ਮਿਡਲ ਕਲਾਸ 'ਤੇ ਵਧੇਗਾ ਬੋਝ, ਕਾਰਾਂ ਦੇ ਛੋਟੇ ਮਾਡਲ ਹੋ ਜਾਣਗੇ ਬੰਦ!

02/11/2019 1:57:20 PM

ਨਵੀਂ ਦਿੱਲੀ— ਛੋਟੀ ਕਾਰ ਖਰੀਦਣ ਵਾਲੇ ਮਿਡਲ ਕਲਾਸ ਪਰਿਵਾਰਾਂ ਨੂੰ ਆਉਣ ਵਾਲੇ ਸਮੇਂ 'ਚ ਜੇਬ ਢਿੱਲੀ ਕਰਨੀ ਪਵੇਗੀ। ਸਾਲ 2019 ਛੋਟੀਆਂ ਕਾਰਾਂ ਲਈ ਚੰਗਾ ਨਹੀਂ ਰਹਿਣ ਵਾਲਾ ਹੈ। ਇਸ ਸਾਲ ਤਕਰੀਬਨ 13 ਕਾਰਾਂ ਬੰਦ ਹੋਣ ਦਾ ਖਦਸ਼ਾ ਹੈ। ਇਸ ਦੀ ਖਾਸ ਵਜ੍ਹਾ ਆਉਣ ਵਾਲੇ ਬੀ. ਐੱਸ.-6 ਨਿਯਮ, ਗਾਹਕਾਂ ਦੀ ਬਦਲਦੀ ਪਸੰਦ ਵਰਗੇ ਕਈ ਹੋਰ ਕਾਰਨ ਹਨ। ਭਾਰਤ 'ਚ ਕਈ ਛੋਟੇ ਮਾਡਲ ਬੰਦ ਹੋਣ ਦੀ ਰਾਹ 'ਤੇ ਹਨ ਤੇ ਕੁਝ ਬੰਦ ਹੋ ਗਏ ਹਨ। ਇਨ੍ਹਾਂ 'ਚ ਸਭ ਤੋਂ ਤਾਜ਼ਾ ਹੌਂਡਾ ਬ੍ਰਿਓ ਹੈ। ਕੰਪਨੀ ਨੇ ਬੀਤੇ ਦਿਨ ਜਾਣਕਾਰੀ ਦਿੱਤੀ ਕਿ ਉਸ ਨੇ ਹੈਚਬੈਕ ਬ੍ਰਿਓ ਦਾ ਨਿਰਮਾਣ ਬੰਦ ਕਰ ਦਿੱਤਾ ਹੈ। ਉੱਥੇ ਹੀ ਹਾਲ ਹੀ 'ਚ ਸਭ ਤੋਂ ਸਸਤੀ ਕਾਰ ਨੈਨੋ ਪਿਛਲੇ ਮਹੀਨੇ ਨਾ ਵਿਕੀ ਤੇ ਨਾ ਹੀ ਕੰਪਨੀ ਨੇ ਇਸ ਦਾ ਨਿਰਮਾਣ ਕੀਤਾ।
ਭਾਰਤ 'ਚ ਹੁਣ ਲੋਕਾਂ ਨੂੰ ਵੱਡੇ ਮਾਡਲ ਪਸੰਦ ਆਉਂਦੇ ਹਨ। ਇਹੀ ਰੁਝਾਨ ਕੌਮਾਂਤਰੀ ਬਾਜ਼ਾਰਾਂ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਵਿਕਰੀ ਦੇ ਮਾਮਲੇ 'ਚ ਲਗਾਤਾਰ 14 ਸਾਲਾਂ ਤੋਂ ਨੰਬਰ-1 ਰਹਿਣ ਵਾਲੀ ਮਾਰੂਤੀ ਆਲਟੋ ਸਾਲ 2018 'ਚ ਡਿਜ਼ਾਇਰ ਤੋਂ ਪਿੱਛੇ ਰਹਿ ਗਈ। ਇਸ ਤੋਂ ਪਹਿਲਾਂ ਡਿਜ਼ਾਇਰ ਤੇ ਇਸ ਦੇ ਹੈਚਬੈਕ ਵਰਜ਼ਨ ਸਵਿੱਫਟ ਨੇ ਪਿਛਲੇ ਸਾਲਾਂ 'ਚ ਕੁਝ ਮਹੀਨਿਆਂ ਲਈ ਆਲਟੋ ਨੂੰ ਪਿੱਛੇ ਛੱਡਿਆ ਸੀ ਪਰ ਇਹ ਪਹਿਲੀ ਵਾਰ ਹੈ ਜਦੋਂ ਪੂਰੇ ਸਾਲ ਸਿਡਾਨ ਦੇਸ਼ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ ਬਣੀ। ਛੋਟੀਆਂ ਕਾਰਾਂ ਦੀ ਮੰਗ ਘਟਣ ਅਤੇ ਨਿਯਮਾਂ ਦਾ ਅਸਰ ਇਨ੍ਹਾਂ ਦੀ ਕੀਮਤ 'ਤੇ ਵੀ ਦੇਖਣ ਨੂੰ ਮਿਲੇਗਾ। ਲਿਹਾਜਾ ਮਿਡਲ ਕਲਾਸ ਨੂੰ ਨਵੀਂ ਖਰੀਦਣ ਲਈ ਜੇਬ ਢਿੱਲੀ ਕਰਨੀ ਪਵੇਗੀ।
 

BS-6 ਨਾਲ ਵਧੇਗੀ ਲਾਗਤ
ਲੋਕਾਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਕਰਨ ਲਈ 1 ਅਕਤੂਬਰ ਤੋਂ ਭਾਰਤ 'ਚ ਵੇਚੀਆਂ ਜਾਣ ਵਾਲੀਆਂ ਸਾਰੀਆਂ ਛੋਟੀਆਂ ਕਾਰਾਂ ਨੂੰ ਸਖਤ ਸੁਰੱਖਿਆ (ਕ੍ਰੈਸ਼ ਟੈਸਟ) ਮਾਪਦੰਡਾਂ ਨੂੰ ਪੂਰਾ ਕਰਨਾ ਹੋਵੇਗਾ। ਪਹਿਲਾਂ ਇਹ ਨਿਯਮ ਲਾਂਚ ਹੋਣ ਵਾਲੀ ਨਵੀਂ ਕਾਰ ਲਈ ਸੀ। ਹੁਣ ਪੁਰਾਣੇ ਮਾਡਲਾਂ 'ਤੇ ਵੀ ਇਹ ਲਾਗੂ ਹੋਵੇਗਾ, ਨਾਲ ਹੀ 31 ਮਾਰਚ ਮਗਰੋਂ ਆਟੋ ਕੰਪਨੀਆਂ ਨੂੰ ਬਿਨਾਂ ਏਅਰਬੈਗ ਦੇ ਕਾਰਾਂ ਨੂੰ ਵੇਚਣ ਦੀ ਮਨਜ਼ੂਰੀ ਨਹੀਂ ਹੋਵੇਗੀ। ਇਸ ਵਜ੍ਹਾ ਨਾਲ ਕਈ ਛੋਟੀਆਂ ਕਾਰਾਂ 'ਚ ਇਹ ਫੀਚਰ ਜੋੜਨੇ ਹੋਣਗੇ, ਜਿਸ ਨਾਲ ਕੰਪਨੀਆਂ ਦਾ ਖਰਚ ਵਧੇਗਾ। ਉੱਥੇ ਹੀ ਅਪ੍ਰੈਲ 2020 'ਚ ਬੀ. ਐੱਸ.-6 ਨਿਯਮ ਲਾਗੂ ਹੋ ਜਾਣਗੇ। ਇਹ ਇਕ ਵੱਡਾ ਬਦਲਾਵ ਹੋਵੇਗਾ। ਇਸ ਨਾਲ ਕਾਰਾਂ ਦੀ ਲਾਗਤ 'ਚ ਭਾਰੀ ਵਾਧਾ ਹੋਵੇਗਾ, ਜਿਸ ਦਾ ਸਭ ਤੋਂ ਵੱਧ ਅਸਰ ਡੀਜ਼ਲ ਕਾਰਾਂ 'ਤੇ ਪਵੇਗਾ। ਇਹੀ ਵਜ੍ਹਾ ਹੈ ਕਿ ਕੰਪਨੀਆਂ ਨੂੰ ਉਨ੍ਹਾਂ ਮਾਡਲਾਂ ਨੂੰ ਬੰਦ ਕਰਨਾ ਪੈ ਸਕਦਾ ਹੈ, ਜਿਨ੍ਹਾਂ ਦੀ ਮੰਗ ਘੱਟ ਹੋ ਰਹੀ ਹੈ।