ਬੈਂਕ ਖਾਤਾ ਖੁੱਲ੍ਹਵਾਉਣ ਲਈ ਜ਼ਰੂਰੀ ਨਹੀਂ ਹੈ ਆਧਾਰ ’ਤੇ ਐਡਰੈੱਸ ਬਦਲਾਉਣਾ

11/20/2019 2:10:19 AM

ਨਵੀਂ ਦਿੱਲੀ (ਇੰਟ.)-ਯੂਨੀਕ ਆਈਡੈਂਟੀਫਿਕੇਸ਼ਨ ਅਥਾਰਿਟੀ ਆਫ ਇੰਡੀਆ (ਯੂ. ਆਈ. ਡੀ. ਆਈ. ਏ.) ਨੇ ਫੈਸਲਾ ਕੀਤਾ ਹੈ ਕਿ ਹੁਣ ਤੁਸੀਂ ਬਿਨਾਂ ਕਿਸੇ ਦਸਤਾਵੇਜ਼ ਦੇ ਵੀ ਆਧਾਰ ਕਾਰਡ ’ਤੇ ਆਪਣਾ ਪਤਾ ਬਦਲ ਸਕਦੇ ਹੋ। ਇਹ ਕੰਮ ਤੁਸੀਂ ਆਫਲਾਈਨ ਅਤੇ ਆਨਲਾਈਨ ਦੋਵਾਂ ਤਰੀਕਿਆਂ ਨਾਲ ਕਰ ਸਕਦੇ ਹੋ। ਹਾਲਾਂਕਿ ਜ਼ਰੂਰੀ ਨਹੀਂ ਹੈ ਕਿ ਤੁਸੀਂ ਆਧਾਰ ਕਾਰਡ ਦਾ ਪਤਾ ਬਦਲੋ ਹੀ। ਹੁਣ ਤੁਸੀਂ ਬਿਨਾਂ ਆਧਾਰ ਕਾਰਡ ’ਤੇ ਐਡਰੈੱਸ ਬਦਲੇ ਵੀ ਆਪਣੇ ਮੌਜੂਦਾ ਪਤੇ ’ਤੇ ਬੈਂਕ ਖਾਤਾ ਖੁੱਲ੍ਹਵਾ ਸਕਦੇ ਹੋ। ਇਸ ਲਈ ਆਧਾਰ ਕਾਰਡ ’ਤੇ ਐਡਰੈੱਸ ਅਪਡੇਟ ਕਰਨ ਦੀ ਵੀ ਜ਼ਰੂਰਤ ਨਹੀਂ ਹੈ।

ਜੇਕਰ ਤੁਸੀਂ ਬੈਂਕ ਖਾਤਾ ਖੁੱਲ੍ਹਵਾਉਣ ਲਈ ਕੇ. ਵਾਈ. ਸੀ. ਦੇ ਤੌਰ ’ਤੇ ਆਧਾਰ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਐਡਰੈੱਸ ਪਰੂਫ਼ ਅਤੇ ਫੋਟੋ ਆਈ-ਕਾਰਡ ਦੋਵਾਂ ਦੀ ਕਮੀ ਪੂਰੀ ਹੋ ਜਾਂਦੀ ਹੈ। ਹੁਣ ਤਾਂ ਤੁਸੀਂ ਪੈਨ ਕਾਰਡ ਦੀ ਜਗ੍ਹਾ ਵੀ ਆਧਾਰ ਕਾਰਡ ਦੀ ਵਰਤੋਂ ਕਰ ਸਕਦੇ ਹੋ ਪਰ ਪਹਿਲਾਂ ਤੁਹਾਡੇ ਬੈਂਕ ਖਾਤੇ ਦਾ ਐਡਰੈੱਸ ਉਹੀ ਹੁੰਦਾ ਸੀ ਜੋ ਆਧਾਰ ਕਾਰਡ ’ਤੇ ਦਰਸਾਇਆ ਹੁੰਦਾ ਸੀ। ਅਜਿਹੇ ’ਚ ਚੈੱਕ ਬੁੱਕ ਅਤੇ ਏ. ਟੀ. ਐੱਮ. ਕਾਰਡ ਦੀ ਡਲਿਵਰੀ ’ਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹਾਲਾਂਕਿ ਹੁਣ ਇਹ ਜ਼ਰੂਰੀ ਨਹੀਂ ਹੋਵੇਗਾ।

ਹੁਣ ਤੁਸੀਂ ਬੈਂਕ ’ਚ ਆਪਣਾ ਮੌਜੂਦਾ ਐਡਰੈੱਸ ਵੱਖਰੇ ਤੌਰ ’ਤੇ ਦਰਜ ਕਰਵਾ ਸਕਦੇ ਹੋ। ਇਸ ਲਈ ਤੁਹਾਨੂੰ ਬੈਂਕ ਵੱਲੋਂ ਮੌਜੂਦਾ ਐਡਰੈੱਸ ’ਤੇ ਹੀ ਖਾਤਾ ਖੋਲ੍ਹਣ ਨੂੰ ਕਹਿਣਾ ਹੋਵੇਗਾ। ਜੇਕਰ ਤੁਹਾਡੇ ਆਧਾਰ ’ਤੇ ਕੋਈ ਦੂਜਾ ਐਡਰੈੱਸ ਹੈ ਤਾਂ ਤੁਹਾਨੂੰ ਬੈਂਕ ਤੋਂ ਇਕ ਸੈਲਫ ਡਿਕਲੇਰੇਸ਼ਨ ਫ਼ਾਰਮ ਲੈ ਕੇ ਭਰਨਾ ਹੋਵੇਗਾ ਅਤੇ ਉਸ ’ਚ ਲੋਕਲ ਐਡਰੈੱਸ ਪਾਉਣਾ ਹੋਵੇਗਾ।

ਇਸ ਤੋਂ ਬਾਅਦ ਤੁਸੀਂ ਚਾਹੋ ਤਾਂ ਆਧਾਰ ਕਾਰਡ ’ਤੇ ਆਪਣਾ ਐਡਰੈੱਸ ਬਦਲਵਾ ਸਕਦੇ ਹੋ, ਹਾਲਾਂਕਿ ਇਹ ਜ਼ਰੂਰੀ ਨਹੀਂ ਹੈ। ਇਹ ਨਵਾਂ ਨਿਯਮ ਸਿਰਫ ਬੈਂਕ ਖਾਤਾ ਖੁੱਲ੍ਹਵਾਉਣ ਲਈ ਹੀ ਲਾਗੂ ਹੋਵੇਗਾ। ਤੁਸੀਂ ਨਵੇਂ ਆਧਾਰ ਕਾਰਡ ਦੇ ਨਿਯਮ ਦੀ ਵਰਤੋਂ ਕਰ ਕੇ ਬੇਸ ਬੈਂਕ ਬ੍ਰਾਂਚ ਵੀ ਬਦਲ ਸਕਦੇ ਹੋ।

Karan Kumar

This news is Content Editor Karan Kumar