ਪੰਜਾਬ ਦੇ ਲੋਕਾਂ ਨੂੰ ਮਿਲੇਗਾ ਤੋਹਫਾ, ਯੂਰਪ ਤੇ US ਲਈ ਸ਼ੁਰੂ ਹੋਵੇਗੀ ਫਲਾਈਟ

03/20/2019 4:43:37 PM

ਚੰਡੀਗੜ੍ਹ—  ਪੰਜਾਬ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਹਵਾਈ ਮੁਸਾਫਰਾਂ ਨੂੰ ਜਲਦ ਹੀ ਇਕ ਵੱਡੀ ਸੌਗਾਤ ਮਿਲਣ ਜਾ ਰਹੀ ਹੈ। ਹੁਣ ਉਨ੍ਹਾਂ ਨੂੰ ਯੂਰਪ, ਅਮਰੀਕਾ ਅਤੇ ਆਸਟ੍ਰੇਲੀਆ ਜਾਣ ਲਈ ਦਿੱਲੀ ਜਾ ਕੇ ਫਲਾਈਟ ਨਹੀਂ ਲੈਣੀ ਪਵੇਗੀ। ਇਹ ਸੁਵਿਧਾ ਜਲਦ ਹੀ ਚੰਡੀਗੜ੍ਹ 'ਚ ਸ਼ੁਰੂ ਹੋਣ ਵਾਲੀ ਹੈ। ਇਸ ਨਾਲ ਹਵਾਈ ਮੁਸਾਫਰਾਂ ਦਾ ਖਰਚ ਤੇ ਕਾਫੀ ਸਮਾਂ ਬਚੇਗਾ। 

 

ਹਵਾਈ ਪੱਟੀ ਦਾ ਵਿਸਥਾਰ ਲਗਭਗ ਪੂਰਾ ਹੋਣ ਨਾਲ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ 'ਤੇ 10 ਅਪ੍ਰੈਲ ਤੋਂ 24 ਘੰਟੇ ਫਲਾਈਟਸ ਦਾ ਆਉਣਾ-ਜਾਣਾ ਹੋ ਸਕੇਗਾ। ਭਾਰਤੀ ਹਵਾਈ ਫੌਜ ਨੇ ਮੰਗਲਵਾਰ ਨੂੰ ਇਸ ਦੀ ਅਧਿਕਾਰਤ ਘੋਸ਼ਣਾ ਕੀਤੀ ਹੈ। ਹੁਣ ਤਕ ਇੱਥੇ 24 ਘੰਟੇ ਹਵਾਈ ਜਹਾਜ਼ਾਂ ਦਾ ਆਉਣਾ-ਜਾਣਾ ਨਹੀਂ ਸੀ ਕਿਉਂਕਿ ਲੰਬੀ ਦੌੜ ਲਾ ਕੇ ਉਡਾਣ ਭਰਨ ਵਾਲੇ ਜਹਾਜ਼ਾਂ ਲਈ ਰਨਵੇਅ ਦੀ ਲੰਬਾਈ ਛੋਟੀ ਸੀ, ਜਿਸ ਦਾ ਵਿਸਥਾਰ ਹੁਣ 9,000 ਫੁੱਟ ਤੋਂ 10,400 ਫੁੱਟ ਕੀਤਾ ਜਾ ਰਿਹਾ ਹੈ। ਇਸ ਨਾਲ ਵੱਡੇ ਜਹਾਜ਼ ਇੱਥੋਂ ਉਡਾਣ ਭਰ ਸਕਣਗੇ। ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸੁਨੀਲ ਦੱਤ ਨੇ ਕਿਹਾ ਕਿ 24 ਘੰਟੇ ਸੰਚਾਲਨ ਸ਼ੁਰੂ ਹੋਣ ਨਾਲ ਸ਼ਹਿਰ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਨਵੀਆਂ ਏਅਰਲਾਈਨਾਂ ਦੇ ਆਉਣ ਨਾਲ ਹਵਾਈ ਸੰਪਰਕ ਬਿਹਤਰ ਹੋਵੇਗਾ।

 

NRIs ਨੂੰ ਹੋਵੇਗਾ ਫਾਇਦਾ-


ਚੰਡੀਗੜ੍ਹ ਤੋਂ ਪ੍ਰਮੁੱਖ ਦੇਸ਼ਾਂ ਨੂੰ ਉਡਾਣ ਸ਼ੁਰੂ ਕਰਨ ਲਈ ਕਾਫੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਜਲਦ ਬੂਰ ਪੈਣ ਵਾਲਾ ਹੈ। ਇਸ ਦਾ ਸਭ ਤੋਂ ਵੱਡਾ ਫਾਇਦਾ ਐੱਨ. ਆਰ. ਆਈਜ਼. ਨੂੰ ਹੋਵੇਗਾ ਕਿਉਂਕਿ ਇਸ ਖੇਤਰ 'ਚ ਵੱਡੀ ਗਿਣਤੀ 'ਚ ਲੋਕ ਬਾਹਰ ਗਏ ਹੋਏ ਹਨ। ਇਨ੍ਹਾਂ ਲਈ ਜਾਣਾ-ਆਉਣਾ ਆਸਾਨ ਹੋ ਸਕੇਗਾ। ਫਿਲਹਾਲ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਘੰਟੇਬੱਧੀ ਯਾਤਰਾ ਕਰਨੀ ਪੈਂਦੀ ਹੈ।
ਜਾਣਕਾਰੀ ਮੁਤਾਬਕ, ਬੀਤੇ ਮੰਗਲਵਾਰ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਵੀ ਸੂਚਤ ਕੀਤਾ ਗਿਆ ਹੈ ਕਿ ਵਿਸਥਾਰ ਦਾ ਕੰਮ 9 ਅਪ੍ਰੈਲ ਤਕ ਪੂਰਾ ਹੋ ਜਾਵੇਗਾ ਅਤੇ 10 ਅਪ੍ਰੈਲ ਤੋਂ 24 ਘੰਟੇ ਸੰਚਾਲਨ ਸ਼ੁਰੂ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ, ਇੱਥੇ ਸਿਰਫ ਦੋ ਅੰਤਰਰਾਸ਼ਟਰੀ ਹਵਾਈ ਉਡਾਣਾਂ ਚੱਲ ਰਹੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਇਸ ਖੇਤਰ ਨਾਲ ਪ੍ਰਵਾਸੀ ਭਾਰਤੀ ਵੱਡੀ ਗਿਣਤੀ 'ਚ ਜੁੜੇ ਹਨ। ਇਸ ਲਈ 24 ਘੰਟੇ ਓਪਰੇਸ਼ਨ ਸ਼ੁਰੂ ਹੋਣ ਮਗਰੋਂ ਏਅਰਲਾਈਨਾਂ ਵੱਲੋਂ ਨਵੀਆਂ ਫਲਾਈਟਸ ਚਲਾਉਣ ਲਈ ਵੱਧ ਚੜ੍ਹ ਕੇ ਦਿਲਚਸਪੀ ਦਿਖਾਈ ਜਾ ਸਕਦੀ ਹੈ।