ਬਜਾਜ ਆਟੋ ਦੇ ਪਲਾਂਟ 'ਚ 250 ਕਾਮੇ ਕੋਰੋਨਾ ਪਾਜ਼ੇਟਿਵ, ਉੱਠੀ ਇਹ ਮੰਗ

07/05/2020 4:50:10 PM

ਮੁੰਬਈ— ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਦੇ ਪ੍ਰਕੋਪ ਵਿਚਕਾਰ ਹੁਣ ਬਜਾਜ ਆਟੋ ਦੇ ਪਲਾਂਟ 'ਚ 250 ਤੋਂ ਵੱਧ ਕਾਮੇ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਦੋ ਕਾਮਿਆਂ, ਜਿਨ੍ਹਾਂ ਨੂੰ ਹਾਈਪਰਟੈਂਸ਼ਨ ਤੇ ਸ਼ੂਗਰ ਦੀ ਸ਼ਿਕਾਇਤ ਸੀ, ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ।

ਮਹਾਰਾਸ਼ਟਰ ਦੇ ਵਾਲੁਜ 'ਚ ਬਜਾਜ ਆਟੋ ਦੇ ਇਸ ਪਲਾਂਟ 'ਚ 8000 ਤੋਂ ਵੱਧ ਕਾਮੇ ਕੰਮ ਕਰਦੇ ਹਨ। ਪਿਛਲੇ ਮਹੀਨੇ ਦੇ ਆਖਰੀ ਹਫ਼ਤੇ ਇਸ ਪਲਾਂਟ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਭਗ 140 ਸੀ, ਜੋ ਹੁਣ ਵੱਧ ਕੇ 250 ਤੋਂ ਉੱਪਰ ਹੋ ਗਈ ਹੈ।

ਬਜਾਜ ਆਟੋ ਦੀ ਯੂਨੀਅਨ ਵੱਲੋਂ ਪਲਾਂਟ ਅਸਥਾਈ ਤੌਰ 'ਤੇ ਬੰਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਯੂਨੀਅਨ ਦਾ ਕਹਿਣਾ ਹੈ ਕਿ ਪੱਛਮੀ ਮਹਾਰਾਸ਼ਟਰ 'ਚ ਇਸ ਪਲਾਂਟ 'ਚ ਕੋਰੋਨਾ ਮਾਮਲੇ ਲਗਾਤਾਰ ਵੱਧ ਰਹੇ ਹਨ ਪਰ ਮੈਨੇਜਮੈਂਟ ਲਗਾਤਾਰ ਕਾਮਿਆਂ ਨੂੰ ਫਰਮਾਨ ਜਾਰੀ ਕਰ ਰਹੀ ਹੈ। ਯੂਨੀਅਨ ਅਨੁਸਾਰ, ਕੰਪਨੀ ਨੇ ਇਸ ਹਫਤੇ ਕਾਮਿਆਂ ਨੂੰ ਇੱਕ ਪੱਤਰ 'ਚ ਕਿਹਾ ਹੈ ਕਿ ਜੋ ਲੋਕ ਕੰਮ 'ਤੇ ਨਹੀਂ ਆਉਣਗੇ ਉਨ੍ਹਾਂ ਨੂੰ ਭੁਗਤਾਨ ਨਹੀਂ ਕੀਤਾ ਜਾਵੇਗਾ। ਇਸ ਫਰਮਾਨ ਤੋਂ ਬਾਅਦ ਕਾਮੇ ਪਲਾਂਟ 'ਚ ਆਉਣ ਲਈ ਮਜਬੂਰ ਹਨ। ਬਜਾਜ ਆਟੋ ਵਰਕਰਜ਼ ਯੂਨੀਅਨ ਦੇ ਪ੍ਰਧਾਨ ਥੰਗੜੇ ਬਾਜੀਰਾਓ ਨੇ ਕਿਹਾ ਕਿ ਅਸੀਂ ਕੰਪਨੀ ਨੂੰ 10 ਤੋਂ 15 ਦਿਨਾਂ ਲਈ ਪਲਾਂਟ ਬੰਦ ਕਰਨ ਦੀ ਬੇਨਤੀ ਕੀਤੀ ਹੈ, ਤਾਂ ਜੋ ਕੋਰੋਨਾ ਚੇਨ ਟੁੱਟ ਜਾਵੇ ਪਰ ਕੰਪਨੀ ਨੇ ਫਿਲਹਾਲ ਪਲਾਂਟ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਹੁਣ ਕੋਰੋਨਾ ਨਾਲ ਰਹਿਣ ਦੀ ਆਦਤ ਬਣਾਉਣੀ ਹੋਵੇਗੀ।

Sanjeev

This news is Content Editor Sanjeev