲ ਦਿੱਤੀ ਹੈ। ਇਹ ਸਮਾਂ ਇਸ ਉਦਯੋਗ ਲਈ ਸਭ ਤੋਂ ਰੁਝੇਵਿਆਂ ਭਰਿਆ ਰਹਿੰਦਾ ਹੈ। ਕੁਝ ਕੰਪਨੀਆਂ ਨੇ ਅਪ੍ਰੈਲ ਵਿਚ ਪਿਛਲੇ ਸਾਲ ਦੀ ਤੁਲਨਾ ਵਿਚ ਵਿਕਰੀ ਵਿਚ ਲਗਭਗ 15 ਫ਼ੀਸਦੀ ਤੱਕ ਗਿਰਾਵਟ ਦੇਖੀ ਹੈ। 

ਹਾਲਾਂਕਿ ਪੈਨਾਸੋਨਿਕ, ਗੋਦਰੇਜ ਅਤੇ ਦਾਈਕਿਨ ਵਰਗੇ ਵਿਨਿਰਮਾਤਾ ਉਮੀਦ ਕਰ ਰਹੇ ਹਨ ਕਿ ਇਨ੍ਹਾਂ ਉਤਪਾਦਾਂ ਦੀ ਵਿਕਰੀ ਗਰਮੀ ਬਹਾਲ ਹੁੰਦੇ ਹੀ ਆਮ ਹੋ ਜਾਵੇਗੀ। ਪੈਨਾਸੋਨਿਕ ਲਾਈਫ ਸਾਲਿਊਸ਼ਨਜ਼ ਇੰਡੀਆ ਦੇ ਏ. ਸੀ. ਸਮੂਹ ਦੇ ਕਾਰੋਬਾਰ ਮੁਖੀ ਗੌਰਵ ਸ਼ਾਹ ਨੇ ਕਿਹਾ ਕਿ ਇਸ ਸਾਲ ਅਪ੍ਰੈਲ ਦੇ ਹਿਸਾਬ ਨਾਲ ਮੌਸਮ ਠੰਡਾ ਰਿਹਾ ਹੈ ਅਤੇ ਇਸ ਲਈ ਅਸੀਂ ਪਿਛਲੇ ਸਾਲ ਦੀ ਤੁਲਨਾ ਵਿਚ ਵਿਕਰੀ ਵਿਚ ਗਿਰਾਵਟ ਦਰਜ ਕੀਤੀ ਹੈ। ਅਸੀਂ ਦੇਖਿਆ ਕਿ ਕਈ ਗਾਹਕਾਂ ਨੇ ਏ. ਸੀ. ਖ਼ਰੀਦ ਨੂੰ ਫਿਲਹਾਲ ਟਾਲ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਅਜੇ ਬਹੁਤ ਗ਼ਰਮੀ ਬਾਕੀ ਹੈ ਅਤੇ ਉਮੀਦ ਹੈ ਕਿ ਗ਼ਰਮੀ ਵਧੇਗੀ। ਖਪਤਕਾਰ ਇਲੈਕਟ੍ਰਾਨਿਕਸ ਅਤੇ ਉਪਕਰਣ ਵਿਨਿਰਮਾਤਾ ਸੰਘ (ਸਿਏਮਾ) ਮੁਤਾਬਕ ਉੱਤਰ ਭਾਰਤ ਵਿਚ ਬੇਮੌਸਮ ਮੀਂਹ ਕਾਰਨ ਏ. ਸੀ., ਫ੍ਰਿਜ ਅਤੇ ਕੂਲਰ ਦੀ ਵਿਕਰੀ ਨੂੰ ਕੁਝ ਸਮੇਂ ਲਈ ਪ੍ਰਭਾਵਿਤ ਕੀਤਾ ਹੈ।

rajwinder kaur

This news is Content Editor rajwinder kaur