ਭਾਰਤੀ ਕਰੰਸੀ ''ਚ ਇੰਨੀ ਹੋ ਸਕਦੀ ਹੈ ਡਾਲਰ ਦੀ ਕੀਮਤ, ਜਾਣੋ ਕੀ ਹੈ ਖਦਸ਼ਾ

08/25/2019 2:20:50 PM

ਨਵੀਂ ਦਿੱਲੀ— ਸਾਲ ਖਤਮ ਹੋਣ ਤਕ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ 74 ਰੁਪਏ ਪ੍ਰਤੀ ਡਾਲਰ ਤਕ ਜਾ ਸਕਦੀ ਹੈ। ਪਿਛਲੇ ਹਫਤੇ ਦੇ ਆਖਰੀ ਦਿਨ ਇਸ ਦੀ ਕੀਮਤ ਜਿੱਥੇ 71.66 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ, ਉੱਥੇ ਹੀ ਕਾਰੋਬਾਰ ਦੌਰਾਨ ਇਹ ਕਮਜ਼ੋਰ ਹੋ ਕੇ 72.03 ਪ੍ਰਤੀ ਡਾਲਰ ਤੱਕ ਵੀ ਪੁੱਜਾ। ਮਾਹਰਾਂ ਮੁਤਾਬਕ ਰੁਪਏ 'ਚ ਅੱਗੇ ਵੀ ਗਿਰਾਵਟ ਦਾ ਖਦਸ਼ਾ ਹੈ।

 

 

ਸ਼ੁੱਕਰਵਾਰ ਕਾਰੋਬਾਰ ਦੌਰਾਨ ਰੁਪਏ ਦੀ ਕੀਮਤ 2019 'ਚ ਪਹਿਲੀ ਵਾਰ 72 ਦੇ ਪੱਧਰ ਨੂੰ ਪਾਰ ਕੀਤੀ ਸੀ। ਰੁਪਏ 'ਚ ਕਮਜ਼ੋਰੀ ਨਾਲ ਕਈ ਅਜਿਹੇ ਸੈਕਟਰ ਹਨ, ਜਿਨ੍ਹਾਂ ਨੂੰ ਨੁਕਸਾਨ ਹੁੰਦਾ ਹੈ ਪਰ ਉੱਥੇ ਹੀ ਕੁਝ ਅਜਿਹੇ ਵੀ ਹਨ, ਜਿਨ੍ਹਾਂ ਨੂੰ ਲਾਭ ਮਿਲਦਾ ਹੈ।ਡਾਲਰ ਮਜਬੂਤ ਹੋਣ ਦਾ ਸਭ ਤੋਂ ਜ਼ਿਆਦਾ ਫਾਇਦਾ ਆਈ. ਟੀ. ਅਤੇ ਫਾਰਮਾ ਸੈਕਟਰ ਨੂੰ ਹੁੰਦਾ ਹੈ ਕਿਉਂਕਿ ਇਨ੍ਹਾਂ ਦੀ ਕਮਾਈ ਦਾ ਵੱਡਾ ਹਿੱਸਾ ਬਰਾਮਦ ਹੁੰਦਾ ਹੈ।

ਯੂ. ਐੱਸ. ਨਾਲ ਵਪਾਰ ਯੁੱਧ ਵਿਚਕਾਰ ਚੀਨ ਦੀ ਕਰੰਸੀ 11 ਸਾਲਾਂ ਦੇ ਸਭ ਤੋਂ ਘੱਟ ਪੱਧਰ 'ਤੇ ਪੁੱਜਣ ਅਤੇ ਘਰੇਲੂ ਇਕੁਇਟੀ 'ਚ ਵਿਕਵਾਲੀ ਕਾਰਨ ਰੁਪਏ 'ਚ ਗਿਰਾਵਟ ਦਰਜ ਕੀਤੀ ਗਈ। ਬਜਟ 'ਚ ਸਰਚਾਰਜ ਲਾਉਣ ਦੇ ਪ੍ਰਸਤਾਵ ਮਗਰੋਂ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਲਗਾਤਾਰ ਇਕੁਇਟੀ 'ਚੋਂ ਵਿਕਵਾਲੀ ਜਾਰੀ ਰਹੀ। ਹਾਲਾਂਕਿ, ਹੁਣ ਸਰਕਾਰ ਨੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੂੰ ਵਾਧੂ ਸਰਚਾਰਜ ਤੋਂ ਰਾਹਤ ਦੇ ਦਿੱਤੀ ਹੈ, ਜਿਸ ਨਾਲ ਬਾਜ਼ਾਰ ਦਾ ਰੁਝਾਨ ਸਕਾਰਾਤਾਮਕ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਪਰ ਨਾਲ ਹੀ ਗਲੋਬਲ ਸੰਕੇਤ ਵੀ ਅਸਰ ਪਾਉਣਗੇ। ਉੱਥੇ ਹੀ ਮਾਨਸੂਨ ਦੀ ਰਿਕਵਰੀ ਹੋਈ ਹੈ ਪਰ 14 ਸੂਬਿਆਂ 'ਚ ਹੜ੍ਹ ਦੇ ਹਾਲਾਤ ਨਾਲ ਫਸਲਾਂ ਦਾ ਵੀ ਨੁਕਸਾਨ ਹੋਇਆ ਹੈ।ਇਹ ਰੁਪਏ ਲਈ ਨੈਗੇਟਿਵ ਸੈਂਟੀਮੈਂਟ ਹੋ ਸਕਦਾ ਹੈ।ਮਾਹਰਾਂ ਮੁਤਾਬਕ, ਭਾਰਤੀ ਕਰੰਸੀ ਜਲਦ ਹੀ 73 ਰੁਪਏ ਪ੍ਰਤੀ ਡਾਲਰ ਤਕ ਡਿੱਗ ਸਕਦੀ ਹੈ ਅਤੇ ਸਾਲ ਖਤਮ ਹੋਣ ਤਕ ਇਹ 74 ਰੁਪਏ ਪ੍ਰਤੀ ਡਾਲਰ ਤਕ ਵੀ ਕਮਜ਼ੋਰ ਹੋ ਸਕਦੀ ਹੈ। ਹਾਲਾਂਕਿ ਇਹ ਬਹੁਤ ਹੱਦ ਤਕ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਰਾਹਤ ਮਿਲਣ ਮਗਰੋਂ ਵਿਦੇਸ਼ੀ ਨਿਵੇਸ਼ਕਾਂ ਦਾ ਕੀ ਰੁਝਾਨ ਰਹਿੰਦਾ ਹੈ ਤੇ ਨਾਲ ਹੀ ਯੂ. ਐੱਸ. ਅਤੇ ਚੀਨ 'ਚ ਵਪਾਰ ਯੁੱਧ ਵਿਚਕਾਰ ਭਾਰਤੀ ਬਰਾਮਦ ਨੂੰ ਕਿੰਨਾ ਫਾਇਦਾ ਹੁੰਦਾ ਹੈ।