ਕੀ ਭਾਜਪਾ-ਸ਼ਿਵ ਸੈਨਾ ਸਰਕਾਰ ਬਣਾਉਣਗੀਆਂ

11/04/2019 1:31:05 AM

ਰਾਹਿਲ ਨੋਰਾ ਚੋਪੜਾ

ਮਹਾਰਾਸ਼ਟਰ ’ਚ ਚੋਣਾਂ ਦੇ ਨਤੀਜੇ ਆਏ 8 ਦਿਨ ਹੋ ਚੁੱਕੇ ਹਨ ਪਰ ਸਰਕਾਰ ਦੇ ਗਠਨ ਦੀ ਦਿਸ਼ਾ ਵਿਚ ਗੱਲ ਕਿਸੇ ਨਤੀਜੇ ਤਕ ਨਹੀਂ ਪਹੁੰਚ ਰਹੀ ਅਤੇ ਭਾਜਪਾ ਦੇ ਪ੍ਰਭਾਵਸ਼ਾਲੀ ਨੇਤਾਵਾਂ ਨੇ ਕੇਂਦਰੀ ਲੀਡਰਸ਼ਿਪ ’ਤੇ ਸਰਕਾਰ ਦੇ ਗਠਨ ਲਈ ਦਬਾਅ ਪਾਉਣਾ ਸ਼ੁਰੂੁ ਕਰ ਦਿੱਤਾ ਹੈ ਅਤੇ ਉਹ ਅੜਿੱਕੇ ਲਈ ਦੇਵੇਂਦਰ ਫੜਨਵੀਸ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਸੂਤਰਾਂ ਅਨੁਸਾਰ ਇਸ ਸਥਿਤੀ ਨੂੰ ਦੇਖਦੇ ਹੋਏ ਦੇਵੇਂਦਰ ਫੜਨਵੀਸ ਨੇ ਭਾਜਪਾ ਦੀ ਤਾਜ਼ਾ ਪੇਸ਼ਕਸ਼ ਦੇ ਨਾਲ ਆਪਣਾ ਦੂਤ ਊਧਵ ਠਾਕਰੇ ਦੇ ਨਿਵਾਸ ’ਤੇ ਭੇਜਿਆ ਹੈ। ਇਸ ਦੇ ਜਵਾਬ ਵਿਚ ਊਧਵ ਨੇ ਫੜਨਵੀਸ ਨਾਲ ਮੁਲਾਕਾਤ ਦੀ ਇੱਛਾ ਜ਼ਾਹਿਰ ਕੀਤੀ ਹੈ ਤਾਂ ਕਿ ਮਾਮਲੇ ਨੂੰ ਅੱਗੇ ਵਧਾਇਆ ਜਾ ਸਕੇ। ਇਨ੍ਹਾਂ ਦੋਹਾਂ ਵਿਚਾਲੇ ਇਹ ਮੁਲਾਕਾਤ ਕਿਸੇ ਵੀ ਸਮੇਂ ਹੋ ਸਕਦੀ ਹੈ। ਸ਼ੁਰੂ ਵਿਚ ਭਾਜਪਾ ਨੇ ਸੰਕੇਤ ਦਿੱਤਾ ਸੀ ਕਿ ਉਹ ਸ਼ਿਵ ਸੈਨਾ ਨੂੰ 13 ਤੋਂ 15 ਮੰਤਰੀ ਦੇ ਅਹੁਦੇ ਅਤੇ ਉਪ-ਮੁੱਖ ਮੰਤਰੀ ਦਾ ਅਹੁਦਾ ਦੇਣ ਲਈ ਤਿਆਰ ਹੈ, ਜਦਕਿ 27 ਤੋਂ 29 ਮੰਤਰੀ ਦੇ ਅਹੁਦੇ ਉਹ ਆਪਣੇ ਲਈ ਅਤੇ ਛੋਟੇ ਸਹਿਯੋਗੀਆਂ ਲਈ ਰੱਖਣਾ ਚਾਹੁੰਦੀ ਹੈ ਪਰ ਹੁਣ ਫੜਨਵੀਸ ਸ਼ਿਵ ਸੈਨਾ ਦੇ 50-50 ਸ਼ੇਅਰ ਦੇ ਦਬਾਅ ਕਾਰਣ ਕੁਝ ਵਾਧੂ ਮਹੱਤਵਪੂਰਨ ਮੰਤਰਾਲੇ ਸ਼ਿਵ ਸੈਨਾ ਨੂੰ ਦੇਣ ਲਈ ਤਿਆਰ ਹਨ। ਸ਼ਿਵ ਸੈਨਾ ਦੇ ਸੂਤਰਾਂ ਅਨੁਸਾਰ ਕੇਂਦਰ ਵਿਚ ਨਰਿੰਦਰ ਮੋਦੀ ਸਰਕਾਰ ਵਿਚ ਇਕ ਕੈਬਨਿਟ ਅਤੇ ਇਕ ਰਾਜ ਮੰਤਰੀ ਸਮੇਤ 2 ਵਾਧੂ ਮੰਤਰਾਲਿਆਂ ਦੀ ਮੰਗ ਰੱਖੀ ਹੈ। ਇਸ ਤੋਂ ਇਲਾਵਾ ਉਸ ਨੇ ਸ਼ਿਵ ਸੈਨਾ ਦੇ ਸੀਨੀਅਰ ਨੇਤਾਵਾਂ ਲਈ 2 ਸੂਬਿਆਂ ਵਿਚ ਰਾਜਪਾਲ ਦਾ ਅਹੁਦਾ ਵੀ ਮੰਗਿਆ ਹੈ। ਊਧਵ ਨੇ ਪ੍ਰਦੇਸ਼ ਸਰਕਾਰ ਵਲੋਂ ਸੰਚਾਲਿਤ ਨਿਗਮਾਂ ਵਿਚ ਵੀ 50-50 ਸ਼ੇਅਰ ਲਈ ਦਬਾਅ ਪਾਇਆ ਹੈ। ਹੁਣ ਇਹ ਸਭ ਕੁਝ ਊਧਵ ਅਤੇ ਫੜਨਵੀਸ ਵਿਚਾਲੇ ਹੋਣ ਵਾਲੀ ਮੁਲਾਕਾਤ ’ਤੇ ਨਿਰਭਰ ਹੈ। ਇਸ ਦੌਰਾਨ ਸ਼ਰਦ ਪਵਾਰ ਵਿਰੋਧੀ ਨੇਤਾਵਾਂ ਸਮੇਤ ਸੋਮਵਾਰ ਸੋਨੀਆ ਨੂੰ ਮਿਲਣਗੇ ਅਤੇ ਸਿਆਸੀ ਵਿਚਾਰਕਾਂ ਅਨੁਸਾਰ ਇਹ ਮੁਲਾਕਾਤ ਮਹਾਰਾਸ਼ਟਰ ਸਰਕਾਰ ਦੇ ਗਠਨ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰੇਗੀ।

ਅਸ਼ੋਕ ਗਹਿਲੋਤ ਨੂੰ ਮਿਲਿਆ ਨੈਤਿਕ ਬਲ

ਰਾਜਸਥਾਨ ’ਚ 2 ਵਿਧਾਨ ਸਭਾ ਉਪ-ਚੋਣਾਂ ਦੇ ਨਤੀਜਿਆਂ ਤੋਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਉਨ੍ਹਾਂ ਦੀ ਸਰਕਾਰ ਦੇ ਹੌਸਲੇ ’ਚ ਵਾਧਾ ਹੋਇਆ ਹੈ। ਭਾਜਪਾ ਦੇ ਕਬਜ਼ੇ ਵਾਲੀ ਝੁੰਝਨੂ ਜ਼ਿਲੇ ਦੀ ਮਾਂਡਵਾ ਸੀਟ ਕਾਂਗਰਸ ਦੀ ਰੀਤਾ ਚੌਧਰੀ ਨੇ ਜਿੱਤ ਲਈ ਹੈ ਪਰ ਉਸ ਦੀ ਸਹਿਯੋਗੀ ਆਰ. ਐੱਲ. ਪੀ. ਨੇ ਨਾਗੌਰ ਦੀ ਖਿੰਸਵਾਰ ਵਿਧਾਨ ਸਭਾ ਸੀਟ ਬਰਕਰਾਰ ਰੱਖੀ ਹੈ। ਸੰਸਦੀ ਸੀਟ ਜਿੱਤਣ ਤੋਂ ਬਾਅਦ ਹਨੂਮਾਨ ਬੇਨੀਵਾਲ ਨੇ ਖਿੰਸਵਾਰ ਵਿਧਾਨ ਸਭਾ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਇਸ ਉਪ-ਚੋਣ ਵਿਚ ਉਨ੍ਹਾਂ ਨੇ ਆਪਣੀ ਸੀਟ ਆਪਣੇ ਭਰਾ ਨਾਰਾਇਣ ਬੇਨੀਵਾਲ ਨੂੰ ਦੇ ਦਿੱਤੀ ਹੈ। ਭਾਜਪਾ-ਆਰ. ਐੱਲ. ਪੀ. ਨੇ ਇਹ ਚੋਣ ਮਿਲ ਕੇ ਲੜੀ ਅਤੇ ਨਾਰਾਇਣ ਬੇਨੀਵਾਲ ਨੇ ਕਾਂਗਰਸ ਦੇ ਹਰੇਂਦਰ ਮਿਰਜ਼ਾ ਨੂੰ 4540 ਵੋਟਾਂ ਨਾਲ ਹਰਾਇਆ। ਚੋਣਾਂ ਤੋਂ ਬਾਅਦ ਅਸ਼ੋਕ ਗਹਿਲੋਤ ਵਿਧਾਨ ਸਭਾ ਵਿਚ ਹੋਰ ਮਜ਼ਬੂਤ ਹੋ ਗਏ ਹਨ, ਦੂਜੇ ਪਾਸੇ ਭਾਜਪਾ-ਆਰ. ਐੱਲ. ਪੀ. ਦਾ ਗੱਠਜੋੜ ਅਗਲੀਆਂ ਲੋਕਲ ਬਾਡੀਜ਼ ਚੋਣਾਂ ਲਈ ਟੁੱਟ ਚੁੱਕਾ ਹੈ। ਇਸ ਦਾ ਐਲਾਨ ਭਾਜਪਾ ਪ੍ਰਦੇਸ਼ ਪ੍ਰਧਾਨ ਸਤੀਸ਼ ਪੂਨੀਆ ਨੇ ਕੀਤਾ ਹੈ ਕਿਉਂਕਿ ਹਨੂਮਾਨ ਬੇਨੀਵਾਲ ਨੇ ਭਾਜਪਾ ਉਮੀਦਵਾਰ ਦੀ ਹਾਰ ਲਈ ਵਸੁੰਧਰਾ ਰਾਜੇ ਨੂੰ ਦੋਸ਼ੀ ਠਹਿਰਾਇਆ ਹੈ।

ਭਾਜਪਾ ’ਤੇ ਜਦ (ਯੂ) ਦਾ ਦਬਾਅ

ਹਰਿਆਣਾ ਅਤੇ ਮਹਾਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹਰਿਆਣਾ ਵਿਚ ਸਰਕਾਰ ਦੇ ਗਠਨ ਅਤੇ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਵਲੋਂ 50-50 ਸ਼ੇਅਰ ਦੀ ਮੰਗ ਤੋਂ ਬਾਅਦ ਹੁਣ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ ਕੇਂਦਰ ਸਰਕਾਰ ਤੋਂ ਲੋਕ ਸਭਾ ਵਿਚ ਆਪਣੀ ਪਾਰਟੀ ਦੇ ਮੈਂਬਰਾਂ ਦੀ ਗਿਣਤੀ ਦੇ ਆਧਾਰ ’ਤੇ ਸਰਕਾਰ ਵਿਚ ਪਾਰਟੀ ਦੇ ਸ਼ੇਅਰ ਦੀ ਮੰਗ ਰੱਖ ਦਿੱਤੀ ਹੈ। ਸ਼ੁਰੂ ਵਿਚ ਜਦੋਂ ਕੇਂਦਰ ਸਰਕਾਰ ਬਣੀ ਸੀ ਤਾਂ ਨਿਤੀਸ਼ ਕੁਮਾਰ ਨੇ ਕੈਬਨਿਟ ਵਿਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਨਰਿੰਦਰ ਮੋਦੀ ਨੇ ਜਦ (ਯੂ) ਲਈ ਸਿਰਫ ਇਕ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ ਪਰ ਹੁਣ ਜਦ (ਯੂ) ਸੂਤਰਾਂ ਦਾ ਕਹਿਣਾ ਹੈ ਕਿ ਨਿਤੀਸ਼ ਨੇ ਬਿਹਾਰ ਸਰਕਾਰ ਵਿਚ ਭਾਜਪਾ ਨੂੰ ਨਾ ਸਿਰਫ ਉਪ-ਮੁੱਖ ਮੰਤਰੀ ਦਾ ਅਹੁਦਾ, ਸਗੋਂ ਹੋਰ ਵੀ ਕਈ ਮੰਤਰੀ ਅਹੁਦੇ ਵੀ ਦਿੱਤੇ ਹਨ। ਅਜਿਹਾ ਲੱਗਦਾ ਹੈ ਕਿ ਪਿਛਲੇ ਦਿਨੀਂ ਦਿੱਲੀ ਵਿਚ ਹੋਏ ਪਾਰਟੀ ਦੇ ਸੰਮੇਲਨ ’ਚ ਜਦ (ਯੂ) ਵਲੋਂ ਕੇਂਦਰ ਸਰਕਾਰ ਵਿਚ ਹਿੱਸੇਦਾਰੀ ਦੀ ਮੰਗ ਭਾਜਪਾ ’ਤੇ ਦਬਾਅ ਪਾਉਣ ਲਈ ਕੀਤੀ ਗਈ ਹੈ ਪਰ ਤੱਥ ਇਹ ਹੈ ਕਿ ਲੋਕ ਸਭਾ ਵਿਚ ਭਾਜਪਾ ਕੋਲ 300 ਤੋਂ ਵੱਧ ਸੀਟਾਂ ਹਨ ਅਤੇ ਉਸ ਨੂੰ ਉਥੇ ਕਿਸੇ ਹੋਰ ਦਲ ਦੇ ਸਮਰਥਨ ਦੀ ਲੋੜ ਨਹੀਂ ਹੈ, ਜਦਕਿ ਨਿਤੀਸ਼ ਨੂੰ ਬਿਹਾਰ ਵਿਚ ਆਪਣੀ ਸਰਕਾਰ ਲਈ ਭਾਜਪਾ ਦੇ ਸਮਰਥਨ ਦੀ ਲੋੜ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉਕਤ ਸੰਮੇਲਨ ’ਚ ਨਿਤੀਸ਼ ਵਲੋਂ ਤੇਵਰ ਦਿਖਾਉਣਾ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ’ਤੇ ਦਬਾਅ ਪਾਉਣ ਦੀ ਰਣਨੀਤੀ ਦਾ ਹਿੱਸਾ ਹੈ।

ਹਰਿਆਣਾ ਵਿਚ ਕੌਣ ਹੋਵੇਗਾ ਜਾਟ ਮੰਤਰੀ

ਹਰਿਆਣਾ ਵਿਚ ਮੁੱਖ ਮੰਤਰੀ ਦੇ ਤੌਰ ’ਤੇ ਮਨੋਹਰ ਲਾਲ ਖੱਟੜ ਅਤੇ ਉਪ-ਮੁੱਖ ਮੰਤਰੀ ਦੇ ਤੌਰ ’ਤੇ ਦੁਸ਼ਯੰਤ ਚੌਟਾਲਾ ਵਲੋਂ ਸਹੁੰ ਚੁੱਕ ਲੈਣ ਤੋਂ ਬਾਅਦ ਹੁਣ ਮੁੱਖ ਮੰਤਰੀ ਆਪਣੇ ਮੰਤਰੀ ਮੰਡਲ ਦਾ ਐਲਾਨ ਕਰਨਗੇ। ਅਜਿਹੀ ਹਾਲਤ ’ਚ ਹੁਣ ਲੋਕਾਂ ਦੀਆਂ ਨਜ਼ਰਾਂ ਇਸ ਗੱਲ ’ਤੇ ਹਨ ਕਿ ਕਿਹੜੇ-ਕਿਹੜੇ ਜਾਟ ਵਿਧਾਇਕਾਂ ਨੂੰ ਕੈਬਨਿਟ ਵਿਚ ਸ਼ਾਮਿਲ ਕੀਤਾ ਜਾਂਦਾ ਹੈ। ਪਿਛਲੀ ਖੱਟੜ ਸਰਕਾਰ ਵਿਚ ਕੋਈ ਵੀ ਜਾਟ ਕੈਬਨਿਟ ਮੰਤਰੀ ਨਹੀਂ ਸੀ ਪਰ ਇਸ ਵਾਰ ਦੋਵੇਂ ਜਾਟ ਮੰਤਰੀ ਕੈਪਟਨ ਅਭਿਮਨਿਊ ਅਤੇ ਓਮ ਪ੍ਰਕਾਸ਼ ਧਨਕੜ ਚੋਣ ਹਾਰ ਚੁੱਕੇ ਹਨ। ਹਾਲਾਂਕਿ ਭਾਜਪਾ ਨੇ 20 ਸੀਟਾਂ ’ਤੇ ਜਾਟ ਉਮੀਦਵਾਰ ਖੜ੍ਹੇ ਕੀਤੇ ਸਨ ਪਰ ਇਨ੍ਹਾਂ ’ਚੋਂ ਸਿਰਫ 5 ਹੀ ਜਿੱਤ ਸਕੀ। ਹਾਲਾਂਕਿ ਦੁਸ਼ਯੰਤ ਚੌਟਾਲਾ ਉਪ-ਮੁੱਖ ਮੰਤਰੀ ਹਨ ਅਤੇ ਜਾਟ ਭਾਈਚਾਰੇ ਤੋਂ ਆਉਂਦੇ ਹਨ ਪਰ ਭਾਜਪਾ ਨਿਸ਼ਚਿਤ ਤੌਰ ’ਤੇ ਜਾਟਾਂ ਨੂੰ ਸਾਕਾਰਾਤਮਕ ਸੰਕੇਤ ਦੇਣਾ ਚਾਹੁੰਦੀ ਹੈ ਅਤੇ ਇਸ ਲਈ ਮਹੀਪਾਲ ਟਾਂਡਾ, ਕਮਲੇਸ਼ ਟਾਂਡਾ, ਜੇ. ਪੀ. ਦਲਾਲ, ਪ੍ਰਵੀਨ, ਨਿਰਮਲ ਰਾਣੀ ’ਚੋਂ ਕਿਸੇ ਇਕ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ। ਮਹੀਪਾਲ ਟਾਂਡਾ ਇਕੋ-ਇਕ ਉਮੀਦਵਾਰ ਹਨ, ਜੋ ਦੋ ਵਾਰ ਜਿੱਤੇ ਹਨ। ਇਸ ਦੌਰਾਨ ਕੁਝ ਅਜਿਹੇ ਜਾਟ ਵਿਧਾਇਕ ਵੀ ਹਨ, ਜੋ ਭਾਜਪਾ ਦੇ ਬਾਗੀਆਂ ਦੇ ਤੌਰ ’ਤੇ ਆਜ਼ਾਦ ਉਮੀਦਵਾਰ ਦੇ ਰੂਪ ’ਚ ਚੋਣ ਜਿੱਤੇ ਹਨ। ਦੂਸਰੇ ਪਾਸੇ ਕਵਿਤਾ ਜੈਨ ਚੋਣ ਹਾਰ ਚੁੱਕੀ ਹੈ, ਇਸ ਲਈ ਨਿਰਮਲ ਰਾਣੀ ਨੂੰ ਮਹਿਲਾ ਅਤੇ ਜਾਟ ਮੰਤਰੀ ਦੇ ਤੌਰ ’ਤੇ ਮੰਤਰੀ ਮੰਡਲ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ।

nora_chopra@yahoo.com

Bharat Thapa

This news is Content Editor Bharat Thapa