NCR ਦੀ ਰੀਅਲਟੀ ਕੰਪਨੀ ’ਚ 36 ਕਰੋਡ਼ ਰੁਪਏ ਦਾ TDS ਘਪਲਾ ਆਇਆ ਸਾਹਮਣੇ

10/25/2019 10:35:30 AM

ਨਵੀਂ ਦਿੱਲੀ — ਆਮਦਨ ਕਰ ਵਿਭਾਗ ਨੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਦੀ ਰੀਅਲ ਅਸਟੇਟ ਕੰਪਨੀ ਵਲੋਂ ਟੀ. ਡੀ. ਐੱਸ. ’ਚ ਘਪਲਾ ਕਰ ਕੇ 36 ਕਰੋਡ਼ ਰੁਪਏ ਦੀ ਕਥਿਤ ਟੈਕਸ ਚੋਰੀ ਦਾ ਪਤਾ ਲਾਇਆ ਹੈ। ਆਮਦਨ ਕਰ ਵਿਭਾਗ ਦੀ ਜਾਂਚ ਤੋਂ ਬਾਅਦ ਇਸ ਦਾ ਖੁਲਾਸਾ ਹੋਇਆ। ਅਧਿਕਾਰਤ ਸੂਤਰਾਂ ਨੇ ਇਹ ਗੱਲ ਕਹੀ।

ਅਧਿਕਾਰੀ ਨੇ ਕਾਰੋਬਾਰੀ ਸਮੂਹ ਦਾ ਨਾਂ ਨਹੀਂ ਦੱਸਿਆ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਇਸ ਕਾਰੋਬਾਰੀ ਸਮੂਹ ਨੇ ਦਿੱਲੀ, ਗੁਰੂਗ੍ਰਾਮ ਅਤੇ ਨੋਇਡਾ ’ਚ ਮਾਲ, ਰਿਹਾਇਸ਼ੀ ਅਤੇ ਵਪਾਰਕ ਰੀਅਲ ਅਸਟੇਟ ਪ੍ਰਾਜੈਕਟ ਵਿਕਸਿਤ ਕੀਤੇ ਹਨ।

ਵਿਭਾਗ ਨੇ ਕੰਪਨੀ ਵੱਲੋਂ 36 ਕਰੋਡ਼ ਰੁਪਏ ਤੋਂ ਜ਼ਿਆਦਾ ਦੀ ਸਰੋਤ ਤੋਂ ਟੈਕਸ ਕਟੌਤੀ (ਟੀ. ਡੀ. ਐੱਸ.) ’ਚ ਘਪਲੇ ਦਾ ਪਤਾ ਲਾਇਆ ਹੈ। ਵਿਭਾਗ ਇੱਥੇ ਇਕ ਅਦਾਲਤ ’ਚ ਆਮਦਨ ਕਰ ਕਾਨੂੰਨ ਤਹਿਤ ਸਮੂਹ ਦੇ ਖਿਲਾਫ ਅਪਰਾਧਿਕ ਮੁਕੱਦਮਾ ਦਰਜ ਕਰੇਗਾ। ਇਹ ਕਾਰਵਾਈ ਆਮਦਨ ਕਰ ਵਿਭਾਗ ਦੀ ਟੀ. ਡੀ. ਐੱਸ. ਬਰਾਂਚ ਵੱਲੋਂ ਕੀਤੀ ਗਈ ਹੈ।