AADHAAR ਨੂੰ 90% ਭਾਰਤੀ ਮੰਨਦੇ ਨੇ ਸਕਿਓਰ ਪਰ ਇਸ ਕੰਮ 'ਚ ਹੋ ਰਹੀ ਦਿੱਕਤ

11/26/2019 11:59:59 AM

ਨਵੀਂ ਦਿੱਲੀ— ਬਾਇਓਮੈਟ੍ਰਿਕ ਬੇਸਡ ਆਧਾਰ ਨੂੰ 90 ਫੀਸਦੀ ਭਾਰਤੀ ਸੁਰੱਖਿਅਤ ਮੰਨਦੇ ਹਨ। ਹਾਲਾਂਕਿ, ਲੋਕਾਂ ਦਾ ਮੰਨਣਾ ਹੈ ਕਿ ਆਧਾਰ ਨੂੰ ਅਪਡੇਟ ਕਰਾਉਣਾ ਸਭ ਤੋਂ ਮੁਸ਼ਕਲ ਕੰਮ ਹੈ। ਸਮਾਜਿਕ ਮਾਮਲਿਆਂ 'ਤੇ ਸਲਾਹ ਦੇਣ ਵਾਲੀ ਗੈਰ-ਸਰਕਾਰੀ ਸੰਸਥਾ ਡਾਲਬਰਗ ਦੀ ਇਕ ਤਾਜ਼ਾ ਸਰਵੇ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ।ਸੰਗਠਨ ਦੀ ਰਿਪੋਰਟ ਸਟੇਟ ਆਫ ਆਧਾਰ-2019 ਦੇ ਸਹਿ ਲੇਖਕ ਗੌਰਵ ਗੁਪਤਾ ਨੇ ਸਰਵੇ ਦੇ ਨਤੀਜੇ ਪੇਸ਼ ਕੀਤੇ।

 

ਉਨ੍ਹਾਂ ਨੇ ਕਿਹਾ ਕਿ ਭਾਰਤ 'ਚ ਆਧਾਰ ਨੂੰ 90 ਫੀਸਦੀ ਲੋਕ ਸੁਰੱਖਿਅਤ ਮੰਨਦੇ ਹਨ। ਸਰਵੇ 'ਚ ਸ਼ਾਮਲ 61 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਇਸ ਦੀ ਮਦਦ ਨਾਲ ਉਨ੍ਹਾਂ ਨੂੰ ਮਿਲਣ ਵਾਲਾ ਫਾਇਦਾ ਕੋਈ ਹੋਰ ਨਹੀਂ ਲੈ ਸਕਦਾ। ਸਰਵੇ 'ਚ ਇਹ ਪਤਾ ਲਗਾ ਹੈ ਕਿ ਹੁਣ ਵੀ ਤਕਰੀਬਨ 2.8 ਕਰੋੜ ਬਾਲਗਾਂ ਕੋਲ ਆਧਾਰ ਨਹੀਂ ਹੈ ਤੇ ਦੇਸ਼ ਦੀ ਕੁੱਲ ਆਬਾਦੀ 'ਚ ਲਗਭਗ 10.2 ਕਰੋੜ ਲੋਕਾਂ ਕੋਲ ਆਧਾਰ ਨਹੀਂ ਹੈ।

ਆਸਾਮ ਤੇ ਮੇਘਾਲਿਆ ਵਰਗੇ ਰਾਜਾਂ 'ਚ ਜ਼ਿਆਦਾਤਰ ਲੋਕਾਂ ਕੋਲ ਆਧਾਰ ਨਹੀਂ ਹੈ। ਰਿਪੋਰਟ ਮੁਤਾਬਕ, ਸਰਵੇ 'ਚ ਸ਼ਾਮਲ ਲੋਕਾਂ ਨੇ ਆਧਾਰ ਨੂੰ ਅਪਡੇਟ ਕਰਾਉਣਾ ਸਭ ਤੋਂ ਮੁਸ਼ਕਲ ਕੰਮ ਦੱਸਿਆ ਹੈ। ਆਧਾਰ ਅਪਡੇਟ ਕਰਾਉਣ ਦੀ ਕੋਸ਼ਿਸ਼ ਕਰਨ ਵਾਲੇ ਹਰ ਪੰਜ ਲੋਕਾਂ 'ਚੋਂ ਇਕ ਨੂੰ ਨਿਰਾਸ਼ਾ ਹੱਥ ਲੱਗੀ ਹੈ। ਸਰਵੇ 'ਚ ਸ਼ਾਮਲ ਲੋਕਾਂ 'ਚੋਂ ਤਕਰੀਬਨ 8 ਫੀਸਦੀ ਲੋਕ ਅਜਿਹੇ ਵੀ ਹਨ, ਜਿਨ੍ਹਾਂ ਲਈ ਆਧਾਰ ਉਨ੍ਹਾਂ ਦਾ ਪਹਿਲਾ ਪਛਾਣ ਪੱਤਰ ਰਿਹਾ। ਸਰਵੇ 'ਚ ਸ਼ਾਮਲ ਤਕਰੀਬਨ ਅੱਧੇ ਲੋਕਾਂ ਨੇ ਮੰਨਿਆ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਜ਼ਿਆਦਾਤਰ ਕੰਪਨੀਆਂ ਮੋਬਾਇਲ ਸਿਮ ਲਈ, ਬੈਂਕ ਖਾਤਾ ਖੋਲ੍ਹਣ ਲਈ ਤੇ ਸਕੂਲ 'ਚ ਦਾਖਲੇ ਲਈ ਸਿਰਫ ਆਧਾਰ ਨੂੰ ਹੀ ਪਛਾਣ ਦੇ ਤੌਰ 'ਤੇ ਸਵੀਕਾਰ ਕਰਦੇ ਹਨ।