500 ਰੁਪਏ ਨੂੰ ਬਣਾ ਦਿੱਤਾ 62 ਹਜ਼ਾਰ ਕਰੋੜ, ਅਜਿਹੇ ਸਨ ਇਹ ਭਾਰਤੀ ਸ਼ਖਸ

07/09/2017 8:25:19 AM

ਨਵੀਂ ਦਿੱਲੀ— ਇਸ ਸ਼ਖਸ ਨੇ ਇੰਨੇ ਘਟ ਸਮੇਂ 'ਚ ਜਿੰਨੀ ਵੱਡੀ ਸਫਲਤਾ ਹਾਸਲ ਕੀਤੀ, ਉਹ ਕਿਸੇ ਆਮ ਵਿਅਕਤੀ ਲਈ ਆਸਾਨ ਨਹੀਂ ਹੈ। ਇਹ ਸ਼ਖਸ ਸਿਰਫ 500 ਰੁਪਏ ਲੈ ਕੇ ਮੁੰਬਈ ਆਇਆ ਸੀ ਪਰ ਕਿਸਮਤ ਨੇ ਇੰਨਾ ਸਾਥ ਦਿੱਤਾ ਕਿ ਸਿਤਾਰੇ ਬੁਲੰਦੀ 'ਤੇ ਪਹੁੰਚ ਗਏ। ਅਸੀਂ ਗੱਲ ਕਰ ਰਹੇ ਧੀਰੂਬਾਈ ਅੰਬਾਨੀ ਦੀ, ਜਿਨ੍ਹਾਂ ਨੂੰ ਹੁਣ ਤਕ ਦਾ ਸਭ ਤੋਂ ਸਫਲ ਕਾਰੋਬਾਰੀ ਮੰਨਿਆ ਜਾਂਦਾ ਹੈ। ਭਾਰਤੀ ਕਾਰਪੋਰੇਟ ਵਰਲਡ 'ਚ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਜੇਕਰ ਕਾਰੋਬਾਰ ਕਰਨਾ ਹੈ ਤਾਂ ਧੀਰੂਬਾਈ ਤੋਂ ਸਿੱਖੋ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਧੀਰੂਬਾਈ ਅੰਬਾਨੀ ਸਿਰਫ 500 ਰੁਪਏ ਲੈ ਕੇ ਮੁੰਬਈ ਆਏ ਸਨ। 6 ਜੁਲਾਈ 2002 ਨੂੰ ਜਦੋਂ ਉਨ੍ਹਾਂ ਦੀ ਮੌਤ ਹੋਈ ਉਦੋਂ ਤਕ ਰਿਲਾਇੰਸ 62 ਹਜ਼ਾਰ ਕਰੋੜ ਦੀ ਕੰਪਨੀ ਬਣ ਚੁੱਕੀ ਸੀ। 500 ਰੁਪਏ ਤੋਂ 62 ਹਜ਼ਾਰ ਕਰੋੜ ਦਾ ਸਫਰ ਆਸਾਨ ਨਹੀਂ ਸੀ। ਇਸ ਦੌਰਾਨ ਕਈ ਉਤਰਾਅ-ਚੜ੍ਹਾਅ ਵੀ ਆਏ। 
ਮੁਸ਼ਕਲਾਂ ਨਾਲ ਸ਼ੁਰੂ ਹੋਇਆ ਸਫਰ, ਨਹੀਂ ਮੰਨੀ ਹਾਰ


ਗੁਜਰਾਤ ਦੇ ਛੋਟੇ ਜਿਹੇ ਪਿੰਡ ਚੋਰਵਾੜ ਦੇ ਇਕ ਸਕੂਲ 'ਚ ਅਧਿਆਪਕ ਹੀਰਾਚੰਦ ਗੋਵਰਧਨ ਦਾਸ ਅੰਬਾਨੀ ਦੇ ਤੀਜੇ ਬੇਟੇ ਧੀਰੂਬਾਈ ਅੰਬਾਨੀ ਦਾ ਜਨਮ 28 ਦਸੰਬਰ 1932 ਨੂੰ ਹੋਇਆ। ਆਰਥਕ ਤੰਗੀ ਦੇ ਮੱਦੇਨਜ਼ਰ ਧੀਰੂਬਾਈ ਨੇ ਹਾਈ ਸਕੂਲ ਤਕ ਦੀ ਪੜ੍ਹਾਈ ਕੀਤੀ। ਇਸ ਦੇ ਬਾਅਦ ਉਨ੍ਹਾਂ ਨੇ ਛੋਟੇ-ਮੋਟੇ ਕੰਮ ਸ਼ੁਰੂ ਕੀਤੇ। ਹਾਲਾਂਕਿ ਇਸ ਨਾਲ ਪਰਿਵਾਰ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਨਹੀਂ  ਹੋ ਰਹੀਆਂ ਸਨ। ਇਹ ਧੀਰੂਬਾਈ ਦਾ ਸ਼ੁਰੂਆਤੀ ਦੌਰ ਸੀ, ਅੱਗੇ ਵੱਡੀ ਸਫਲਤਾ ਉਨ੍ਹਾਂ ਦੀ ਉਡੀਕ ਕਰ ਰਹੀ ਸੀ। 
ਪੈਟਰੋਲ ਪੰਪ 'ਤੇ ਵੀ ਕੀਤਾ ਕੰਮ!


ਧੀਰੂਬਾਈ ਦੇ ਜੀਵਨ 'ਚ ਸਭ ਤੋਂ ਵੱਡਾ ਮੋੜ ਉਦੋਂ ਆਇਆ ਜਦੋਂ ਉਹ 1949 'ਚ 17 ਸਾਲ ਦੀ ਉਮਰ 'ਚ ਕਾਬੋਟਾ ਨਾਮਕ ਸ਼ਿਪ ਜ਼ਰੀਏ ਯਮਨ ਦੇ ਅਦਨ ਸ਼ਹਿਰ ਪਹੁੰਚੇ। ਇੱਥੇ ਉਨ੍ਹਾਂ ਦੇ ਵੱਡੇ ਭਰਾ ਪਹਿਲਾਂ ਹੀ ਕੰਮ ਕਰਦੇ ਸਨ। ਉੱਥੇ ਅੰਬਾਨੀ ਨੇ 'ਏ. ਬੇਸੀ ਐਂਡ ਕੰਪਨੀ' ਦੇ ਨਾਲ 300 ਰੁਪਏ ਪ੍ਰਤੀ ਮਹੀਨਾ ਤਨਖਾਹ 'ਤੇ ਪੈਟਰੋਲ ਪੰਪ 'ਤੇ ਕੰਮ ਕੀਤਾ। ਬਾਅਦ 'ਚ ਕੰਪਨੀ ਨੇ ਉਨ੍ਹਾਂ ਨੂੰ ਅਦਨ ਬੰਦਰਗਾਹ 'ਤੇ ਫਿਲਿੰਗ ਸਟੇਸ਼ਨ 'ਚ ਮੈਨੇਜਰ ਬਣਾ ਦਿੱਤਾ ਪਰ ਧੀਰੂਬਾਈ ਦੇ ਦਿਮਾਗ 'ਚ ਕੁਝ ਹੋਰ ਹੀ ਸੀ। ਇਸ ਲਈ 1954 'ਚ ਉਹ ਵਤਨ ਵਾਪਸ ਆ ਗਏ। 
ਸਿਰਫ 500 ਰੁਪਏ ਲੈ ਕੇ ਪਹੁੰਚੇ ਮੁੰਬਈ


ਵੱਡਾ ਆਦਮੀ ਬਣਨ ਦਾ ਸੁਪਨਾ ਦੇਖਣ ਵਾਲੇ ਅੰਬਾਨੀ ਭਾਰਤ ਆਉਣ ਦੇ ਇਕ ਸਾਲ ਬਾਅਦ ਮੁੰਬਈ ਪਹੁੰਚ ਗਏ। ਜਦੋਂ ਘਰ ਤੋਂ ਮੁੰਬਈ ਲਈ ਨਿਕਲੇ ਤਾਂ ਉਨ੍ਹਾਂ ਦੀ ਜੇਬ 'ਚ ਸਿਰਫ 500 ਰੁਪਏ ਸਨ ਪਰ ਮਨ 'ਚ ਹੌਂਸਲਾ ਵੱਡਾ ਸੀ। ਮੁੰਬਈ ਤੋਂ ਉਨ੍ਹਾਂ ਦੇ ਕਾਰੋਬਾਰੀ ਸਫਰ ਦੀ ਸ਼ੁਰੂਆਤ ਹੋਈ। ਉਸ ਦੌਰ 'ਚ ਭਾਰਤ 'ਚ ਸਭ ਤੋਂ ਜ਼ਿਆਦਾ ਮੰਗ ਪਾਲੀਸਟਰ ਦੀ ਸੀ ਅਤੇ ਵਿਦੇਸ਼ 'ਚ ਭਾਰਤ ਦੇ ਮਸਾਲਿਆਂ ਦੀ। 350 ਵਰਗ ਫੁੱਟ ਦਾ ਕਮਰਾ, ਇਕ ਮੇਜ਼, ਤਿੰਨ ਕੁਰਸੀਆਂ, ਦੋ ਸਾਥੀ ਅਤੇ ਇਕ ਟੈਲੀਫੋਨ ਦੇ ਨਾਲ ਧੀਰੂਬਾਈ ਨੇ ਰਿਲਾਇੰਸ ਕਾਮਰਸ ਕਾਰਪੋਰੇਸ਼ਨ ਦੀ ਨੀਂਹ ਰੱਖੀ। ਉਨ੍ਹਾਂ ਦੀ ਕੰਪਨੀ ਉਸ ਸਮੇਂ ਭਾਰਤ ਤੋਂ ਮਸਾਲੇ ਭੇਜਦੀ ਸੀ ਅਤੇ ਉੱਥੋਂ ਪਾਲੀਸਟਰ ਮੰਗਾਉਂਦੀ ਸੀ। ਅੰਬਾਨੀ ਆਪਣੇ ਤਰੀਕਿਆਂ ਨਾਲ ਅੱਗੇ ਵਧ ਰਹੇ ਸਨ। ਉਨ੍ਹਾਂ ਨੇ 1966 'ਚ ਵਿਮਲ ਬ੍ਰਾਂਡ ਦੀ ਸ਼ੁਰੂਆਤ ਕੀਤੀ ਜੋ ਕਪੜੇ ਬਣਾਉਣ ਦਾ ਕਾਰੋਬਾਰ ਸੀ। ਵਰਲਡ ਬੈਂਕ ਦੇ ਮਾਹਰ ਪੈਨਲ ਨੇ ਵਿਮਲ ਕਪੜਿਆਂ ਨੂੰ ਵਿਸ਼ਵ ਕਵਾਲਿਟੀ ਦਾ ਕਰਾਰ ਦਿੱਤਾ ਸੀ। 1985 'ਚ ਕਾਂਗਰਸ ਸਰਕਾਰ ਦੇ ਵਿੱਤ ਮੰਤਰੀ ਅਤੇ ਬਾਅਦ 'ਚ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਵੀ. ਪੀ. ਸਿੰਘ ਨਾਲ ਉਨ੍ਹਾਂ ਦੇ ਰਿਸ਼ਤੇ ਬਿਹਤਰ ਨਹੀਂ ਬਣ ਸਕੇ। ਹਾਲਾਂਕਿ 1992 'ਚ ਜਿਵੇਂ ਹੀ ਦੇਸ਼ 'ਚ ਲਾਈਸੈਂਸ ਰਾਜ ਖਤਮ ਹੋਇਆ। ਰਿਲਾਇੰਸ ਨੇ ਤੇਜ਼ੀ ਨਾਲ ਤਰੱਕੀ ਕੀਤੀ। ਸਾਲ 2000 ਦੇ ਨੇੜੇ-ਤੇੜੇ ਰਿਲਾਇੰਸ ਪੈਟਰੋ ਕੈਮੀਕਲ ਅਤੇ ਟੈਲੀਕਾਮ ਸੈਕਟਰ 'ਚ ਆਈ। ਇਸ ਦੌਰਾਨ ਅੰਬਾਨੀ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਬਣ ਕੇ ਵੀ ਉਭਰੇ। ਹਾਲਾਂਕਿ 6 ਜੁਲਾਈ 2002 ਨੂੰ ਧੀਰੂਬਾਈ ਅੰਬਾਨੀ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਦੋਵੇਂ ਪੁੱਤਰਾਂ ਨੇ ਕਾਰੋਬਾਰ ਆਪਸ 'ਚ ਵੰਡ ਲਿਆ। ਮੌਜੂਦਾ ਸਮੇਂ ਉਨ੍ਹਾਂ ਦੇ ਵੱਡੇ ਬੇਟੇ ਮੁਕੇਸ਼ ਅੰਬਾਨੀ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਹਨ। ਅਨਿਲ ਅੰਬਾਨੀ ਵੀ ਅਮੀਰ ਲੋਕਾਂ 'ਚ ਸ਼ਾਮਲ ਕੀਤੇ ਗਏ ਹਨ।