6 ਕਰੋੜ ਕਿਸਾਨਾਂ ਨੂੰ ਲੋਹੜੀ ਦਾ ਤੋਹਫਾ, ਖਾਤੇ 'ਚ ਪਹੁੰਚੀ ਦਸੰਬਰ ਦੀ ਕਿਸ਼ਤ

01/02/2020 3:41:40 PM

ਨਵੀਂ ਦਿੱਲੀ— ਕਿਸਾਨਾਂ ਲਈ ਵੱਡੀ ਖੁਸ਼ਖਬਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ 'ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ' ਯੋਜਨਾ ਤਹਿਤ ਦੇਸ਼ ਦੇ 6 ਕਰੋੜ ਕਿਸਾਨਾਂ ਨੂੰ ਦਸੰਬਰ ਦੀ ਕਿਸ਼ਤ ਵਜੋਂ 12,000 ਕਰੋੜ ਰੁਪਏ ਜਾਰੀ ਕਰਕੇ ਨਵੇਂ ਸਾਲ ਤੇ ਲੋਹੜੀ ਦਾ ਤੋਹਫਾ ਦਿੱਤਾ ਹੈ। ਕਿਸਾਨਾਂ ਦੇ ਖਾਤੇ 'ਚ ਪੀ. ਐੱਮ. ਕਿਸਾਨ ਤਹਿਤ 2 ਹਜ਼ਾਰ ਰੁਪਏ ਦੀ ਤੀਜੀ ਕਿਸ਼ਤ ਟਰਾਂਸਫਰ ਕਰ ਦਿੱਤੀ ਗਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਾਟਕ ਦੇ ਦੋ ਦਿਨਾਂ ਦੌਰੇ 'ਤੇ ਹਨ। ਵੀਰਵਾਰ ਨੂੰ ਕਰਨਾਟਕ ਦੇ ਤੁਮਕੁਰ 'ਚ ਜਨਸਭਾ ਨੂੰ ਸੰਬੋਧਨ ਕਰਨ ਦੌਰਾਨ ਉਨ੍ਹਾਂ ਨੇ ਪੀ. ਐੱਮ. ਕਿਸਾਨ ਦੀ ਤੀਜੀ ਕਿਸ਼ਤ ਟਰਾਂਸਫਰ ਕਰਕੇ ਦੇਸ਼ ਭਰ ਦੇ ਕਿਸਾਨਾਂ ਨੂੰ ਸੌਗਾਤ ਦਿੱਤੀ।


ਕੀ ਹੈ ਪੀ. ਐੱਮ. ਕਿਸਾਨ ਯੋਜਨਾ
ਸਰਕਾਰ ਵੱਲੋਂ ਪ੍ਰਧਾਨ ਮੰਤਰੀ-ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਇਕ ਕਿਸਾਨ ਪਰਿਵਾਰ ਨੂੰ ਸਾਲਾਨਾ 6000 ਰੁਪਏ ਟਰਾਂਸਫਰ ਕਰਨ ਦੀ ਵਿਵਸਥਾ ਕੀਤੀ ਗਈ ਹੈ। ਇਹ ਰਕਮ ਤਿੰਨ ਕਿਸ਼ਤਾਂ ਦਿੱਤੀ ਜਾਂਦੀ ਹੈ ਤੇ ਹਰ ਕਿਸ਼ਤ ਦੀ ਰਕਮ 2,000 ਰੁਪਏ ਰੱਖੀ ਗਈ ਹੈ। ਇਸ ਯੋਜਨਾ ਦਾ ਫਾਇਦਾ ਪਿਛਲੇ ਸਾਲ ਦਸੰਬਰ ਤੋਂ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ। ਪਿਛਲੇ ਸਾਲ ਤਤਕਾਲੀ ਵਿੱਤ ਮੰਤਰੀ ਪਿਯੂਸ਼ ਗੋਇਲ ਨੇ ਫਰਵਰੀ ਦੇ ਅੰਤਰਿਮ ਬਜਟ 'ਚ ਇਸ ਯੋਜਨਾ ਦੀ ਘੋਸ਼ਣਾ ਕੀਤੀ ਸੀ।
ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ 'ਚ ਸੰਯੁਕਤ ਸਕੱਤਰ ਅਤੇ ਪੀ. ਐੱਮ-ਕਿਸਾਨ ਯੋਜਨਾ ਦੇ ਸੀ. ਈ. ਓ. ਵਿਵੇਕ ਅਗਰਵਾਲ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ-ਕਿਸਾਨ ਸਨਮਾਨ ਨਿਧੀ ਪੋਰਟਲ 'ਤੇ ਰਜਿਸਟਰਡ ਕਿਸਾਨਾਂ ਦਾ ਵੇਰਵਾ ਸੂਬਾ ਸਰਕਾਰਾਂ ਨੂੰ ਭੇਜਿਆ ਜਾਂਦਾ ਹੈ, ਜਿੱਥੋਂ ਆਧਾਰ ਤੇ ਜ਼ਮੀਨੀ ਮਾਲੀਆ ਰਿਕਾਰਡਾਂ ਦੀ ਜਾਂਚ ਕੀਤੀ ਜਾਂਦੀ ਹੈ। ਇਨ੍ਹਾਂ ਪ੍ਰਕਿਰਿਆਵਾਂ 'ਚੋਂ ਲੰਘਣ ਤੋਂ ਬਾਅਦ ਹੀ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੀ ਰਕਮ ਲਾਭਪਾਤਰ ਕਿਸਾਨਾਂ ਦੇ ਖਾਤਿਆਂ 'ਚ ਟਰਾਂਸਫਰ ਕੀਤੀ ਜਾਂਦੀ ਹੈ।