517 ਥੋਕ ਮੰਡੀਆਂ ਈ-ਨਾਮ ਪਲੇਟਫਾਰਮ ਨਾਲ ਜੁੜੀਆਂ

03/17/2018 9:36:03 AM

ਨਵੀਂ ਦਿੱਲੀ—ਖੇਤੀਬਾੜੀ ਅਤੇ ਕਿਸਾਨ ਕਲਿਆਣ ਰਾਜ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਰਾਜ ਸਭਾ 'ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਸ਼ਟਰੀ ਖੇਤੀਬਾੜੀ ਬਾਜ਼ਾਰ (ਈ-ਨਾਮ) ਪਲੇਟਫਾਰਮ ਨਾਲ 517 ਥੋਕ ਮੰਡੀਆਂ ਨੂੰ ਜੋੜਿਆ ਜਾ ਚੁੱਕਾ ਹੈ। ਉਨ੍ਹਾਂ ਇਕ ਪ੍ਰਸ਼ਨ ਦੇ ਲਿਖਤੀ ਜਵਾਬ 'ਚ ਦੱਸਿਆ ਕਿ 12 ਮਾਰਚ ਦੀ ਸਥਿਤੀ ਅਨੁਸਾਰ 15 ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ 'ਚ 517 ਰੈਗੂਲੇਟਿਡ ਥੋਕ ਮੰਡੀਆਂ ਨੂੰ ਈ-ਨਾਮ ਪਲੇਟਫਾਰਮ ਨਾਲ ਜੋੜਿਆ ਜਾ ਚੁੱਕਿਆ ਹੈ। 
ਉਨ੍ਹਾਂ ਇਹ ਵੀ ਦੱਸਿਆ ਕਿ ਈ-ਨਾਮ ਪਲੇਟਫਾਰਮ ਨੂੰ ਵਰਤੋਂਕਰਤਾਵਾਂ ਦੇ ਹੋਰ ਜ਼ਿਆਦਾ ਅਨੁਕੂਲ ਬਣਾਉਣ ਲਈ 21 ਫਰਵਰੀ ਨੂੰ ਇਸ 'ਚ ਕੁੱਝ ਨਵੀਆਂ ਵਿਸ਼ੇਸ਼ਤਾਵਾਂ ਸ਼ੁਰੂ ਕੀਤੀਆਂ ਸਨ। ਇਨ੍ਹਾਂ ਵਿਸ਼ੇਸ਼ਤਾਵਾਂ 'ਚ ਐੱਮ. ਆਈ. ਐੱਸ.-ਡੈਸ਼ਬੋਰਡ, ਵਪਾਰੀਆਂ ਲਈ ਭੀਮ ਭੁਗਤਾਨ ਸਹੂਲਤ, ਮੋਬਾਇਲ ਭੁਗਤਾਨ ਸਹੂਲਤ, ਮੋਬਾਇਲ ਐਪ ਦੇ ਮਾਧਿਅਮ ਨਾਲ ਕਿਸਾਨਾਂ ਲਈ ਐਡਵਾਂਸ ਲਾਟਸ ਰਜਿਸਟ੍ਰੇਸ਼ਨ ਸਹੂਲਤ, ਕਿਸਾਨਾਂ ਲਈ ਉਨ੍ਹਾਂ ਦੇ ਲਾਟ ਦੀ ਖਾਤਰ ਈ-ਬੋਲੀ ਦੀ ਪ੍ਰੋਗ੍ਰੈੱਸ ਦੇਖਣ ਲਈ ਸਹੂਲਤ ਅਤੇ ਈ-ਨਾਮ ਵੈੱਬਸਾਈਟ 'ਚ ਈ-ਲਰਨਿੰਗ ਮਾਡਿਊਲ ਆਦਿ ਸ਼ਾਮਲ ਹਨ।