150 ਨਿੱਜੀ ਟਰੇਨਾਂ ਚਲਾਉਣ ਜਾ ਰਿਹੈ ਰੇਲਵੇ, ਹਰ ਯਾਤਰੀ ਹੋਵੇਗਾ ਬਾਗੋਬਾਗ

09/22/2019 12:03:08 PM

ਨਵੀਂ ਦਿੱਲੀ— ਸਿਰਫ ਤੇਜਸ ਹੀ ਨਹੀਂ ਜਲਦ ਹੀ ਪਟੜੀ 'ਤੇ ਲਗਭਗ 150 ਨਿੱਜੀ ਟਰੇਨਾਂ ਦੌੜਦੀਆਂ ਨਜ਼ਰ ਆਉਣਗੀਆਂ। ਇਸ ਨਾਲ ਲੋਕਾਂ ਨੂੰ ਬਿਹਤਰ ਸੇਵਾਵਾਂ ਦੇ ਨਾਲ-ਨਾਲ ਕਨਫਰਮ ਟਿਕਟ ਮਿਲਣੀ ਸੌਖੀ ਹੋਣ ਜਾ ਰਹੀ ਹੈ। ਰੇਲਵੇ ਨਿੱਜੀ ਰੇਲ ਸੰਚਾਲਕਾਂ ਨੂੰ ਸੱਦਾ ਦੇਣ ਲਈ ਬੋਲੀ ਦਸਤਾਵੇਜ਼ ਤਿਆਰ ਕਰ ਰਿਹਾ ਹੈ। ਰੇਲਵੇ ਬੋਰਡ ਚੇਅਰਮੈਨ ਵਿਨੋਦ ਕੁਮਾਰ ਯਾਦਵ ਨੇ ਇਕ ਇੰਟਰਵਿਊ 'ਚ ਇਹ ਸਪੱਸ਼ਟ ਕੀਤਾ ਹੈ।

 

 

ਉਨ੍ਹਾਂ ਕਿਹਾ ਕਿ ਦਿੱਲੀ-ਮੁੰਬਈ ਤੇ ਦਿੱਲੀ-ਹਾਵੜਾ (ਕੋਲਕਾਤਾ) ਨੂੰ ਜੋੜਨ ਵਾਲੇ ਸਮਰਪਿਤ ਫਰੇਟ ਕੋਰੀਡੋਰਾਂ (ਡੀ. ਐੱਫ. ਸੀ.) ਦਾ ਕੰਮ ਦਸੰਬਰ 2021 ਤਕ ਪੂਰਾ ਹੋਣ ਨਾਲ 90 ਫੀਸਦੀ ਮਾਲ ਟਰੇਨਾਂ ਦੀ ਆਵਾਜਾਈ ਇਨ੍ਹਾਂ 'ਤੇ ਸ਼ਿਫਟ ਹੋ ਜਾਵੇਗੀ। ਇਨ੍ਹਾਂ ਡੀ. ਐੱਫ. ਸੀ. 'ਤੇ ਮਾਲ ਟਰੇਨਾਂ ਦੀ ਸਪੀਡ 100 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ, ਜੋ ਇਸ ਸਮੇਂ 60 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਤੋਂ ਇਲਾਵਾ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਵਾਲੀਆਂ ਟਰੇਨਾਂ ਲਈ ਦਿੱਲੀ-ਮੁੰਬਈ ਤੇ ਦਿੱਲੀ-ਕੋਲਕਾਤਾ ਨੂੰ ਜੋੜਨ ਵਾਲੇ ਮਾਰਗਾਂ ਨੂੰ ਅਪਗ੍ਰੇਡ ਵੀ ਕੀਤਾ ਜਾ ਰਿਹਾ ਹੈ। ਇਸ ਲਈ ਚਾਰ ਤੋਂ ਪੰਜ ਸਾਲਾਂ 'ਚ ਵੱਡੀ ਗਿਣਤੀ 'ਚ ਨਵੀਆਂ ਟਰੇਨਾਂ ਦੀ ਜ਼ਰੂਰਤ ਹੋਵੇਗੀ, ਜਿਨ੍ਹਾਂ ਦੀ ਘਾਟ ਪ੍ਰਾਈਵੇਟ ਟਰੇਨਾਂ ਨਾਲ ਪੂਰੀ ਕੀਤੀ ਜਾਵੇਗੀ। ਰੇਲਵੇ ਦੀ ਯੋਜਨਾ 150 ਨਿੱਜੀ ਟਰੇਨਾਂ ਚਲਾਉਣ ਦੀ ਹੈ। ਯਾਦਵ ਨੇ ਉਮੀਦ ਜਤਾਈ ਕਿ 2023-24 ਤਕ ਨਿੱਜੀ ਟਰੇਨਾਂ ਦਾ ਸੰਚਾਲਨ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਸਾਰੇ ਹਿੱਸੇਦਾਰਾਂ ਨਾਲ ਗੱਲਬਾਤ ਕੀਤੀ ਜਾਵੇਗੀ, ਜਿਨ੍ਹਾਂ 'ਚ ਟਰੇਡ ਯੂਨੀਅਨਾਂ ਸ਼ਾਮਲ ਹਨ ਤੇ ਇਹ ਯਕੀਨੀ ਬਣਾਵਾਂਗੇ ਕਿ ਰੇਲਵੇ ਕਰਮਚਾਰੀਆਂ ਦੇ ਹਿੱਤ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਜ਼ਿਕਰਯੋਗ ਹੈ ਕਿ ਰੇਲਵੇ ਨੇ ਆਪਣੀ ਕੰਪਨੀ ਆਈ. ਆਰ. ਸੀ. ਟੀ. ਸੀ. ਨੂੰ 2 ਤੇਜਸ ਟਰੇਨਾਂ ਚਲਾਉਣ ਦੀ ਜਿੰਮੇਵਾਰੀ ਸੌਂਪੀ ਹੈ, ਜੋ ਸ਼ੁੱਧ ਪ੍ਰਾਈਵੇਟ ਓਪਰੇਟਰਾਂ ਨੂੰ ਸੱਦਾ ਦੇਣ ਤੋਂ ਪਹਿਲਾਂ ਇਕ ਪ੍ਰਯੋਗ ਹੈ। ਬਿਹਤਰ ਸੇਵਾਵਾਂ ਦੇਣ ਲਈ ਆਈ. ਆਰ. ਸੀ. ਟੀ. ਸੀ. ਨੇ ਐਲਾਨ ਕੀਤਾ ਹੈ ਕਿ ਹਰੇਕ ਟਿਕਟ 'ਤੇ 25 ਲੱਖ ਰੁਪਏ ਦਾ ਬੀਮਾ ਮਿਲੇਗਾ। ਇਸ ਤੋਂ ਇਲਾਵਾ ਵ੍ਹੀਲਚੇਅਰ, ਸਮਾਨ ਦੀ ਹੋਮ ਪਿਕ-ਅਪ ਤੇ ਡਲਿਵਰੀ ਦੀ ਸੁਵਿਧਾ ਵੀ ਮਿਲੇਗੀ।