ਕਾਰਵੀ ਦੇ 87% ਗਾਹਕਾਂ ਨੂੰ ਵਾਪਸ ਮਿਲੇ ਸ਼ੇਅਰ

12/03/2019 10:22:07 AM

ਮੁੰਬਈ — ਸ਼ੇਅਰ ਡਿਪਾਜ਼ਿਟਰੀਜ਼ ਨੇ ਕਾਰਵੀ ਸਟਾਕ ਬ੍ਰੋਕਿੰਗ ਦੇ ਗਾਹਕਾਂ ਦੇ ਜ਼ਿਆਦਾਤਰ ਸ਼ੇਅਰ ਉਨ੍ਹਾਂ ਦੇ ਡੀਮੈਟ ਖਾਤਿਆਂ ਵਿਚ ਟਰਾਂਸਫਰ ਕਰ ਦਿੱਤੇ ਹਨ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਦੱਸਿਆ ਕਿ ਮਾਰਕੀਟ ਰੈਗੂਲੇਟਰ ਸੇਬੀ ਨੇ ਡਿਪਾਜ਼ਿਟਰੀਜ਼ ਨੂੰ ਅਜਿਹਾ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਹ ਸ਼ੇਅਰ ਕਥਿਤ ਤੌਰ 'ਤੇ ਤਿੰਨ ਪ੍ਰਾਈਵੇਟ ਬੈਂਕਾਂ ਅਤੇ ਇਕ ਐਨ.ਬੀ.ਐਫ.ਸੀ. ਕੋਲ ਗਿਰਵੀ ਰੱਖ ਦਿੱਤੇ ਗਏ ਸਨ। ਇਸ ਤੋਂ ਪਹਿਲਾਂ ਕਿ ਰਿਣਦਾਤਾ ਦਾਅਵਾ ਕਰ ਸਕਣ, ਉਸ ਤੋਂ ਪਹਿਲਾਂ ਹੀ ਇਨ੍ਹਾਂ ਨੂੰ ਨਿਵੇਸ਼ਕਾਂ ਦੇ ਖਾਤੇ ਵਿਚ ਵਾਪਸ ਭੇਜ ਦਿੱਤਾ ਗਿਆ। ਇਸ ਨੂੰ ਦੇਖਦੇ ਹੋਏ ਕਾਰਵੀ ਨੂੰ ਕਰਜ਼ਾ ਦੇਣ ਵਾਲਿਆਂ ਵਿਚ ਸ਼ਾਮਲ ਬਜਾਜ ਫਾਈਨਾਂਸ ਇਸ ਕਦਮ ਦੇ ਵਿਰੁੱਧ ਸਿਕਿਓਰਟੀਜ਼ ਅਪੀਲ ਟ੍ਰਿਬਿਊਨਲ ਪਹੁੰਚ ਗਈ।

95000 ਗਾਹਕਾਂ ਦੇ 2300 ਕਰੋੜ ਰੱਖੇ ਸਨ ਗਿਰਵੀ 

ਹੈਦਰਾਬਾਦ ਦੀ ਵਿੱਤੀ ਸੇਵਾਵਾਂ ਦੇਣ ਵਾਲੀ ਕੰਪਨੀ ਕਾਰਵੀ ਨੇ ਕਰੀਬ 95000 ਗਾਹਕਾਂ ਦੇ 2300 ਕਰੋੜ ਰੁਪਏ ਦੇ ਸ਼ੇਅਰ ICICI ਬੈਂਕ, HDFC ਬੈਂਕ, ਇੰਡਸਇੰਡ ਬੈਂਕ ਅਤੇ ਬਜਾਜ ਫਾਇਨਾਂਸ ਕੋਲ ਗਿਰਵੀ ਰੱਖ ਦਿੱਤੇ ਸਨ ਅਤੇ ਆਪਣੇ ਲਈ 600 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਇਸ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਸੇਬੀ ਨੇ ਕੁਝ ਰਿਟੇਲ ਬ੍ਰੋਕਰਾਂ ਦੀ ਕਲਾਇੰਟ ਪੋਜ਼ਿਸ਼ਨਜ਼ ਦੀ ਜਾਂਚ ਕੀਤੀ। ਇਸਦਾ ਨਤੀਜਾ ਅਜੇ ਤੱਕ ਜਨਤਕ ਨਹੀਂ ਕੀਤਾ ਗਿਆ ਹੈ। 22 ਨਵੰਬਰ ਨੂੰ ਇਕ ਆਦੇਸ਼ ਵਿਚ ਸੇਬੀ ਨੇ ਕਾਰਵੀ ਨੂੰ ਨਵੇਂ ਗਾਹਕ ਜੋੜਣ ਤੋਂ ਰੋਕ ਦਿੱਤਾ ਸੀ। ਉਸਨੇ ਕਾਰਵੀ ਨੂੰ ਗਾਹਕਾਂ ਦੇ ਪਾਵਰ ਆਫ ਆਟਰਨੀ ਦੀ ਵਰਤੋਂ ਤੋਂ ਵੀ ਰੋਕ ਦਿੱਤਾ ਸੀ। ਅਜਿਹਾ 2000 ਕਰੋੜ ਦੇ ਕਲਾਇੰਟ ਨੂੰ ਦੇਖਦੇ ਹੋਏ ਕੀਤਾ ਗਿਆ ਸੀ।
ਇਕ ਸੂਤਰ ਨੇ ਦੱਸਿਆ ਕਿ ਸੋਮਵਾਰ ਨੂੰ ਡਿਪਾਜ਼ਿਟਰੀਜ਼ ਨੇ ਕਰੀਬ 2013.77 ਕਰੋੜ ਰੁਪਏ ਦੇ ਸ਼ੇਅਰ ਕਾਰਵੀ ਸਟਾਕ ਬ੍ਰੋਕਿੰਗ ਦੇ 82,559 ਗਾਹਕਾਂ ਦੇ ਖਾਤੇ ਵਿਚ ਟਰਾਂਸਫਰ ਕਰ ਦਿੱਤੇ, ਜਿਨ੍ਹਾਂ ਦੇ ਸ਼ੇਅਰਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਗਿਰਵੀ ਰੱਖ ਦਿੱਤਾ ਗਿਆ ਸੀ। ਇਸ ਤਰੀਕੇ ਨਾਲ ਪ੍ਰਭਾਵਿਤ ਗਾਹਕਾਂ ਦੇ 87 ਫੀਸਦੀ ਹਿੱਸੇ ਦੇ ਸ਼ੇਅਰ ਵਾਪਸ ਟਰਾਂਸਫਰ ਕਰ ਦਿੱਤੇ ਗਏ। ਸੋਮਵਾਰ ਨੂੰ ਟਰਾਂਸਫਰ ਕੀਤੇ ਗਏ ਸ਼ੇਅਰ ਕਾਰਵੀ ਦੇ ਉਨ੍ਹਾਂ ਗਾਹਕਾਂ ਦੇ ਹਨ, ਜਿਨ੍ਹਾਂ ਨੇ ਉਨ੍ਹਾਂ ਲਈ ਪੂਰਾ ਭੁਗਤਾਨ ਕਰ ਦਿੱਤਾ ਸੀ ਪਰ ਪਾਵਰ ਆਫ ਆਟਰਨੀ ਦੀ ਦੁਰਵਰਤੋਂ ਕਰਦੇ ਹੋਏ ਉਨ੍ਹਾਂ ਸ਼ੇਅਰਾਂ ਨੂੰ ਗਿਰਵੀ ਰੱਖ ਦਿੱਤਾ ਸੀ।