ਆਧਾਰ ਕਾਰਡ ਦਾ ਪਤਾ ਬਦਲਣਾ ਹੋਇਆ ਆਸਾਨ, ਸਰਕਾਰ ਨੇ ਆਸਾਨ ਕੀਤੇ ਨਿਯਮ

11/14/2019 12:48:29 PM

ਨਵੀਂ ਦਿੱਲੀ — ਹਰੇਕ ਭਾਰਤੀ ਨਾਗਰਿਕ ਲਈ ਆਧਾਰ ਕਾਰਡ ਇਕ ਮਹੱਤਵਪੂਰਣ ਦਸਤਾਵੇਜ਼ ਹੈ। ਆਧਾਰ ਕਾਰਡ ਸਿਰਫ ਇਕ ਦਸਤਾਵੇਜ਼ ਹੀ ਨਹੀਂ ਸਗੋਂ ਭਾਰਤੀ ਨਾਗਰਿਕ ਦਾ ਪਛਾਣ ਪੱਤਰ ਹੈ। ਕਿਸੇ ਵੀ ਵਿੱਤੀ ਲੈਣ-ਦੇਣ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਆਧਾਰ ਹੁਣ ਲਾਜ਼ਮੀ ਦਸਤਾਵੇਜ਼ ਬਣ ਗਿਆ ਹੈ। ਇਸ ਲਈ ਸਰਕਾਰ ਨੇ ਆਧਾਰ 'ਚ ਜ਼ਰੂਰੀ ਜਾਣਕਾਰੀ 'ਚ ਬਦਲਾਅ ਅਤੇ ਹੋਰ ਸਹੂਲਤਾਂ ਨੂੰ ਆਸਾਨ ਬਣਾਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਹਨ। ਹੁਣ ਜੇਕਰ ਤੁਹਾਡੇ ਆਧਾਰ 'ਚ ਪਤਾ ਤੁਹਾਡੇ ਜਨਮ ਸਥਾਨ ਦਾ ਹੈ ਅਤੇ ਤੁਸੀਂ ਕੰਮਕਾਜ, ਨੌਕਰੀ ਜਾਂ ਪੜ੍ਹਾਈ ਲਈ ਕਿਸੇ ਹੋਰ ਸਥਾਨ 'ਤੇ ਰਹਿ ਰਹੇ ਹੋ ਤਾਂ ਹੁਣ ਤੁਸੀਂ ਆਧਾਰ ਕਾਰਡ 'ਚ ਦਿੱਤਾ ਹੋਇਆ ਪਤਾ ਅਸਾਨੀ ਨਾਲ ਬਦਲ ਸਕਦੇ ਹੋ। 

ਅਸਾਨੀ ਨਾਲ ਬਦਲ ਸਕੋਗੇ ਆਧਾਰ 'ਚ ਦਰਜ ਹੋਇਆ ਪਤਾ

ਬੁੱਧਵਾਰੀ ਨੂੰ ਜਾਰੀ ਸੂਚਨਾ ਨਾਲ ਕਰੋੜਾਂ ਨਾਗਰਿਕਾਂ ਨੂੰ ਰਾਹਤ ਮਿਲੀ ਹੈ। ਇਸਦੇ ਮੁਤਾਬਕ ਹੁਣ ਆਧਾਰ 'ਤੇ ਦਰਜ ਪਤਾ ਅਸਾਨੀ ਨਾਲ ਬਦਲਿਆ ਜਾ ਸਕੇਗਾ। ਸਰਕਾਰ ਨੇ ਪ੍ਰਵਾਸੀਆਂ ਲਈ ਸਵੈ-ਘੋਸ਼ਣਾ ਦੇ ਜ਼ਰੀਏ ਆਧਾਰ ਦਾ ਪਤਾ ਬਦਲਣ ਦੀ ਆਗਿਆ ਦਿੱਤੀ ਹੈ। ਜਿਹੜੇ ਲੋਕ ਕੇਵਾਈਸੀ ਲਈ ਆਧਾਰ ਨੰਬਰ ਦੇ ਰਹੇ ਹਨ ਪਰ ਪਤਾ ਕਿਸੇ ਹੋਰ ਸਥਾਨ ਦਾ ਦੇਣਾ ਚਾਹੁੰਦੇ ਹਨ(ਜਿਹੜਾ ਕਿ ਆਧਾਰ ਕਾਰਡ ਦੇ ਲਿਖੇ ਪਤੇ ਤੋਂ ਵੱਖ ਹੈ) ਹੁਣ ਉਨ੍ਹਾਂ ਲਈ ਅਸਾਨੀ ਹੋਵੇਗੀ ਕਿਉਂਕਿ ਉਹ ਸਵੈ-ਘੋਸ਼ਿਤ ਪਤਾ ਦੇ ਸਕਦੇ ਹਨ।

ਇਨ੍ਹਾਂ ਲੋਕਾਂ ਨੂੰ ਹੋਵੇਗਾ ਫਾਇਦਾ

ਇਸ ਨਾਲ ਕਰੋੜਾਂ ਲੋਕਾਂ ਨੂੰ ਰਾਹਤ ਮਿਲੀ ਹੈ। ਸਭ ਤੋਂ ਜ਼ਿਆਦਾ ਲਾਭ ਪ੍ਰਵਾਸੀ ਮਜ਼ਦੂਰਾਂ ਨੂੰ ਹੋਵੇਗਾ। ਅਜਿਹਾ ਇਸ ਲਈ ਕਿਉਂਕਿ ਮਜ਼ਦੂਰਾਂ ਨੂੰ ਹੁਣ ਬੈਂਕ 'ਚ ਖਾਤਾ ਖੁੱਲਵਾਉਣ 'ਚ ਅਸਾਨੀ ਹੋਵੇਗੀ। ਇਸ ਤੋਂ ਪਹਿਲਾਂ ਉਨ੍ਹਾਂ ਦੇ ਆਧਾਰ 'ਤੇ ਪਤਾ ਉਨ੍ਹਾਂ ਦੇ ਜਨਮ ਸਥਾਨ ਜਾਂ ਘਰ ਦਾ ਹੁੰਦਾ ਸੀ ਅਤੇ ਕੰਮ ਕਿਸੇ ਦੂਜੇ ਸ਼ਹਿਰ 'ਚ ਕਰ ਰਹੇ ਹੁੰਦੇ ਹਨ। ਅਜਿਹੀ ਸਥਿਤੀ 'ਚ ਦੂਜੇ ਸ਼ਹਿਰ 'ਚ ਰਹਿ ਰਹੇ ਲੋਕਾਂ ਨੂੰ ਬੈਂਕ ਖਾਤਾ ਖੋਲਣ 'ਚ ਦਿੱਕਤ ਹੁੰਦੀ ਸੀ। ਪਰ ਹੁਣ ਸਵੈ-ਘੋਸ਼ਿਤ ਪਤਾ ਦੱਸਣ ਨਾਲ ਇਨ੍ਹਾਂ ਲੋਕਾਂ ਨੂੰ ਇਹ ਸਮੱਸਿਆ ਨਹੀਂ ਹੋਵੇਗੀ। ਯਾਨੀ ਕਿ ਹੁਣ ਬੈਂਕ ਖਾਤਾ ਖੁੱਲਵਾਉਣ ਲਈ ਜਾਂ ਕੇਵਾਈਸੀ ਅਪਡੇਟ ਲਈ ਵੱਖ ਤੋਂ ਰਿਹਾਇਸ਼ ਲਈ ਦਸਤਾਵੇਜ਼ ਨਹੀਂ ਦੇਣੇ ਹੋਣਗੇ। ਦੇਸ਼ ਦੇ ਨਾਗਰਿਕ ਨੇ ਸਿਰਫ ਆਪਣੇ ਮੌਜੂਦਾ ਪਤੇ ਬਾਰੇ ਜਾਣਕਾਰੀ ਦੇਣੀ ਹੋਵੇਗੀ।