BMW ਦੀ ਸ਼ਾਨਦਾਰ ਲਗਜ਼ਰੀ ਕਾਰ ਭਾਰਤ ’ਚ ਲਾਂਚ, ਕੀਮਤ 95 ਲੱਖ ਰੁਪਏ ਤੋਂ ਸ਼ੁਰੂ

06/11/2020 5:26:08 PM

ਆਟੋ ਡੈਸਕ– ਬੀ.ਐੱਮ.ਡਬਲਯੂ. ਨੇ ਆਖਿਰਕਾਰ ਆਪਣੀ ਨਵੀਂ 2020 ਮਾਡਲ ਐਕਸ 6 ਕਾਰ ਨੂੰ ਭਾਰਤੀ ਬਾਜ਼ਾਰ ’ਚ ਉਤਾਰ ਦਿੱਤਾ ਹੈ। ਇਸ ਸ਼ਾਨਦਾਰ ਲਗਜ਼ਰੀ ਕਾਰ ਦੀ ਸ਼ੁਰੂਆਤੀ ਕੀਮਤ 95 ਲੱਖ ਰੁਪਏ ਰੱਖੀ ਗਈ ਹੈ। ਇਸ ਕਾਰ ਨੂੰ ਦੋ ਮਾਡਲਾਂ Xline ਅਤੇ M Sport ’ਚ ਉਤਾਰਿਆ ਗਿਆਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੰਪਨੀ ਨੇ ਦੋਵਾਂ ਮਾਡਲਾਂ ਦੀ ਕੀਮਤ ਇਕ ਸਮਾਨ ਹੀ ਰੱਖੀ ਹੈ। ਇਸ ਨੂੰ ਦੇਸ਼ ਭਰ ਦੇ ਬੀ.ਐੱਮ.ਡਬਲਯੂ. ਡੀਲਰਸ਼ਿਪਸ ਦੁਆਰਾ ਬੁੱਕ ਕੀਤਾ ਜਾ ਸਕਦਾ ਹੈ। 

ਕਾਰ ਦੀਆਂ ਖੂਬੀਆਂ
ਇਸ ਕਾਰ ’ਚ ਬੀ.ਐੱਮ.ਡਬਲਯੂ. ਹੈੱਡਸ ਅਪ ਡਿਸਪਲੇਅ, ਕੰਫਰਟ ਐਕਸੈਸ, ਪੈਨਾਰੋਮਾ ਗਲਾਸ ਰੂਫ ਅਤੇ ਸਕਾਈ ਲੌਂਜ਼ ਦਿੱਤਾ ਗਿਆ ਹੈ। ਇਸ ਵਿਚ 21 ਇੰਚ ਦੇ ਅਲੌਏ ਵ੍ਹੀਲਜ਼ ਲੱਗੇ ਹਨ ਜੋ ਇਸ ਦੀ ਲੁੱਕ ਨੂੰ ਹੋਰ ਵੀ ਨਿਖਾਰਦੇ ਹਨ। ਕਾਰ ’ਚ 12.3 ਇੰਚ ਦੀ ਡਿਸਪਲੇਅ, ਹਾਰਮਨ ਕਾਰਡਨ ਸਰਾਊਂਡ ਸਾਊਂਡ ਸਿਸਟਮ ਅਤੇ ਥਰਮੋ-ਇਲੈਕਟ੍ਰਿਕ ਕਪਹੋਲਡਰ ਆਦਿ ਸਹੂਲਤਾਂ ਦਿੱਤੀਆਂ ਗਈਆਂ ਹਨ। ਦੋਵਾਂ ਮਾਡਲਾਂ ਦੇ ਇੰਟੀਰੀਅਰ ਨੂੰ ਉਨ੍ਹਾਂ ਦੇ ਹਿਸਾਬ ਨਾਲ ਤਿਆਰ ਕੀਤਾ ਗਿਆ ਹੈ, ਜੋ ਲਗਜ਼ਰੀ ਅਤੇ ਆਧੁਨਿਕ ਤਕਨੀਕ ਦਾ ਬਿਹਤਰੀਨ ਮੇਲ ਹਨ। 

ਦਮਦਾਰ ਇੰਜਣ
ਅੰਤਰਰਾਸ਼ਟਰੀ ਬਾਜ਼ਾਰ ’ਚ ਇਸ ਕਾਰ ਨੂੰ ਪੈਟਰੋਲ ਅਤੇ ਡੀਜ਼ਲ ਦੋਵਾਂ ਇੰਜਣਾਂ ਨਾਲ ਮੁਹੱਈਆ ਕੀਤਾ ਗਿਆ ਹੈ ਪਰ ਭਾਰਤ ’ਚ ਇਸ ਨੂੰ ਸਿਰਫ਼ ਪੈਟਰੋਲ ਇੰਜਣ ਨਾਲ ਹੀ ਲਿਆਇਆ ਗਿਆ ਹੈ। ਇਸ ਕਾਰ ’ਚ 3.0 ਲੀਟਰ ਦਾ 6 ਸਿਲੰਡਰ ਇੰਜਣ ਲੱਗਾ ਹੈ ਜੋ 335 ਬੀ.ਐੱਚ.ਪੀ. ਦਾ ਪਾਵਰ ਅਤੇ 450 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 8 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।

ਆਲ-ਵ੍ਹੀਲ ਡਰਾਈਵ ਸਿਸਟਮ ’ਤੇ ਕੰਮ ਕਰਨ ਵਾਲੀ ਇਹ ਕਾਰ 5.5 ਸਕਿੰਟਾਂ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜ੍ਹ ਲੈਂਦੀ ਹੈ ਅਤੇ ਇਸ ਦੀ ਟਾਪ ਸਪੀਡ 250 ਕਿਲੋਮੀਟਰ ਪ੍ਰਤੀ ਘੰਟਾ ਦੀ ਹੈ। 

Rakesh

This news is Content Editor Rakesh