ਕੀ ਅਕਾਲੀਆਂ ਨੂੰ ‘ਹਾਥੀ’ ਪਾਰ ਲਾਏਗਾ ?

06/16/2021 3:09:53 AM

ਜਗਰੂਪ ਸਿੰਘ ਜਰਖੜ
ਸ਼੍ਰੋਮਣੀ ਅਕਾਲੀ ਦਲ ਸਿੱਖ ਸਿਆਸਤ ਦੀ ਇਕ ਸਿਰਮੌਰ ਸੰਸਥਾ ਹੈ। ਪੰਥਕ ਹਿੱਤਾਂ ਤਹਿਤ ਵੱਡੀਆਂ ਕੁਰਬਾਨੀਆਂ ਦੇ ਕੇ ਹੋਂਦ ’ਚ ਆਇਆ ਸ਼੍ਰੋਮਣੀ ਅਕਾਲੀ ਦਲ ਆਪਣੇ 100 ਸਾਲ ਦੇ ਇਤਿਹਾਸ ’ਚ ਸਿਆਸਤ ਦੇ ਇਸ ਨਿਘਾਰ ’ਤੇ ਆ ਜਾਵੇਗਾ, ਇਹ ਸਾਡੇ ਪੰਥਕ ਆਗੂਆਂ ਦੀ ਤਾਂ ਗੱਲ ਛੱਡੋ, ਸਿੱਖ ਚਿੰਤਕਾਂ , ਵਿਦਵਾਨਾਂ ਅਤੇ ਬੁੱਧੀਜੀਵੀਆਂ ਨੇ ਵੀ ਨਹੀਂ ਸੋਚਿਆ ਸੀ ਕਿ ਇਕ ਦਿਨ ਪੰਥਕ ਸੋਚ ਰੱਖਣ ਵਾਲੀ ਪਾਰਟੀ ਨੂੰ ਆਪਣੀ ਹੋਂਦ ਜਿਤਾਓੁਣ ਲਈ ਵੀ ਜੱਦੋ ਜਹਿਦ ਕਰਨੀ ਪਵੇਗੀ।

ਇਸ ਦਾ ਵੱਡਾ ਕਾਰਨ ਪੰਥਕ ਸੋਚ ਨੂੰ ਵਿਸਾਰਨਾ, ਡੇਰਾਬਾਦ ਨੂੰ ਉਤਸ਼ਾਹ ਦੇਣਾ ਅਤੇ ਸਿਆਸਤ ਨੂੰ ਵਪਾਰ ਬਣਾਉਣਾ ਹੈ। ਸ਼੍ਰੋਮਣੀ ਅਕਾਲੀ ਦਲ ਅੱਜ ਇਕ ਪੰਥਕ ਪਾਰਟੀ ਨਾ ਹੋ ਕੇ ਇਕ ਸਰਮਾਏਦਾਰ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਹੈ। ਸਰਮਾਏਦਾਰਾਂ ਦੀ ਇਸ ਸਿਆਸੀ ਪਾਰਟੀ ’ਚ ਭਰਮਾਰ ਹੈ। ਪੰਥਕ ਸਰਕਾਰ ਦਾ ਰੁਤਬਾ ਰੱਖਣ ਵਾਲੀ ਬਾਦਲ ਪਾਰਟੀ ਦੀ ਸਰਕਾਰ ਦੇ ਰਾਜ ’ਚ ਸਾਲ 2015 ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਡੇ ਪੱਧਰ ’ਤੇ ਬੇਅਦਬੀ ਹੋਵੇ ਫਿਰ ਇਨਸਾਫ ਨਾ ਹੋਵੇ, ਦੋਸ਼ੀ ਫੜੇ ਵੀ ਨਾ ਜਾਣ ਇਸ ਤੋਂ ਵੱਡਾ ਕਲੰਕ ਪੰਜਾਬ ’ਤੇ ਹੋਰ ਕੀ ਲੱਗ ਸਕਦਾ ਸੀ। ਕੀ ਉਸ ਘਟਨਾਚੱਕਰ ਦੀ ਜ਼ਿੰਮੇਵਾਰੀ ਉਸ ਸਮੇਂ ਦੀ ਸਰਕਾਰ ਜਾਂ ਬਾਦਲ ਪਿਤਾ-ਪੁੱਤਰ ਦੀ ਨਹੀਂ ਬਣਦੀ ਸੀ?

ਇਸ ਦੇ ਸਿੱਟੇ ਵਜੋਂ ਹੀ 2017 ’ਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ’ਚ ਅਕਾਲੀ ਦਲ ਨੂੰ ਵੱਡੀ ਹਾਰ ਨਾਲ ਵਿਰੋਧੀ ਧਿਰ ’ਚ ਵੀ ਬੈਠਣਾ ਨਸੀਬ ਨਾ ਹੋਇਆ । ਇਹ ਨਤੀਜਾ ਵੀ ਸਿੱਖ ਸਿਆਸਤ ਦੇ ਇਤਿਹਾਸ ਦਾ ਕਾਲਾ ਪੰਨਾ ਬਣਿਆ। ਆਖਿਰ 25 ਸਾਲ ਰਾਜ ਕਰਨ ਦਾ ਸੁਪਨਾ ਦੇਖਣ ਵਾਲਾ ਅਕਾਲੀ ਦਲ ਪਾਟੋਧਾਰ ਹੋ ਗਿਆ। ਇਕ ਵੱਡੇ ਹਿੱਸੇ ਨੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਸੰਯੁਕਤ ਅਕਾਲੀ ਦਲ ਬਣਾ ਲਿਆ । ਬੀ. ਜੇ. ਪੀ. ਨਾਲ ਨਹੁੰ- ਮਾਸ ਵਾਲਾ ਰਿਸ਼ਤਾ ਤਾਰ-ਤਾਰ ਹੋ ਗਿਆ।

ਪੰਥ ਨੂੰ ਕੱਕੜੀਆਂ-ਕਰੇਲੇ ਕਰ ਕੇ ਬਾਦਲ ਪਿਤਾ-ਪੁੱਤਰ ਨੂੰ ਹੁਣ 25 ਸਾਲ ਬਾਅਦ ਬਹੁਜਨ ਸਮਾਜ ਪਾਰਟੀ ਦੀ ਯਾਦ ਆ ਗਈ। ਉਸ ਨਾਲ 1996 ’ਚ ਲੋਕ ਸਭਾ ਚੋਣਾਂ ’ਚ ਸਿਆਸੀ ਸਾਂਝ ਪਾਈ ਗਈ ਸੀ ਪਰ 8 ਕੁ ਮਹੀਨਿਆਂ ਬਾਅਦ ਹੀ ਜਨਸੰਘੀਆਂ ਦਾ ਸਿਆਸੀ ਹੇਜ ਜਾਗ ਪਿਆ ਸੀ । 1997 ਦੀਆਂ ਵਿਧਾਨ ਸਭਾ ਚੋਣਾਂ ਬੀ.ਜੇ.ਪੀ. ਨਾਲ ਰਲ ਕੇ ਜਿੱਤੀਆਂ ਸਨ। ਫਿਰ 25 ਸਾਲ ਬੀ.ਜੇ.ਪੀ. ਵਾਲਿਆਂ ਨਾਲ ਰਲ ਕੇ ਸੱਤਾ ਦਾ ਸੁਖ ਮਾਨਣ ਪਿੱਛੋਂ 2020 ’ਚ ਕਿਸਾਨੀ ਮੁੱਦੇ ’ਤੇ ਜਦੋਂ ਬਾਦਲ ਪਰਿਵਾਰ ਨੂੰ ਪੰਜਾਬ ’ਚ ਆਪਣੀ ਸਿਆਸੀ ਜ਼ਮੀਨ ਖਿਸਕਦੀ ਦਿਸੀ ਤਾਂ ਇਕਦਮ ਤੋੜ-ਵਿਛੋੜਾ ਕਰ ਲਿਆ।

ਇਹ ਨਹੀਂ ਪਤਾ ਕਿ ਇਹ ਤੋੜ ਵਿਛੋੜਾ ਸੱਚੀ-ਮੁੱਚੀ ਹੈ ਜਾਂ ਫਿਰ ਵਕਤੀ ਹੈ ਪਰ ਹੁਣ ਡੁੱਬਦੇ ਨੂੰ ਤਿਨਕੇ ਦੇ ਸਹਾਰੇ ਵਾਂਗ ਬਹੁਜਨ ਸਮਾਜ ਪਾਰਟੀ ਦੀ ਯਾਦ ਆ ਗਈ , ਇੰਨੇ ਰੰਗ ਗਿਰਗਿਟ ਵੀ ਨਹੀਂ ਬਦਲਦੀ ਜਿੰਨੇ ਰੰਗ ਸਿਆਸੀ ਲੋਕ ਬਦਲਦੇ ਹਨ । ਹੁਣ ਲੋਕਾਂ ਦੇ ਦਿਲਾਂ ’ਚੋਂ ਵੱਡੀ ਪੱਧਰ ’ਤੇ ਆਪਣਾ ਸਿਆਸੀ ਅਕਸ ਗੁਆ ਚੁੱਕੀਆਂ ਬਾਦਲ ਅਤੇ ਮਾਇਆਵਤੀ ਦੀਆਂ ਪਾਰਟੀਆਂ ’ਚ ਆਖਿਰ 2022 ਦੀਆਂ ਵਿਧਾਨ ਸਭਾ ਚੋਣਾਂ ਲਈ 97-20 ਸੀਟਾਂ ’ਤੇ ਲੜਨ ਦਾ ਸਮਝੌਤਾ ਹੋ ਗਿਆ ।

ਬਾਦਲਾਂ ਨੇ ਬੀ ਐੱਸ ਪੀ ਨੂੰ ਉਹ 20 ਸੀਟਾਂ ਦਿੱਤੀਆਂ ਹਨ, ਜਿੱਥੇ ਨਾ ਤਾਂ ਉਹ ਆਪ ਜਿੱਤ ਸਕਦੇ ਸੀ ਨਾ ਹੀ ਬੀ ਐੱਸ ਪੀ ਦੇ ਜਿੱਤਣ ਦੇ ਆਸਾਰ ਹਨ, ਜਿੱਥੇ ਬੀ ਐੱਸ ਪੀ ਦਾ ਚੰਗਾ ਵੋਟ ਬੈਂਕ ਸੀ ਅਤੇ ਜਿੱਤ ਦੇ ਅਾਸਾਰ ਵੀ ਦਿੱਸਦੇ ਸਨ ਜਿਵੇਂ ਫਿਲੌਰ ,ਬੰਗਾ, ਨਕੋਦਰ ,ਆਦਮਪੁਰ ਉਹ ਸੀਟਾਂ ਅਕਾਲੀ ਦਲ ਨੇ ਆਪਣੇ ਕੋਲ ਰੱਖ ਲਈਆਂ ਹਨ। ਕਾਫੀ ਸ਼ਹਿਰੀ ਸੀਟਾਂ ਜਿੱਥੇ ਬੀ ਐੱਸ ਪੀ ਨੂੰ ਸਿਰਫ਼ ਸੈਂਕੜਿਆਂ ’ਚ ਵੋਟਾਂ ਪੈਂਦੀਆਂ ਹਨ ਅਤੇ ਅਕਾਲੀ ਦਲ ਦਾ ਆਪਣਾ ਉਥੇ ਕੋਈ ਆਧਾਰ ਵੀ ਨਹੀਂ ਹੈ ਕਿਉਂਕਿ ਉਹ ਸੀਟਾਂ ਪਿਛਲੇ 25 ਸਾਲ ਤੋਂ ਚੋਣ ਸਮਝੌਤੇ ਤਹਿਤ ਬੀ.ਜੇ.ਪੀ. ਦੇ ਖਾਤੇ ’ਚ ਹੁੰਦੀਆਂ ਸਨ, ਉਹ ਸੀਟਾਂ ਹੁਣ ਬੀ ਐੱਸ ਪੀ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।

ਕਹਿਣ ਦਾ ਮਤਲਬ ਇਹ ਹੈ ਕਿ ਬਾਦਲ ਪਰਿਵਾਰ ਨੇ ਦਿਨ ਦਿਹਾੜੇ ਬੀ ਐੱਸ ਪੀ ਦਾ ਸਿਆਸੀ ਕਤਲ ਕਰ ਦਿੱਤਾ ਹੈ । ਬਹੁਜਨ ਸਮਾਜ ਪਾਰਟੀ ਇਕ ਵੱਡੇ ਅੰਦੋਲਨ ’ਚੋਂ ਨਿਕਲੀ ਹੋਈ ਪਾਰਟੀ ਸੀ, ਬਾਬੂ ਕਾਂਸ਼ੀ ਰਾਮ ਨੇ ਇਕ ਮਿਸ਼ਨ ਤਹਿਤ ਬੀ ਐੱਸ ਪੀ ਦਾ ਗਠਨ ਕੀਤਾ ਸੀ ਪਰ ਹੁਣ ਇਹ ਉਹ ਮਿਸ਼ਨ ਵਾਲੀ ਪਾਰਟੀ ਨਹੀਂ ਰਹੀ। ਇਹ ਵੀ ਬਾਦਲਾਂ ਦੇ ਅਕਾਲੀ ਦਲ ਵਾਂਗ ਮਾਇਆਵਤੀ ਐਂਡ ਕੰਪਨੀ ਪਾਰਟੀ ਬਣ ਚੁੱਕੀ ਹੈ ।

ਪੰਜਾਬ ’ਚ 32 ਫੀਸਦੀ ਦਲਿਤਾਂ ਦਾ ਅਤੇ 42 ਫੀਸਦੀ ਵੋਟ ਪਛੜੀਆਂ ਸ਼੍ਰੇਣੀਆ ਦਾ ਹੈ ਪਰ ਬੀ ਐੱਸ ਪੀ ਨੇ ਕਦੇ ਵੀ ਦਲਿਤਾਂ ਅਤੇ ਪਛੜੀਆਂ ਸ਼੍ਰੇਣੀਆਂ ਦੀ ਸਹੀ ਨੁਮਾਇੰਦਗੀ ਨਹੀਂ ਕੀਤੀ। ਇਸ ਕਾਰਨ ਬੀ ਐੱਸ ਪੀ ਨੂੰ 2017 ਦੀਆਂ ਵਿਧਾਨ ਸਭਾ ਸੀਟਾਂ ’ਚ 1 ਫੀਸਦੀ ਦੇ ਲਗਭਗ ਵੋਟਾਂ ਪਈਆਂ ਸਨ । ਜਿਹੜੀ ਗੱਲ 2019 ਲੋਕ ਸਭਾ ਚੋਣਾਂ ਸਮੇਂ ਅਕਾਲੀ ਦਲ ਵਾਲੇ ਕਰਦੇ ਹਨ ਉਹ 4 ਲੱਖ ਤੋਂ ਵੱਧ ਪਈਆਂ ਵੋਟਾਂ ਪੀ.ਡੀ.ਏ. ਦੀਆਂ ਸਨ ਨਾ ਕਿ ਬਹੁਜਨ ਸਮਾਜ ਪਾਰਟੀ ਦੀਆਂ।

ਬਾਕੀ ਗੱਲ ਇੱਥੇ ਮੁੱਕਦੀ ਹੈ ਕਿ ਅਕਾਲੀ ਦਲ ਸਮਝੌਤਾ ਕਰੇ ਬਹੁਜਨ ਸਮਾਜ ਪਾਰਟੀ ਨਾਲ, ਸਮਝੌਤਾ ਕਰੇ ਕਾਮਰੇਡਾਂ ਨਾਲ, ਗੱਲ ਨਹੀਂ ਬਣਨੀ , ਬਾਦਲ ਭਾਵੇਂ ਕੈਪਟਨ ਨਾਲ ਵੀ ਰਾਜਨੀਤਿਕ ਸਾਂਝ ਪਿਆਲਾ ਵਧਾ ਲੈਣ ਤਾਂ ਵੀ ਬਾਦਲ ਪਰਿਵਾਰ ਦਾ ਕੁਝ ਨਹੀਂ ਬਣਨਾ ਕਿਉਂਕਿ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਭਰੋਸਾ ਗੁਆ ਲਿਆ ਹੈ , ਪੰਥ ਨਾਲ ਧਰੋਹ ਕਮਾ ਲਿਆ ਹੈ, ਕਿਸਾਨੀ ਵੋਟ ਬੈਂਕ ਗੁਆ ਲਿਆ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਮਿਲਣ ਤੱਕ ਲੋਕਾਂ ਨੇ ਅਕਾਲੀ ਦਲ ਨੂੰ ਪ੍ਰਵਾਨ ਨਹੀਂ ਕਰਨਾ।

ਚਲੋ ਜੇ ਰਾਜਨੀਤਿਕ ਦਾਅ-ਪੇਚ ਕਰ ਕੇ ਥੋੜ੍ਹੀ ਬਹੁਤੀ ਸਿਆਸੀ ਚੌਧਰ ਲੈ ਵੀ ਲਈ ਤਾਂ ਵੀ ਬਾਦਲਾਂ ਨੂੰ ਕੁਝ ਨਹੀਂ ਮਿਲਣਾ ਹੈ। ਲੱਗੇ ਕਲੰਕ ਕਦੇ ਵੀ ਨਹੀਂ ਮਿਟਦੇ ਹੁੰਦੇ। ਜੇ ਨਹੀਂ ਯਕੀਨ ਤਾਂ ਗਾਂਧੀ ਖਾਨਦਾਨ ਵੱਲ ਦੇਖ ਲੈਣ।

ਚੰਗਾ ਹੋਵੇ ਬਾਦਲ ਪਿਤਾ-ਪੁੱਤਰ ਹਾਥੀ ਦੀ ਸਿਆਸੀ ਸਵਾਰੀ ਦੀ ਬਜਾਏ ਗੁਰੂ ਦਾ ਓਟ ਆਸਰਾ ਲੈਣ, ਪੰਜਾਬ ਦੇ ਲੋਕਾਂ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕਰਨ ਕਿਉਂਕਿ ਸਿਆਸਤ ’ਚ ਲੋਕ ਵੱਡੇ ਹੁੰਦੇ ਹਨ ਪਾਰਟੀਆਂ ਨਹੀਂ। ਅੱਜ ਦੀ ਘੜੀ ਪੰਥ ਵੱਡੀ ਦੁਵਿਧਾ ’ਚ ਹੈ। ਕਿਸਾਨੀ ਬੇਇਨਸਾਫੀ ਦੀ ਚੱਕੀ ’ਚ ਪਿਸ ਰਹੀ ਹੈ, ਕਿਸੇ ਵੀ ਸਿਆਸੀ ਪਾਰਟੀ ਨੂੰ ਪੰਜਾਬ ਦਾ ਕੋਈ ਫਿਕਰ ਨਹੀਂ। ਜੇ ਕੋਈ ਫਿਕਰ ਹੈ ਉਹ ਸਿਰਫ ਇਹ ਹੈ ਕਿ ਕਿਵੇਂ ਵੀ, ਕੋਈ ਵੀ ਹੱਥਕੰਡਾ ਵਰਤ ਕੇ 2022 ’ਚ ਸਰਕਾਰ ਬਣ ਜਾਵੇ। ਅਕਾਲੀਆਂ ਅਤੇ ਬੀ ਐੱਸ ਪੀ ਦਾ ਸਮਝੌਤਾ ਵੀ ਇਸ ਕੜੀ ਦਾ ਹੀ ਸਿੱਟਾ ਹੈ । ਅਕਾਲੀਆਂ ਨੂੰ ਆਪਣੀ ਕਿਸ਼ਤੀ ’ਚ ਬਿਠਾਇਆ ਹਾਥੀ ਬਹੁਤਾ ਰਾਸ ਨਹੀਂ ਆਵੇਗਾ ਕਿਉਂਕਿ ਪੰਜਾਬ ਦੇ ਲੋਕ ਆਪਣੀ ਵੋਟ ਪਾਉਣ ਦਾ ਮੂਡ ਅਜੇ ਦਿਲ ’ਚ ਸਮੋਈ ਬੈਠੇ ਹਨ, ਵੋਟਾਂ ਵਾਲੇ ਪੱਤੇ ਅਜੇ ਵਕਤ ਆਉਣ ’ਤੇ ਖੁੱਲ੍ਹਣਗੇ। ਪੰਜਾਬ ਦੀ ਸਿਆਸਤ ਦਾ ਰੱਬ ਰਾਖਾ।

Bharat Thapa

This news is Content Editor Bharat Thapa