ਟ੍ਰੇਡ ਵਾਰ ਕਾਰਨ ਚੀਨ ਦੀਆਂ 5 ਕੰਪਨੀਆਂ ਕਰਨਗੀਆਂ ਭਾਰਤ ''ਚ 800 ਕਰੋੜ ਦਾ ਨਿਵੇਸ਼

12/06/2019 10:15:35 AM

ਨੋਇਡਾ — ਅਮਰੀਕਾ ਅਤੇ ਚੀਨ ਵਿਚਕਾਰ ਜਾਰੀ ਟ੍ਰੇਡ ਵਾਰ ਦੇ ਕਾਰਨ ਵਪਾਰੀਆਂ ਨੂੰ ਹੁਣ ਚੀਨ ਵਿਚ ਕਾਰੋਬਾਰ ਕਰਨ ਦਾ ਸਹੀ ਮਾਹੌਲ ਨਹੀਂ ਮਿਲ ਰਿਹਾ ਹੈ ਜਿਸ ਤਰ੍ਹਾਂ ਦਾ ਟ੍ਰੇਡ ਵਾਰ ਤੋਂ ਪਹਿਲਾਂ ਮਿਲਿਆ ਕਰਦਾ ਸੀ। ਇਹ ਹੀ ਕਾਰਨ ਹੈ ਕਿ ਚੀਨ 'ਚ ਕਾਰੋਬਾਰ ਕਰ ਰਹੀਆਂ ਕੰਪਨੀਆਂ ਹੁਣ ਹੋਰ ਦੂਜੇ ਬਜ਼ਾਰਾਂ ਵੱਲ ਰੁਖ਼ ਕਰ ਰਹੀਆਂ ਹਨ। ਹੁਣ ਇਨ੍ਹਾਂ ਕੰਪਨੀਆਂ ਨੇ ਹੌਲੀ-ਹੌਲੀ ਚੀਨ ਵਿਚੋਂ ਕਾਰੋਬਾਰ ਸਮੇਟਣਾ ਸ਼ੁਰੂ ਕਰ ਦਿੱਤਾ ਹੈ। ਚੀਨ ਦੀਆਂ ਪੰਜ ਕੰਪਨੀਆਂ ਨੇ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ 'ਚ ਨਿਰਮਾਣ ਯੁਨਿਟ ਲਗਾਉਣ ਦੀ ਇੱਛਾ ਜ਼ਾਹਰ ਕੀਤੀ ਹੈ। 

ਇਹ ਪੰਜ ਕੰਪਨੀਆਂ ਗ੍ਰੇਟਰ ਨੋਇਡਾ 'ਚ 800 ਕਰੋੜ ਰੁਪਏ ਨਿਵੇਸ਼ ਕਰਨ ਬਾਰੇ ਸੋਚ ਰਹੀਆਂ ਹਨ। ਅਧਿਕਾਰੀਆਂ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਦੇ ਅਧਿਕਾਰੀਆਂ ਦਾ ਇਕ ਵਫਦ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਚੀਨ ਦੇ ਤਿੰਨ ਸ਼ਹਿਰਾਂ ਵਿਚ ਯਾਤਰਾ 'ਤੇ ਗਿਆ  ਸੀ। ਉਸ ਤੋਂ ਬਾਅਦ ਇਨ੍ਹਾਂ 5 ਕੰਪਨੀਆਂ ਨੇ 800 ਕਰੋੜ ਦਾ ਨਿਵੇਸ਼ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ।

ਗ੍ਰੇਟਰ ਨੋਇਡਾ ਉਦਯੋਗਿਕ ਵਿਕਾਸ ਅਥਾਰਟੀ(GNIDA) ਦੇ ਬਿਆਨ ਮੁਤਾਬਕ ਪ੍ਰਮੁੱਖ ਫੋਨ ਨਿਰਮਾਤਾ ਸ਼ਿਓਮੀ ਨੂੰ ਸਪੇਅਰਸ ਦੀ ਸਪਲਾਈ ਕਰਨ ਵਾਲੀ ਚੀਨ ਦੀ ਹੋਲੀਟੇਕ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਅਧਿਕਾਰੀਆਂ ਨੇ ਗ੍ਰੇਟਰ ਨੋਇਡਾ ਉਦਯੋਗਿਕ ਵਿਕਾਸ ਅਥਾਰਟੀ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਆਪਣੀਆਂ ਪੰਜ ਭਾਈਵਾਲ ਕੰਪਨੀਆਂ ਦੇ ਇਰਾਦਾ ਪੱਤਰ ਸੌਂਪੇ ਹਨ।