5G ਦੇ ਟਰਾਇਲ ''ਚ ਰੋੜਾ, 90 ਦਿਨ ਲਈ ਹੀ ਮਿਲੇਗਾ ਸਪੈਕਟ੍ਰਮ!

02/18/2019 4:02:45 PM

ਨਵੀਂ ਦਿੱਲੀ—  ਪੰਜਵੀਂ ਪੀੜੀ ਦੀ ਮੋਬਾਇਲ ਤਕਨਾਲੋਜੀ ਦੇ ਟਰਾਇਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ਦੇ ਰਾਹ 'ਚ ਇਕ ਰੋੜਾ ਫਸਦਾ ਨਜ਼ਰ ਆ ਰਿਹਾ ਹੈ। ਦੂਰਸੰਚਾਰ ਵਿਭਾਗ ਦੀ ਵਾਇਰਲੈੱਸ ਪਲਾਨਿੰਗ ਵਿੰਗ ਨੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ 5-ਜੀ ਦੇ ਟਰਾਇਲ ਲਈ ਮੁਫਤ ਸਪੈਕਟ੍ਰਮ ਸਿਰਫ 90 ਦਿਨਾਂ ਲਈ ਦਿੱਤਾ ਜਾ ਸਕਦਾ ਹੈ। ਉੱਥੇ ਹੀ, ਮੋਬਾਇਲ ਫੋਨ ਸਰਵਿਸ ਇੰਡਸਟਰੀ ਤੇ ਉਪਕਰਣ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਟਰਾਇਲ ਚਲਾਉਣ ਲਈ ਘੱਟੋ-ਘੱਟ ਇਕ ਸਾਲ ਤਕ ਇਸ ਦੀ ਜ਼ਰੂਰਤ ਹੈ।

 

ਇਕ ਉੱਚ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਮੌਜੂਦਾ ਨਿਯਮਾਂ 'ਚ 90 ਦਿਨਾਂ ਦੀ ਸਮਾਂ ਸੀਮਾ ਲਗਾਈ ਗਈ ਹੈ ਅਤੇ ਇਸ ਗੱਲ 'ਤੇ ਅਜੇ ਤਕ ਕੋਈ ਫੈਸਲਾ ਨਹੀਂ ਹੋਇਆ ਹੈ ਕਿ ਪ੍ਰੀਖਣ ਲਈ 5-ਜੀ ਸਪੈਕਟ੍ਰਮ ਨੂੰ ਇਕ ਸਾਲ ਲਈ ਅਲਾਟ ਕੀਤਾ ਜਾ ਸਕਦਾ ਹੈ ਜਾਂ ਨਹੀਂ। ਭਾਰਤੀ ਸੈਲੂਲਰ ਓਪਰੇਟਰਸ ਸੰਗਠਨ (ਸੀ. ਓ. ਏ. ਆਈ.) ਦੇ ਡਾਇਰੈਕਟਰ ਜਨਰਲ ਰਾਜਨ ਐੱਸ. ਮੈਥਿਊ ਨੇ ਕਿਹਾ ਕਿ ਟਰਾਇਲ ਸਪੈਕਟ੍ਰਮ ਸਿਰਫ 90 ਦਿਨਾਂ ਲਈ ਦੇਣਾ ਨਾਕਾਫੀ ਹੈ ਅਤੇ ਇਸ ਨਾਲ ਮਕਸਦ ਪੂਰਾ ਨਹੀਂ ਹੋਵੇਗਾ। ਵੋਡਾਫੋਨ ਆਈਡੀਆ, ਭਾਰਤੀ ਏਅਰਟੈੱਲ ਅਤੇ ਰਿਲਾਇੰਸ ਜਿਓ ਦੀ ਪ੍ਰਤੀਨਿਧਤਾ ਕਰਨ ਵਾਲੀ ਇੰਡਸਟਰੀ ਬਾਡੀ ਨੇ ਕਿਹਾ ਕਿ 5-ਜੀ ਨੂੰ ਦੇਸ਼ ਭਰ 'ਚ ਸ਼ੁਰੂ ਕਰਨ ਲਈ ਬਿਹਤਰ ਡਾਟਾ ਕੁਲੈਕਸ਼ਨ ਅਤੇ ਵੱਡੇ ਪੱਧਰ 'ਤੇ ਟਰਾਇਲ ਕਰਨ ਦੀ ਜ਼ਰੂਰਤ ਹੈ।
ਉੱਥੇ ਹੀ, ਟੈਲੀਕਾਮ ਸੇਵਾ ਪ੍ਰਦਾਤਾਵਾਂ ਨੂੰ ਡਰ ਹੈ ਕਿ ਜੇਕਰ 90 ਦਿਨ ਦੀ ਮਿਆਦ ਲੰਘੀ ਤਾਂ ਉਨ੍ਹਾਂ ਨੂੰ ਜੁਰਮਾਨੇ ਤੋਂ ਇਲਾਵਾ ਸਪੈਕਟ੍ਰਮ ਚਾਰਜ ਭਰਨ ਲਈ ਮਜ਼ਬੂਰ ਕੀਤਾ ਜਾ ਸਕਦਾ ਹੈ। ਸੀ. ਓ. ਏ. ਆਈ. ਨੇ ਕਿਹਾ ਕਿ ਵਾਇਰਲੈੱਸ ਪਲਾਨਿੰਗ ਵਿੰਗ ਨੂੰ 5-ਜੀ ਟਰਾਇਲ ਲਈ ਇਸ 'ਤੇ ਬਣੀ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ, ਜਿਸ ਨੇ ਸਪੈਕਟ੍ਰਮ ਲਾਇੰਸੈਂਸ 12 ਮਹੀਨਿਆਂ ਲਈ ਦੇਣ ਦੀ ਵਕਾਲਤ ਕੀਤੀ ਸੀ।
 

ਸਰਕਾਰ ਨੂੰ ਉਮੀਦ 2020 'ਚ ਲਾਗੂ ਹੋਵੇਗਾ 5ਜੀ
ਮੋਦੀ ਸਰਕਾਰ ਨੂੰ ਉਮੀਦ ਹੈ ਕਿ ਭਾਰਤ 'ਚ 5-ਜੀ 2020 'ਚ ਲਾਗੂ ਹੋ ਜਾਵੇਗਾ। ਸਰਕਾਰ ਨੇ ਇਸ ਸਾਲ 5-ਜੀ ਟਰਾਇਲ ਲਈ ਟੈਲੀਕਾਮ ਸੇਵਾ ਪ੍ਰਦਾਤਾਵਾਂ- ਵੋਡਾਫੋਨ ਆਈਡੀਆ, ਭਾਰਤੀ ਏਅਰਟੈੱਲ, ਰਿਲਾਇੰਸ ਜਿਓ ਅਤੇ ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐਲ.) ਦੇ ਇਲਾਵਾ ਸਿਸਕੋ, ਹੂਵੇਈ, ਸੈਮਸੰਗ, ਐਰਿਕਸਨ ਅਤੇ ਨੋਕੀਆ ਵਰਗੇ ਨੈੱਟਵਰਕ ਵਿਕਰੇਤਾਵਾਂ ਨੂੰ ਵੀ ਸੱਦਾ ਦਿੱਤਾ ਹੈ। ਸਰਕਾਰ ਨੂੰ ਉਮੀਦ ਹੈ ਕਿ 2019 'ਚ ਟਰਾਇਲ ਹੋਣ ਤੋਂ ਬਾਅਦ 2020 'ਚ 5-ਜੀ ਸੇਵਾਵਾਂ ਨੂੰ ਵਪਾਰਕ ਤੌਰ 'ਤੇ ਲਾਗੂ ਕੀਤਾ ਜਾ ਸਕੇਗਾ।