ਤਿੰਨ ਭਾਰਤੀ ਕੰਪਨੀਆਂ ਨੂੰ ਨਾਸਾ ਤੋਂ ਵੈਂਟੀਲੇਟਰ ਨਿਰਮਾਣ ਦਾ ਮਿਲਿਆ ਲਾਇਸੈਂਸ

05/30/2020 5:59:44 PM

ਵਾਸ਼ਿੰਗਟਨ — ਤਿੰਨ ਭਾਰਤੀ ਕੰਪਨੀਆਂ ਨੂੰ ਅਮਰੀਕਾ ਦੇ ਨੈਸ਼ਨਲ ਏਰੋਨੋਟਿਕਲ ਐਂਡ ਸਪੇਸ ਐਡਮਿਨਿਸਟ੍ਰੇਸ਼ਨ (ਨਾਸਾ) ਤੋਂ ਕੋਵਿਡ-19 ਦੇ ਮਰੀਜ਼ਾਂ ਲਈ ਵੈਂਟੀਲੇਟਰ ਬਣਾਉਣ  ਲਾਇਸੈਂਸ ਮਿਲਿਆ ਹੈ। ਇਹ ਤਿੰਨ ਭਾਰਤੀ ਕੰਪਨੀਆਂ ਅਲਫਾ ਡਿਜ਼ਾਈਨ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ, ਭਾਰਤ ਫੋਰਜ ਲਿਮਟਿਡ ਅਤੇ ਮੇਘਾ ਸਰਵੋ ਡਰਾਈਵਜ਼ ਪ੍ਰਾਈਵੇਟ ਲਿਮਟਿਡ ਹਨ।

ਇਹ ਜਾਣਕਾਰੀ ਸ਼ੁੱਕਰਵਾਰ ਨੂੰ ਨਾਸਾ ਵੱਲੋਂ ਜਾਰੀ ਬਿਆਨ ਵਿਚ ਦਿੱਤੀ ਗਈ ਹੈ। ਤਿੰਨ ਭਾਰਤੀ ਕੰਪਨੀਆਂ ਤੋਂ ਇਲਾਵਾ 18 ਹੋਰ ਕੰਪਨੀਆਂ ਨੂੰ ਵੀ ਇਹ ਲਾਇਸੈਂਸ ਮਿਲਿਆ ਹੈ। ਇਨ੍ਹਾਂ ਵਿਚ ਅੱਠ ਯੂ.ਐਸ. ਅਤੇ ਤਿੰਨ ਬ੍ਰਾਜ਼ੀਲ ਦੀਆਂ ਕੰਪਨੀਆਂ ਵੀ ਸ਼ਾਮਲ ਹਨ। ਨਾਸਾ ਅਮਰੀਕਾ ਦੀ ਪੁਲਾੜ ਖੋਜ, ਐਰੋਨੋਟਿਕਸ ਅਤੇ ਸੰਬੰਧਿਤ ਪ੍ਰੋਗਰਾਮਾਂ ਲਈ ਸੁਤੰਤਰ ਏਜੰਸੀ ਹੈ। ਨਾਸਾ ਨੇ ਦੱਖਣੀ ਕੈਲੀਫੋਰਨੀਆ ਦੀ ਜੈੱਟ ਪ੍ਰਾਪਲਸ਼ਨ ਲੈਬ (ਜੇਐਲਪੀ) ਵਿਖੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਵਿਸ਼ੇਸ਼ ਤੌਰ 'ਤੇ ਇਕ ਵੈਂਟੀਲੇਟਰ ਤਿਆਰ ਕੀਤਾ ਹੈ। ਜੇਐਲਪੀ ਦੇ ਇੰਜੀਨੀਅਰਾਂ ਨੇ ਇੱਕ ਮਹੀਨੇ ਤੋਂ ਕੁਝ ਵੱਧ ਸਮੇਂ ਵਿਚ ਇਸ ਵਿਸ਼ੇਸ਼ ਵੈਂਟੀਲੇਟਰ 'ਵਾਇਟਲ' ਨੂੰ ਡਿਜ਼ਾਈਨ ਕੀਤਾ ਹੈ। ਇਸ ਨੂੰ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਤੋਂ 30 ਅਪ੍ਰੈਲ ਨੂੰ 'ਐਮਰਜੈਂਸੀ ਵਰਤੋਂ ਲਈ ਇਜਾਜ਼ਤ' ਮਿਲ ਚੁੱਕੀ ਹੈ। ਨਾਸਾ ਦਾ ਕਹਿਣਾ ਹੈ ਕਿ ਵਾਈਟਲ ਨੂੰ ਡਾਕਟਰਾਂ ਅਤੇ ਮੈਡੀਕਲ ਡਿਵਾਈਸਿਸ ਮੈਨੂਫੈਕਚਰਿੰਗ ਦੀ ਸਲਾਹ ਨਾਲ ਵਿਕਸਤ ਕੀਤਾ ਗਿਆ ਹੈ। ਅਮਰੀਕਾ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤਕ 1,02,836 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਵਿਚ ਇਸ ਮਹਾਮਾਰੀ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 17 ਲੱਖ ਦਾ ਅੰਕੜਾ ਪਾਰ ਕਰ ਗਈ ਹੈ।

Harinder Kaur

This news is Content Editor Harinder Kaur