ਅਕਤੂਬਰ ''ਚ 41 ਫ਼ੀਸਦੀ ਡਿੱਗੀ ਰੈਡੀਮੇਡ ਗਾਰਮੈਂਟਸ ਦੀ ਬਰਾਮਦ

11/18/2017 12:30:31 AM

ਕੋਇੰਬਟੂਰ— ਰੈਡੀਮੇਡ ਗਾਰਮੈਂਟਸ ਦੀ ਬਰਾਮਦ 'ਚ ਸਤੰਬਰ 'ਚ ਕਰੀਬ 25 ਫ਼ੀਸਦੀ ਦਾ ਵਾਧਾ ਹੋਇਆ ਸੀ ਪਰ ਅਕਤੂਬਰ 'ਚ ਇਸ 'ਚ ਲਗਭਗ 41 ਫ਼ੀਸਦੀ ਦੀ ਗਿਰਾਵਟ ਆਈ ਹੈ। ਬਰਾਮਦਕਾਰਾਂ ਦਾ ਕਹਿਣਾ ਹੈ ਕਿ ਵਸਤੂ ਅਤੇ ਸੇਵਾਕਰ (ਜੀ. ਐੱਸ. ਟੀ.) ਨੂੰ ਲੈ ਕੇ ਚੀਜ਼ਾਂ ਸਪੱਸ਼ਟ ਨਾ ਹੋਣ ਕਾਰਨ ਬਰਾਮਦ 'ਚ ਕਮੀ ਆਈ ਹੈ। ਨਾਲ ਹੀ ਦੂਜੇ ਮੁਕਾਬਲੇਬਾਜ਼ ਦੇਸ਼ਾਂ ਦੇ ਮੁਕਾਬਲੇ ਭਾਰਤ ਚੰਗੀ ਸਥਿਤੀ 'ਚ ਨਹੀਂ ਹੈ। ਰੈਡੀਮੇਡ ਕੱਪੜਿਆਂ ਦੀ ਬਰਾਮਦ ਸਤੰਬਰ 'ਚ ਵਧ ਕੇ 10,707 ਕਰੋੜ ਰੁਪਏ ਪਹੁੰਚ ਗਈ ਸੀ ਜੋ ਇਕ ਸਾਲ ਪਹਿਲਾਂ ਇਸੇ ਮਿਆਦ 'ਚ 8,583.55 ਕਰੋੜ ਰੁਪਏ ਸੀ। ਡਾਲਰ ਦੇ ਸੰਦਰਭ 'ਚ ਵੇਖਿਆ ਜਾਵੇ ਤਾਂ ਇਸ ਸਾਲ ਸਤੰਬਰ 'ਚ 1.662 ਅਰਬ ਡਾਲਰ ਦੀ ਬਰਾਮਦ ਕੀਤੀ ਗਈ, ਜਦੋਂ ਕਿ ਪਿਛਲੇ ਸਾਲ ਇਸੇ ਮਿਆਦ 'ਚ ਇਹ 1.284 ਅਰਬ ਡਾਲਰ ਸੀ। 3 ਮਹੀਨੇ ਦੀ ਮਿਆਦ ਮਗਰੋਂ ਰੈਡੀਮੇਡ ਕੱਪੜਿਆਂ ਦੀ ਬਰਾਮਦ 'ਚ ਹਾਂ-ਪੱਖੀ ਵਾਧਾ ਹੋਇਆ ਪਰ ਅਕਤੂਬਰ 'ਚ ਇਸ ਦੀ ਬਰਾਮਦ 'ਚ 41 ਫ਼ੀਸਦੀ ਦੀ ਗਿਰਾਵਟ ਆਈ। ਰੁਪਏ ਦੇ ਸੰਦਰਭ 'ਚ ਇਹ 9,100.75 ਕਰੋੜ ਰੁਪਏ ਤੋਂ ਘਟ ਕੇ 5,398.08 ਕਰੋੜ ਰੁਪਏ ਰਹਿ ਗਈ। ਡਾਲਰ ਦੇ ਸੰਦਰਭ 'ਚ ਇਹ ਗਿਰਾਵਟ 39.22 ਫ਼ੀਸਦੀ ਹੈ। ਪਿਛਲੇ ਸਾਲ ਇਸੇ ਮਿਆਦ 'ਚ 1.364 ਅਰਬ ਡਾਲਰ ਦੇ ਰੈਡੀਮੇਡ ਕੱਪੜਿਆਂ ਦੀ ਬਰਾਮਦ ਹੋਈ ਸੀ, ਜਦੋਂ ਕਿ ਇਸ ਵਾਰ ਇਹ 0.829 ਅਰਬ ਡਾਲਰ ਰਹੀ। 
ਬਰਾਮਦਕਾਰ ਨਹੀਂ ਚੁੱਕ ਸਕੇ ਹਾਂ-ਪੱਖੀ ਰੁਝਾਨ ਦਾ ਫਾਇਦਾ  
ਫੈੱਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜ਼ੇਸ਼ਨ (ਫਿਓ) ਸਾਊਧਰਨ ਰੀਜਨ ਦੇ ਰੀਜਨਲ ਚੇਅਰਮੈਨ ਏ. ਸ਼ਕਤੀਵੇਲ ਨੇ ਕਿਹਾ ਕਿ ਨਕਦੀ ਦੀ ਭਾਰੀ ਕਮੀ ਕਾਰਨ ਬਰਾਮਦਕਾਰ ਕੌਮਾਂਤਰੀ ਵਪਾਰ ਦੇ ਹਾਂ-ਪੱਖੀ ਰੁਝਾਨ ਦਾ ਫਾਇਦਾ ਨਹੀਂ ਚੁੱਕ ਸਕੇ ਹਨ। ਉਨ੍ਹਾਂ ਕਿਹਾ ਕਿ ਬਰਾਮਦਕਾਰਾਂ ਨੂੰ ਜੁਲਾਈ ਅਤੇ ਅਗਸਤ 'ਚ ਭੁਗਤਾਨ ਕੀਤੇ ਗਏ ਜੀ. ਐੱਸ. ਟੀ. ਦੇ ਰਿਫੰਡ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਭਾਗ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਿਹਾ ਹੈ ਪਰ ਵਿਵਸਥਾ ਦੀਆਂ ਖਾਮੀਆਂ ਕਾਰਨ ਰਿਫੰਡ ਦੇ ਸਾਰੇ ਮਾਮਲੇ ਅਜੇ ਸੁਲਝਾਏ ਨਹੀਂ ਜਾ ਸਕੇ ਹਨ। ਉਨ੍ਹਾਂ ਸੈਂਟਰਲ ਬੋਰਡ ਆਫ ਐਕਸਾਈਜ਼ ਐਂਡ ਕਸਟਮ (ਸੀ. ਬੀ. ਈ. ਸੀ.) ਵੱਲੋਂ ਬਰਾਮਦ 'ਤੇ ਭੁਗਤਾਨ ਕੀਤੇ ਗਏ ਸਿੰਗਲ ਜੀ. ਐੱਸ. ਟੀ. ਦੇ ਆਧਾਰ 'ਤੇ ਤੁਰੰਤ ਜੀ. ਐੱਸ. ਟੀ. ਰਿਫੰਡ ਜਾਰੀ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਇਸ ਦੇ ਲਈ ਬਾਅਦ 'ਚ ਤਸਦੀਕ ਕੀਤਾ ਜਾ ਸਕਦਾ ਹੈ।  
ਉਨ੍ਹਾਂ ਵਿੱਤ ਮੰਤਰਾਲਾ ਨੂੰ 31 ਮਾਰਚ, 2018 ਤੱਕ ਡਿਊਟੀ ਡਰਾਅਬੈਕ ਦੀ ਪੁਰਾਣੀ ਦਰ ਬਹਾਲ ਕਰਨ ਦੀ ਅਪੀਲ ਕੀਤੀ ਤਾਂ ਕਿ ਭਾਰਤੀ ਉਤਪਾਦ ਮੁਕਾਬਲੇਬਾਜ਼ ਬਣ ਸਕਣ ਅਤੇ ਹਾਂ-ਪੱਖੀ ਰੁਝਾਨਾਂ ਦਾ ਫਾਇਦਾ ਚੁੱਕ ਸਕਣ।
ਜੀ. ਐੱਸ. ਟੀ. ਨੇ ਦੂਜੇ ਦੇਸ਼ਾਂ ਦੇ ਮੁਕਾਬਲੇ ਉਤਪਾਦਾਂ ਨੂੰ ਕੀਤਾ ਮਹਿੰਗਾ 
ਤਿਰੂਪੁਰ ਐਕਸਪੋਰਟਸ ਐਸੋਸੀਏਸ਼ਨ (ਟੀ. ਈ. ਏ.) ਦੇ ਪ੍ਰਧਾਨ ਰਾਜਾ ਐੱਮ. ਸ਼ਣਮੁਗਮ ਨੇ ਕਿਹਾ ਕਿ ਲੋਕ ਹੁਣ ਵਿਵਸਥਾ ਦੇ ਆਦੀ ਹੋ ਰਹੇ ਹਨ। ਪਿਛਲੇ 3 ਮਹੀਨਿਆਂ ਦੌਰਾਨ ਜਦੋਂ ਕੌਮਾਂਤਰੀ ਮੰਗ ਵਧ ਰਹੀ ਸੀ ਤਾਂ ਬਰਾਮਦਕਾਰ ਟੈਕਸ ਨਾਲ ਜੁੜੇ ਭੁਲੇਖਿਆਂ ਕਾਰਨ ਇਸ ਦਾ ਫਾਇਦਾ ਨਹੀਂ ਚੁੱਕ ਸਕੇ। ਸ਼ਣਮੁਗਮ ਨੇ ਕਿਹਾ ਕਿ ਹੁਣ ਸਾਡੇ ਕੋਲ ਕੋਈ ਬਦਲ ਨਹੀਂ ਹੈ ਪਰ ਜੀ. ਐੱਸ. ਟੀ. ਨੇ ਦੂਜੇ ਦੇਸ਼ਾਂ ਦੇ ਮੁਕਾਬਲੇ ਸਾਡੇ ਉਤਪਾਦਾਂ ਨੂੰ ਮਹਿੰਗਾ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਤੰਬਰ 'ਚ ਬਰਾਮਦ 'ਚ ਜੋ ਵਾਧਾ ਹੋਇਆ ਸੀ ਉਹ ਮੌਜੂਦਾ ਮਾਹੌਲ 'ਚ ਸਥਾਈ ਨਹੀਂ ਹੈ।