ਵਿੱਤੀ ਸਾਲ 2022 ''ਚ GDP ''ਚ 10.1 ਫ਼ੀਸਦੀ ਵਾਧੇ ਦਾ ਅਨੁਮਾਨ : ਇਕਰਾ

01/11/2021 6:42:13 PM

ਮੁੰਬਈ- ਇਕਰਾ ਰੇਟਿੰਗ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੂੰ ਵਿੱਤੀ ਸਾਲ 2022 ਵਿਚ ਦੇਸ਼ ਦੀ ਜੀ. ਡੀ. ਪੀ. ਵਿਚ 10.1 ਫ਼ੀਸਦੀ ਵਾਧਾ ਹੋਣ ਦੀ ਉਮੀਦ ਹੈ। ਹਾਲਾਂਕਿ, ਉਸ ਨੇ ਇਹ ਵੀ ਕਿਹਾ ਕਿ ਅਗਲੇ ਵਿੱਤੀ ਸਾਲ ਵਿਚ ਜੀ. ਡੀ. ਦਾ ਕੁੱਲ ਮੁੱਲ ਉਸ ਪੱਧਰ ਨੂੰ ਥੋੜ੍ਹਾ ਹੀ ਪਾਰ ਕਰ ਸਕੇਗਾ, ਜੋ ਵਿੱਤੀ ਸਾਲ 2020 ਵਿਚ ਉਸ ਨੇ ਹਾਸਲ ਕੀਤਾ ਸੀ। 

ਰੇਟਿੰਗ ਏਜੰਸੀ ਦੀ ਅਰਥਸ਼ਾਸਤਰੀ ਆਦਿਤੀ ਨਾਇਰ ਨੇ ਇਕ ਰਿਪੋਰਟ ਵਿਚ ਕਿਹਾ, ''ਚਾਲੂ ਵਿੱਤੀ ਸਾਲ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ 7.8 ਫ਼ੀਸਦੀ ਦੀ ਗਿਰਾਵਟ ਤੋਂ ਬਾਅਦ ਵਿੱਤੀ ਸਾਲ 2021-22 ਵਿਚ ਭਾਰਤ ਦੀ ਅਸਲ ਜੀ. ਡੀ. ਪੀ. 10.1 ਫ਼ੀਸਦੀ ਦਾ ਵਾਧਾ ਦਰਜ ਕਰ ਸਕਦੀ ਹੈ।''

ਉਨ੍ਹਾਂ ਕਿਹਾ ਕਿ ਇਹ ਵਾਧਾ ਆਰਥਿਕ ਗਤੀਵਧੀਆਂ ਦੇ ਆਮ ਹੁੰਦੇ ਜਾਣ, ਕੋਰੋਨਾ ਟੀਕਾਕਰਨ ਦੀ ਸ਼ੁਰੂਆਤ ਹੋਣ ਅਤੇ ਇਕ ਸਾਲ ਪਹਿਲਾਂ ਦੇ ਹੇਠਲੇ ਆਧਾਰ ਦੇ ਮੱਦੇਨਜ਼ਰ ਹੋਵੇਗਾ। 

ਆਦਿਤੀ ਨਾਇਰ ਨੇ ਕਿਹਾ, ''ਅਸੀਂ ਅਸਲ ਸੰਦਰਭਾਂ ਵਿਚ ਭਾਰਤ ਦੀ ਜੀ. ਡੀ. ਪੀ. ਦੇ ਵਿੱਤੀ ਸਾਲ 2022 ਵਿਚ ਉਸ ਪੱਧਰ ਤੋਂ ਕੁਝ ਹੀ ਉਪਰ ਰਹਿਣ ਦੀ ਉਮੀਦ ਕਰ ਰਹੇ ਹਾਂ, ਜੋ ਪੱਧਰ ਵਿੱਤੀ ਸਾਲ 2020 ਵਿਚ ਪਾਇਆ ਗਿਆ ਹੈ।'' ਏਜੰਸੀ ਨੂੰ ਪ੍ਰਚੂਨ ਮਹਿੰਗਾਈ ਦਰ ਵਿੱਤੀ ਸਾਲ 2021 ਦੇ 6.4 ਫ਼ੀਸਦੀ ਤੋਂ ਘੱਟ ਹੋ ਕੇ ਵਿੱਤੀ ਸਾਲ 2022 ਵਿਚ 4.6 ਫ਼ੀਸਦੀ 'ਤੇ ਆ ਜਾਣ ਦੀ ਉਮੀਦ ਹੈ। ਹਾਲਾਂਕਿ, ਇਹ ਲਗਾਤਾਰ ਤੀਜੇ ਸਾਲ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਨੂੰ ਚਾਰ ਫ਼ੀਸਦੀ ਦੇ ਦਿੱਤੇ ਗਏ ਟੀਚੇ ਤੋਂ ਉਪਰ ਰਹਿ ਸਕਦੀ ਹੈ।

Sanjeev

This news is Content Editor Sanjeev