''ਕਿਸਾਨ ਰੇਲ'' ਚਲਾਉਣ ਦੀ ਤਿਆਰੀ ਸ਼ੁਰੂ, ਖਰੀਦੇ ਗਏ 9 ਰੈਫ੍ਰਿਜਰੇਟਰ ਕੋਚ

02/03/2020 6:38:40 PM

ਨਵੀਂ ਦਿੱਲੀ — ਕਿਸਾਨਾਂ ਦੀ ਆਮਦਨੀ ਵਧਾਉਣ ਅਤੇ ਫਲਾਂ ਅਤੇ ਸਬਜ਼ੀਆਂ ਦੀ ਢੋਆ-ਢੁਆਈ ਅਸਾਨ ਬਣਾਉਣ ਲਈ ਰੇਲਵੇ ਮੰਤਰਾਲੇ ਨੇ ਕਿਸਾਨ ਰੇਲ ਯੋਜਨਾ  ਤਿਆਰ ਕਰ ਲਈ ਹੈ। ਸੂਤਰਾਂ ਅਨੁਸਾਰ ਇਸ ਲਈ ਰੇਲ ਮੰਤਰਾਲੇ ਨੇ 9 ਰੈਫ੍ਰਿਜਰੇਟਰ ਕੋਚ ਦੀ ਫਲੀਟ ਕਪੂਰਥਲਾ ਰੇਲ ਕੋਚ ਫੈਕਟਰੀ ਤੋਂ ਖਰੀਦੀ ਹੈ। ਬਜਟ ਵਿਚ ਰੇਲ ਖੇਤੀਬਾੜੀ ਯੋਜਨਾ ਦੀ ਘੋਸ਼ਣਾ ਦੇ ਤੁਰੰਤ ਬਾਅਦ ਰੇਲਵੇ ਮੰਤਰਾਲੇ ਨੇ ਵੀ ਇਸ ਯੋਜਨਾ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਕ ਫਰਿੱਜ(ਰੈਫ੍ਰਿਜਰੇਟਰ) ਪਾਰਸਲ ਵੈਨ ਦੀ ਸਮਰੱਥਾ 17 ਟਨ ਹੈ। ਤੁਹਾਨੂੰ ਦੱਸ ਦੇਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਵਿੱਤੀ ਸਾਲ 2020-21 ਦੇ ਬਜਟ 'ਚ ਰੇਲਵੇ ਲਈ ਇਕ ਬਲਿਊਪ੍ਰਿੰਟ ਪੇਸ਼ ਕੀਤਾ ਸੀ।

ਆਪਣੇ ਬਜਟ ਭਾਸ਼ਣ 'ਚ ਸੀਤਾਰਮਨ ਨੇ ਕਿਹਾ ਕਿ ਭਾਰਤੀ ਰੇਲਵੇ ਨਿੱਜੀ ਪਬਲਿਕ ਭਾਈਵਾਲੀ (ਪੀਪੀਪੀ) ਦੇ ਜ਼ਰੀਏ ਕਿਸਾਨ ਰੇਲ ਦੀ ਸ਼ੁਰੂਆਤ ਕਰੇਗੀ ਜਿਸ ਵਿਚ ਜਲਦੀ ਖਰਾਬ ਹੋ ਜਾਣ ਵਾਲੇ(ਨਾਸ਼ਵਾਨ) ਖੇਤੀਬਾੜੀ ਉਤਪਾਦਾਂ ਲਈ ਫਰਿੱਜ ਕੋਚ ਦੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਰਤੀ ਰੇਲਵੇ ਪੀਪੀਪੀ ਰਾਹੀਂ ਕਿਸਾਨ ਰੇਲ ਨੂੰ ਚਲਾਏਗੀ। ਉਨ੍ਹਾਂ ਕਿਹਾ ਕਿ ਦੁੱਧ, ਮੀਟ ਅਤੇ ਮੱਛੀ ਸਮੇਤ ਜਲਦੀ ਖਰਾਬ ਹੋਣ ਵਾਲੇ ਉਤਪਾਦਾਂ ਲਈ ਨਿਰਵਿਘਨ ਰਾਸ਼ਟਰੀ ਕੋਲਡ ਫਰਿੱਜ ਚੇਨ ਦੇ ਨਿਰਮਾਣ ਲਈ ਭਾਰਤੀ ਰੇਲਵੇ ਪੀਪੀਪੀ ਜ਼ਰੀਏ ਕਿਸਾਨ ਰੇਲ ਚਲਾਏਗੀ। ਐਕਸਪ੍ਰੈੱਸ ਅਤੇ ਢੁਆਈ ਟ੍ਰੇਨਾਂ ਵਿਚ ਫਰਿੱਜ ਕੋਚ ਹੋਣਗੇ।

ਕਿਰਾਇਆ ਕਿੰਨਾ ਹੋਏਗਾ?

ਇਕ ਅਖਬਾਰ ਤੋਂ ਮਿਲੀ ਵਿਸ਼ੇਸ਼ ਜਾਣਕਾਰੀ ਅਨੁਸਾਰ, ਇਹ ਡੱਬੇ ਰਾਊਂਡ ਟਰਿੱਪ ਦੇ ਅਧਾਰ ਤੇ ਬੁੱਕ ਕੀਤੇ ਜਾਣਗੇ। ਭਾੜੇ ਦਾ ਕਿਰਾਇਆ ਆਮ ਭਾੜੇ ਨਾਲੋਂ ਡੇਢ ਗੁਣਾ ਜ਼ਿਆਦਾ ਹੋਵੇਗਾ।

98 ਫਰਿੱਜ ਰੇਲ ਕੰਟੇਨਰ ਖਰੀਦਣ ਦੀ ਯੋਜਨਾ

ਰੇਲਵੇ ਨੇ ਭਵਿੱਖ ਵਿਚ 98 ਫਰਿੱਜ ਰੇਲ ਡੱਬੇ ਖਰੀਦਣ ਦੀ ਯੋਜਨਾ ਬਣਾਈ ਹੈ। ਇਸ ਮਾਡਲ ਨੂੰ ਸਿਰਫ ਪਬਲਿਕ ਪ੍ਰਾਈਵੇਟ ਭਾਈਵਾਲੀ (ਪੀਪੀਪੀ) ਦੇ ਅਧਾਰ ਤੇ ਹੀ ਰੱਖਿਆ ਜਾਵੇਗਾ। 

4 ਕਾਰਗੋ ਸੈਂਟਰ ਬਣਾਏ ਜਾਣਗੇ

ਫਲ ਅਤੇ ਸਬਜ਼ੀਆਂ ਦੀ ਲੋਡਿੰਗ-ਅਨਲੋਡਿੰਗ ਲਈ ਵੀ ਪ੍ਰੋਜੈਕਟ ਤਿਆਰ ਕਰ ਲਿਆ ਗਿਆ ਹੈ। ਸਰਕਾਰ ਪਾਇਲਟ ਪ੍ਰੋਜੈਕਟ ਦੇ ਤਹਿਤ 4 ਕਾਰਗੋ ਸੈਂਟਰ ਬਣਾਏਗੀ। ਇਹ ਕਾਰਗੋ ਸੈਂਟਰ ਗਾਜ਼ੀਪੁਰ, ਨਿਊ ਅਜ਼ਾਦਪੁਰ, ਲਾਸਲਗਾਓਂ ਅਤੇ ਰਾਜਾ ਕਾ ਤਲਾਬ ਵਿਚ ਬਣਾਏ ਜਾਣਗੇ।

ਬਣੇਗਾ ਰੇਲਵੇ ਲੌਜਿਸਟਿਕਸ ਸੈਂਟਰ

ਰੇਲਵੇ ਦੀ ਯੋਜਨਾ ਇਕ ਖੇਤੀਬਾੜੀ ਲੌਜਿਸਟਿਕਸ ਕੇਂਦਰ ਬਣਾਉਣ ਦੀ ਹੈ। ਰੇਲਵੇ ਦਾ ਪੀ.ਐਸ.ਯੂ. ਕਾਨਕਾਰ ਇਸਨੂੰ ਪੂਰੀ ਤਰ੍ਹਾਂ ਬਣਾਏਗਾ ਅਤੇ ਸੋਨੀਪਤ ਵਿਚ ਐਗਰੀਕਲਚਰਲ ਲੌਜਿਸਟਿਕ ਸੈਂਟਰ ਬਣਾਇਆ ਜਾਵੇਗਾ। ਇਹ ਲੌਜਿਸਟਿਕ ਸੈਂਟਰ 16.40 ਏਕੜ 'ਚ ਬਣੇਗਾ।