FD ਦੇ ਬਦਲੇ ਵੀ ਲੈ ਸਕਦੇ ਹੋ ਕ੍ਰੈਡਿਟ ਕਾਰਡ, ਜਾਣੋ ਨਿਯਮ

01/21/2020 1:23:10 PM

ਨਵੀਂ ਦਿੱਲੀ — ਭਾਰਤ ਵਿਚ ਕ੍ਰੈਡਿਟ ਕਾਰਡ ਦਾ ਇਸਤੇਮਾਲ ਤੇਜ਼ੀ ਨਾਲ ਵਧ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਦੀ ਵਰਤੋਂ ਕਰਨਾ ਬਹੁਤ ਹੀ ਅਸਾਨ ਹੈ। ਪਰ ਹਰ ਕਿਸੇ ਨੂੰ ਕ੍ਰੈਡਿਟ ਕਾਰਡ ਨਹੀਂ ਮਿਲ ਸਕਦਾ ਹੈ ਕਿਉਂਕਿ ਕ੍ਰੈਡਿਟ ਕਾਰਡ ਲੈਣ ਲਈ ਤੁਹਾਡੇ ਕੋਲ ਵਧੀਆ ਕ੍ਰੈਡਿਟ  ਹਿਸਟਰੀ ਅਤੇ ਕ੍ਰੈਡਿਟ ਸਕੋਰ ਹੋਣਾ ਚਾਹੀਦਾ ਹੈ। ਜੇਕਰ ਕਿਸੇ ਵਿਅਕਤੀ ਦਾ ਚੰਗਾ ਕ੍ਰੈਡਿਟ ਸਕੋਰ ਨਹੀਂ ਹੈ ਤਾਂ ਉਸ ਨੂੰ ਕ੍ਰੈਡਿਟ ਕਾਰਡ ਨਹੀਂ ਮਿਲ ਸਕਦਾ।

ਜਿਹੜੇ ਲੋਕਾਂ ਨੂੰ ਜ਼ੀਰੋ ਕ੍ਰੈਡਿਟ ਹਿਸਟਰੀ ਜਾਂ ਖਰਾਬ ਕ੍ਰੈਡਿਟ ਹਿਸਟਰੀ ਕਾਰਨ ਕ੍ਰੈਡਿਟ ਕਾਰਡ ਨਹੀਂ ਮਿਲਦਾ ਹੈ, ਉਨ੍ਹਾਂ ਨੂੰ ਆਪਣੇ ਫਿਕਸਡ ਡਿਪਾਜ਼ਿਟ ਬਦਲੇ ਕ੍ਰੈਡਿਟ ਕਾਰਡ ਮਿਲ ਸਕਦਾ ਹੈ। ਇਸ ਨੂੰ ਸੁਰੱਖਿਅਤ ਕ੍ਰੈਡਿਟ ਕਾਰਡ ਵੀ ਕਿਹਾ ਜਾਂਦਾ ਹੈ। ਸੁਰੱਖਿਅਤ ਕ੍ਰੈਡਿਟ ਕਾਰਡ ਹਾਸਲ ਕਰਨ ਲਈ ਤੁਹਾਨੂੰ ਕ੍ਰੈਡਿਟ ਸਕੋਰ ਦੀ ਕੋਈ ਜ਼ਰੂਰਤ ਨਹੀਂ ਹੈ। ਫਿਕਸਡ ਡਿਪਾਜ਼ਿਟ ਇਸ ਮਾਮਲੇ ਵਿਚ ਖਾਤਾਧਾਰਕ ਵਲੋਂ ਸੁਰੱਖਿਆ ਦੇ ਰੂਪ ਵਿਚ ਕੰਮ ਕਰਦਾ ਹੈ।

ਕ੍ਰੈਡਿਟ ਲਿਮਟ

ਇਕ ਸੁਰੱਖਿਅਤ ਕ੍ਰੈਡਿਟ ਕਾਰਡ 'ਚ ਲੈਣ-ਦੇਣ ਦੀ ਲਿਮਟ ਫਿਕਸਡ ਡਿਪਾਜ਼ਿਟ ਦੀ ਰਾਸ਼ੀ ਦੇ ਆਧਾਰ 'ਤੇ ਤੈਅ ਕੀਤੀ ਜਾਂਦੀ ਹੈ। ਆਮ ਤੌਰ 'ਤੇ ਬੈਂਕ ਕਾਰਡ 'ਤੇ ਕ੍ਰੈਡਿਟ ਲਿਮਟ ਦੇ ਰੂਪ ਵਿਚ ਫਿਕਸਡ ਡਿਪਾਜ਼ਿਟ ਦੇ ਮੁੱਲ ਦਾ 80-85% ਦਿੰਦੇ ਹਨ। ਇਸ ਦਾ ਮਤਲਬ ਹੈ ਕਿ ਜੇਕਰ ਤੁਹਾਡੇ ਕੋਲ 1 ਲੱਖ ਰੁਪਏ ਦੀ ਐਫ.ਡੀ. ਹੈ ਤਾਂ ਤੁਸੀਂ ਉਸ ਐਫ.ਡੀ. ਦੇ ਬਦਲੇ 85,000 ਰੁਪਏ ਤੱਕ ਦਾ ਕ੍ਰੈਡਿਟ ਕਾਰਡ ਹਾਸਲ ਕਰ ਸਕਦੇ ਹੋ। 

ਕੌਣ ਲੈ ਸਕਦਾ ਹੈ ਕ੍ਰੈਡਿਟ ਕਾਰਡ

ਇਹ ਕਾਰਡ ਤੁਹਾਡੇ ਖੁਦ ਦੇ ਪੈਸੇ ਬਦਲੇ ਉਧਾਰ ਲੈਣ ਵਰਗਾ ਹੋਵੇਗਾ। ਰਿਟਾਇਰ ਲੋਕ, ਘਰੇਲੂ ਔਰਤਾਂ ਅਤੇ ਵਿਦਿਆਰਥੀ ਜਿਨ੍ਹਾਂ ਕੋਲ ਕੋਈ ਆਮਦਨ ਜਾਂ ਕ੍ਰੈਡਿਟ  ਹਿਸਟਰੀ ਨਹੀਂ ਹੈ ਉਹ ਅਜਿਹੇ ਕਾਰਡ ਲਈ ਅਪਲਾਈ ਕਰ  ਸਕਦੇ ਹਨ।  

ਵਿਆਜ ਦਰ 

ਇਸ ਕਾਰਡ 'ਤੇ ਜ਼ਿਆਦਾਤਰ ਹੋਰ ਸਹੂਲਤਾਂ ਆਮ ਕ੍ਰੈਡਿਟ ਕਾਰਡ ਦੀ ਤਰ੍ਹਾਂ ਹੀ ਹੁੰਦੀਆਂ ਹਨ। ਇਸ ਕਾਰਡ 'ਤੇ ਲਈ ਜਾਣ ਵਾਲੀ ਵਿਆਜ ਦਰ ਆਮ ਤੌਰ 'ਤੇ ਆਮ ਕਾਰਡ ਦੀ ਤਰ੍ਹਾਂ ਹੀ ਹੁੰਦੀ ਹੈ ਕਿਉਂਕਿ ਇਹ ਇਕ ਸੁਰੱਖਿਅਤ ਕਾਰਡ ਹੈ ਅਤੇ ਬੈਂਕ ਲਈ ਡਿਫਾਲਟ ਦਾ ਕੋਈ ਜੋਖਮ ਨਹੀਂ ਹੈ। ਆਮ ਕਾਰਡ 'ਤੇ ਚਾਰਜ ਕੀਤੇ ਗਏ 36-42% ਦੀ ਤੁਲਨਾ 'ਚ ਇਨ੍ਹਾਂ ਕਾਰਡਾਂ 'ਤੇ ਵਿਆਜ ਦਰ 26-30% ਵਿਚਕਾਰ ਹੈ। ਇਹ ਵਿਆਜ ਦਰ ਉਸ ਸਮੇਂ ਲਾਗੂ ਹੋਵੇਗੀ ਜਦੋਂ ਤੁਸੀਂ ਨਿਯਤ ਤਾਰੀਖ ਦੇ ਅੰਦਰ ਆਪਣਾ ਕਾਰਡ ਦਾ ਭੁਗਤਾਨ ਨਹੀਂ ਕਰਦੇ।