ਬਾਜ਼ਾਰ ਲਈ ਗੁੱਡ ਨਿਊਜ਼, U.S.-ਚੀਨ 'ਚ ਡੀਲ ਹੋਣ ਦੀ ਸੰਭਾਵਨਾ

09/18/2019 1:43:49 PM

ਵਾਸ਼ਿੰਗਟਨ— ਗਲੋਬਲ ਬਾਜ਼ਾਰ 'ਚ ਚੀਨ-ਯੂ. ਐੱਸ. ਵਿਚਕਾਰ ਵਪਾਰ ਯੁੱਧ ਕਾਰਨ ਨਿਰਾਸ਼ਾ ਦਾ ਮਾਹੌਲ ਥੋੜ੍ਹਾ ਘੱਟ ਹੋ ਸਕਦਾ ਹੈ ਕਿਉਂਕਿ ਇਨ੍ਹਾਂ ਦੋਹਾਂ 'ਚ ਜਲਦ ਡੀਲ ਹੋ ਸਕਦੀ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਯੂ. ਐੱਸ. ਤੇ ਚੀਨ ਵਿਚਕਾਰ ਵਪਾਰ ਸਮਝੌਤਾ ਚੋਣਾਂ ਤੋਂ ਪਹਿਲਾਂ ਜਾਂ ਫਿਰ ਤੁਰੰਤ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਸਮਝੌਤਾ 2020 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਮਗਰੋਂ ਹੁੰਦਾ ਹੈ ਤਾਂ ਇਹ 'ਇਹ ਹੁਣ ਤਕ ਦਾ ਸਭ ਤੋਂ ਬਿਹਤਰ ਸੌਦਾ' ਹੋਵੇਗਾ। ਜ਼ਿਕਰਯੋਗ ਹੈ ਕਿ ਯੂ. ਐੱਸ. ਤੇ ਚੀਨ ਵਿਚਕਾਰ ਪਿਛਲੇ ਸਾਲ ਤੋਂ ਵਪਾਰ ਮੋਰਚੇ 'ਤੇ ਇਕ-ਦੂਜੇ ਨੂੰ ਮਾਤ ਦੇਣ ਲਈ ਟੈਰਿਫ ਥੋਪੇ ਜਾ ਰਹੇ ਹਨ।


ਟਰੰਪ ਨੇ ਪਿਛਲੇ ਸਾਲ 250 ਅਰਬ ਡਾਲਰ ਦੇ ਚਾਈਨਿਜ਼ ਸਮਾਨਾਂ 'ਤੇ 25 ਫੀਸਦੀ ਡਿਊਟੀ ਵਧਾਈ ਸੀ। ਚੀਨ ਨੇ ਵੀ 110 ਅਰਬ ਡਾਲਰ ਦੇ ਅਮਰੀਕੀ ਸਮਾਨਾਂ 'ਤੇ ਜਵਾਬੀ ਡਿਊਟੀ ਲਗਾ ਦਿੱਤੀ ਸੀ। ਡੋਨਾਲਡ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ, ''ਮੈਨੂੰ ਲੱਗਦਾ ਹੈ ਕਿ ਜਲਦ ਹੀ ਸਮਝੌਤਾ ਹੋ ਸਕਦਾ ਹੈ। ਇਹ ਸਮਝੌਤਾ ਚੋਣਾਂ ਤੋਂ ਪਹਿਲਾਂ ਜਾਂ ਚੋਣਾਂ ਤੋਂ ਇਕ ਦਿਨ ਮਗਰੋਂ ਹੋ ਸਕਦਾ ਹੈ। ਜੇਕਰ ਇਹ ਸਮਝੌਤਾ ਚੋਣਾਂ ਤੋਂ ਬਾਅਦ ਹੁੰਦਾ ਹੈ ਤਾਂ ਯਕੀਨਨ ਇਹ ਇਕ ਅਜਿਹਾ ਸੌਦਾ ਹੋਵੇਗਾ ਜੋ ਤੁਸੀਂ ਇਸ ਤੋਂ ਪਹਿਲਾਂ ਨਹੀਂ ਦੇਖਿਆ ਹੋਵੇਗਾ, ਇਹ ਹੁਣ ਤਕ ਦਾ ਸਭ ਤੋਂ ਬਿਹਤਰ ਸੌਦਾ ਹੋਵੇਗਾ ਅਤੇ ਚੀਨ ਇਹ ਜਾਣਦਾ ਹੈ। ਉਸ ਨੂੰ ਲੱਗਦਾ ਹੈ ਕਿ ਮੈਂ ਜਿੱਤਣ ਜਾ ਰਿਹਾ ਹਾਂ।''