ਕੀ ਢੀਂਡਸਾ ਦੀ ਬਗਾਵਤ ਅਕਾਲੀ ਸਿਆਸਤ ਦੇ ਸਮੀਕਰਣ ਬਦਲੇਗੀ

12/27/2019 1:47:45 AM

ਜਸਵੰਤ ਸਿੰਘ ‘ਅਜੀਤ’
ਨਾ ਕਾਹੂ ਸੇ ਦੋਸਤੀ, ਨਾ ਕਾਹੂ ਸੇ ਬੈਰ

ਹੁਣ ਇਹ ਗੱਲ ਕੋਈ ਲੁਕੀ-ਛੁਪੀ ਨਹੀਂ ਰਹਿ ਗਈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਾਰਜ ਪ੍ਰਣਾਲੀ ਤੋਂ ਪ੍ਰੇਸ਼ਾਨ ਹੋ ਕੇ ਦਲ ਦੇ ਕਈ ਸੀਨੀਅਰ ਆਗੂ ਉਨ੍ਹਾਂ ਵਿਰੁੱਧ ਇਕਜੁੱਟ ਹੋ ਕੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਦੇ ਸ਼ਬਦਾਂ ਅਨੁਸਾਰ ਸੁਖਬੀਰ ਸਿੰਘ ਬਾਦਲ ਨੇ ਬੀਤੇ 10 ਸਾਲਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਅਰਸ਼ ਤੋਂ ਫਰਸ਼ ’ਤੇ ਸੁੱਟ ਦਿੱਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ 2017 ਵਿਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਅਤੇ ਉਸ ਤੋਂ ਬਾਅਦ 2019 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਜਿਸ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ, ਉਸ ਦੇ ਲਈ ਸੁਖਬੀਰ ਸਿੰਘ ਬਾਦਲ ਦੀਆਂ ਨੀਤੀਆਂ ਹੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਨੇ ਜਦੋਂ ਤੋਂ ਦਲ ਦੇ ਪ੍ਰਧਾਨਗੀ ਅਹੁਦੇ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਹਨ, ਉਦੋਂ ਤੋਂ ਹੀ ਦਲ ਆਪਣੀਆਂ ਮੂਲ ਅਤੇ ਸਥਾਪਿਤ ਨੀਤੀਆਂ, ਮਰਿਆਦਾਵਾਂ ਅਤੇ ਆਦਰਸ਼ਾਂ ਤੋਂ ਭਟਕਦਾ ਚਲਿਆ ਜਾ ਰਿਹਾ ਹੈ।

ਇਥੇ ਇਹ ਗੱਲ ਵਰਣਨਯੋਗ ਹੈ ਕਿ ਢੀਂਡਸਾ ਨਾਲ ਕਾਫੀ ਸਮਾਂ ਪਹਿਲਾਂ ਮਾਸਟਰ ਤਾਰਾ ਸਿੰਘ ਦੀ ਦੋਹਤੀ ਕਿਰਨਜੋਤ ਕੌਰ ਨੇ ਸੀਨੀਅਰ ਬਾਦਲ ’ਤੇ ਹੱਲਾ ਬੋਲਦਿਆਂ ਕਿਹਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਮੌਕੇ ਦਲ ਉਤੇ ਆਪਣੀ ਪਕੜ ਮਜ਼ਬੂਤ ਕਰਨ ਲਈ ਦਲ ਦੇ ਅੰਦਰ ਪ੍ਰਚੱਲਿਤ ਚੱਲੇ ਆ ਰਹੇ ਲੋਕਤੰਤਰ ਦਾ ਗਲਾ ਘੁੱਟ ਕੇ ਰੱਖ ਦਿੱਤਾ ਸੀ। ਉਸ ਦੇ ਮਗਰੋਂ ਸੁਖਬੀਰ ਬਾਦਲ ਦੀ ਕਾਰਜਸ਼ੈਲੀ ਦਾ ਵਿਰੋਧ ਕਰਦੇ ਹੋਏ, ਦਲ ਦੇ ਸੀਨੀਅਰ ਮੁਖੀਆਂ ਨੇ ਇਕ ਤੋਂ ਬਾਅਦ ਇਕ ਕਰ ਕੇ ਦਲ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ।

ਪਤਨ ਦੀ ਨੀਂਹ

ਮੰਨਿਆ ਜਾਂਦਾ ਹੈ ਕਿ ਸੁਖਬੀਰ ਬਾਦਲ ਨੇ ਦਲ ਦੇ ਪ੍ਰਧਾਨ ਦੇ ਅਹੁਦੇ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਨਾਲ ਹੀ ਅਕਾਲੀ ਦਲ ਦੇ ਪਤਨ ਦੀ ਨੀਂਹ ਉਸ ਸਮੇਂ ਰੱਖ ਦਿੱਤੀ, ਜਦੋਂ ਉਨ੍ਹਾਂ ਨੇ ਦਲ ਦੀ ਮਹਾਸਭਾ ਦਾ ਆਯੋਜਨ ਸ਼ਿਮਲਾ ਵਿਚ ਕਰਨ ਦਾ ਐਲਾਨ ਕੀਤਾ ਅਤੇ ਨਾਲ ਹੀ ਇਸ ਦੀ ਆਰੰਭਤਾ, ਦਲ ਦੀ ਸਥਾਪਿਤ ਪ੍ਰੰਪਰਾ ਦੇ ਵਿਰੁੱਧ, ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਤੇ ਬਿਨਾਂ ਸਤਿਗੁਰੂ ਦੇ ਓਟ-ਆਸਰੇ ਦੀ ਅਰਦਾਸ ਕੀਤਿਆਂ ਕੀਤੀ। ਇਸ ਸਬੰਧ ਵਿਚ ਪੁੱਛੇ ਜਾਣ ’ਤੇ ਸੀਨੇ ’ਤੇ ਹੱਥ ਮਾਰ ਕੇ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਨੇ ਅਜਿਹੇ ਅਕਾਲੀ ਦਲ ਨੂੰ ਗੁਰਦੁਆਰਿਆਂ ’ਚੋਂ ਬਾਹਰ ਅਤੇ ਸਿਰਫ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦੀ ਮਾਨਤਾ ਤੋਂ ਮੁਕਤ ਕਰਨ ਦੇ ਮਕਸਦ ਨਾਲ ਕੀਤਾ ਹੈ।

ਸੀਨੀਅਰ ਬਾਦਲ ਨੇ ‘ਕੁਝ’ ਭੁੱਲ ਸੁਧਾਰੀ। ਸੁਖਬੀਰ ਬਾਦਲ ਵਲੋਂ ਕੀਤੀ ਗਈ ਇਸ ‘ਗਲਤੀ’ ਦੇ ਨਤੀਜੇ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਜਲਦੀ ਹੀ ਤਾੜ ਲਿਆ ਅਤੇ ਸੁਖਬੀਰ ਵਲੋਂ ਕੀਤੀ ਗਈ ਇਸ ਗਲਤੀ ਦੇ ਕੁਝ ਹੀ ਸਮੇਂ ਬਾਅਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ’ਤੇ ਹੋਏ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਹ ਕਹਿ ਕੇ ‘ਕੁਝ’ ਭੁੱਲ ਸੁਧਾਰਨ ਦੀ ਕੋਸ਼ਿਸ਼ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਲਈ ਜਿੰਨੀ ਜ਼ਰੂਰੀ ਸ਼੍ਰੋਮਣੀ ਕਮੇਟੀ ਦੀ ਚੋਣ ਲੜਨੀ ਹੈ, ਓਨੀ ਜ਼ਰੂਰੀ ਵਿਧਾਨ ਸਭਾ ਜਾਂ ਲੋਕ ਸਭਾ ਦੀ ਚੋਣ ਲੜਨੀ ਨਹੀਂ, ਮਤਲਬ ਇਹ ਕਿ ਪ੍ਰਕਾਸ਼ ਸਿੰਘ ਬਾਦਲ ਮੰਨਦੇ ਸਨ ਕਿ ਸੁਖਬੀਰ ਦੀ ਨੀਤੀ ਅਪਣਾਉਣ ਨਾਲ ਅਕਾਲੀ ਦਲ ਦੇ ਹੱਥਾਂ ’ਚੋਂ ਉਸ ਦਾ ਆਰਥਿਕ ਸੋਮਾ ਨਿਕਲ ਜਾਵੇਗਾ, ਜੋ ਦਲ ਲਈ ਖਤਰਨਾਕ ਹੋ ਸਕਦਾ ਹੈ। ਸੀਨੀਅਰ ਬਾਦਲ ਦੇ ਇਸ ਬਿਆਨ ਨੇ ਬੇਸ਼ੱਕ ਸ਼੍ਰੋਮਣੀ ਕਮੇਟੀ ਨੂੰ ਦਲ ਦੇ ਹੱਥਾਂ ’ਚੋਂ ਨਿਕਲਣ ਤੋਂ ਬਚਾਅ ਲਿਆ ਪਰ ਉਨ੍ਹਾਂ ਦਾ ਬਿਆਨ ਆਮ ਸਿੱਖਾਂ ਦੇ ਦਲ ਪ੍ਰਤੀ ਉਹ ਭਰੋਸਾ ਪਰਤਾਉਣ ਵਿਚ ਸਫਲ ਨਹੀਂ ਹੋ ਸਕਿਆ, ਜੋ ਸੁਖਬੀਰ ਦੇ ਐਲਾਨ ਤੋਂ ਬਾਅਦ ਟੁੱਟ ਗਿਆ ਸੀ।

ਸਮੀਕਰਣ ਬਦਲਣ ਦੀ ਕੋਸ਼ਿਸ਼

ਦੱਸਿਆ ਗਿਆ ਹੈ ਕਿ ਪੰਜਾਬ ਦੇ ਟਕਸਾਲੀ ਅਕਾਲੀ ਮੁਖੀਆਂ ਦੇ ਸਮਾਗਮ ਦੀ ਸਫਲਤਾ ਤੋਂ ਬਾਅਦ ਢੀਂਡਸਾ ਨੇ ਦਿੱਲੀ ਦੇ ਅਕਾਲੀਆਂ ਵਿਚ ਚੱਲਦੇ ਆ ਰਹੇ ਸਿਆਸੀ ਸਮੀਕਰਣਾਂ ਨੂੰ ਬਦਲਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਮੰਨਿਆ ਜਾਂਦਾ ਹੈ ਕਿ ਇਸ ਲੜੀ ਵਿਚ ਹੀ ਉਨ੍ਹਾਂ ਨੇ ਆਪਣੇ ਨਿਵਾਸ ’ਤੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ’ਚੋਂ ਅਸਤੀਫਾ ਦੇ ਕੇ ਦਲ ’ਚੋਂ ਬਾਹਰ ਆਏ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਚਮਨ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ’ਤੇ ਨਵ-ਗਠਿਤ ‘ਜਾਗੋ’ ਜਥੇਬੰਦੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੇ ਵੀ ਮੌਜੂਦ ਹੋਣ ਦੀ ਗੱਲ ਕਹੀ ਜਾ ਰਹੀ ਹੈ। ਇਥੇ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਚਮਨ ਸਿੰਘ ਨੇ ਗੁਰਮੀਤ ਸਿੰਘ ਸ਼ੰਟੀ, ਜਿਨ੍ਹਾਂ ਨੇ ਜੀ. ਕੇ. ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਅਦਾਲਤ ’ਚ ਮਾਮਲਾ ਦਰਜ ਕਰਵਾਇਆ ਹੋਇਆ ਹੈ, ਨੂੰ ਅਕਾਲੀ ਦਲ ਵਿਚ ਸ਼ਾਮਿਲ ਕੀਤੇ ਜਾਣ ਦਾ ਵਿਰੋਧ ਕਰਦੇ ਹੋਏ ਦਲ ਦੀ ਮੁਢਲੀ ਮੈਂਬਰੀ ਤੋਂ ਅਸਤੀਫਾ ਦਿੱਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਗੁਰਮੀਤ ਸਿੰਘ ਸ਼ੰਟੀ, ਜਿਸ ’ਤੇ ਗੁਰਦੁਆਰਾ ਕਮੇਟੀ ਵਿਚ ਆਪਣੇ ਜਨਰਲ ਸਕੱਤਰ ਦੇ ਕਾਲ ਦੌਰਾਨ ਲੰਗਰ ਲਈ ਸਬਜ਼ੀ ਦੀ ਖਰੀਦ ਵਿਚ 5 ਕਰੋੜ ਦਾ ਘਪਲਾ ਕਰਨ ਦਾ ਦੋਸ਼ ਹੈ, ਨੂੰ ਦਲ ਵਿਚ ਸ਼ਾਮਿਲ ਕੀਤਾ ਜਾਣਾ ਦਲ ਦੇ ਅਕਸ ਨੂੰ ਕਲੰਕਿਤ ਕਰਨ ਵਾਲਾ ਕਦਮ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਿਸ ਕਮੇਟੀ ਨੇ ਸ਼ੰਟੀ ’ਤੇ ਲੱਗੇ ਇਨ੍ਹਾਂ ਦੋਸ਼ਾਂ ਦੀ ਜਾਂਚ ਕੀਤੀ ਸੀ, ਉਹ (ਚਮਨ ਸਿੰਘ) ਖ਼ੁਦ ਉਸ ਦੇ ਮੈਂਬਰ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਦੋਸ਼ ਵੀ ਲਗਾਇਆ ਕਿ ਇਸ ਸਬੰਧ ਵਿਚ ਸਿਰਸਾ ਨੇ ਸ਼ੰਟੀ ਨੂੰ ਕਲੀਨ ਚਿੱਟ ਦੇ ਕੇ ਬਹੁਤ ਵੱਡਾ ਗੁੁਨਾਹ ਕੀਤਾ ਹੈ।

ਸਿਰਸਾ ਨੂੰ ‘ਬਾਲ ਦਿਵਸ’ ਦਾ ਫੋਬੀਆ

ਇੰਝ ਜਾਪਦਾ ਹੈ ਕਿ ਜਿਵੇਂ ਮਨਜਿੰਦਰ ਸਿੰਘ ਸਿਰਸਾ, ਜੋ ਦੂਜੀ ਸਰਬਉੱਚ ਧਾਰਮਿਕ ਸਿੱਖ ਸੰਸਥਾ ਦੇ ਪ੍ਰਧਾਨ ਹਨ, ਨੂੰ ਇਹ ਨਹੀਂ ਪਤਾ ਕਿ ਸਿੱਖ ਧਰਮ ਵਿਚ ‘ਸ਼ਹੀਦੀ’ ਦਾ ਮਹੱਤਵ ਕਿਸੇ ਵੀ ‘ਬਾਲ ਦਿਵਸ’ ਤੋਂ ਕਿਤੇ ਬਹੁਤ ਜ਼ਿਆਦਾ ਹੈ। ਇਹੋ ਕਾਰਣ ਹੈ ਕਿ ਉਹ ਆਏ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ‘ਸ਼ਹੀਦੀ’ ਨੂੰ ਪੰ. ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ‘ਬਾਲ ਦਿਵਸ’ ਨਾਲ ਜੋੜਨ ਦੀ ਅਪੀਲ ਕਰਦੇ ਰਹਿੰਦੇ ਹਨ। ਪਿਛਲੇ ਦਿਨੀਂ ਹੀ ਉਨ੍ਹਾਂ ਨੇ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ’ਤੇ ਆਪਣੀ ਵਿਦਵਤਾ ਝਾੜਦਿਆਂ ਇਕ ਵਾਰ ਫਿਰ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਉਹ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ‘ਬਾਲ ਦਿਵਸ’ ਨਾਲ ਜੋੜ ਕੇ ਦੇਸ਼ ਭਰ ਦੇ ਸਕੂਲਾਂ ਵਿਚ ਉਸ ਨੂੰ ਪੜ੍ਹਾਉਣ ਦਾ ਪ੍ਰਬੰਧ ਕਰੇ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਉਹ ਸਰਕਾਰ ਕੋਲ ਇਹ ਮੰਗ ਨਹੀਂ ਕਰਦੇ ਕਿ ਉਹ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ‘ਸ਼ਹੀਦੀ ਦਿਵਸ’ ਦੀ ਮਾਨਤਾ ਦੇਵੇ ਅਤੇ ਇਸ ਸ਼ਹਾਦਤ ਨਾਲ ਸਬੰਧਿਤ ਇਤਿਹਾਸ ਨੂੰ ਸਕੂਲਾਂ ਵਿਚ ਪੜ੍ਹਾਉਣ ਦਾ ਪ੍ਰਬੰਧ ਕਰੇ। ਸ਼ਾਇਦ ਇਸ ਦਾ ਕਾਰਣ ਇਹ ਹੈ ਕਿ ਉਹ ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਵਰਮਾ ਦੀ ਉਸ ਮੰਗ ਦਾ ਸਮਰਥਨ ਕਰਕੇ, ਜਿਸ ਵਿਚ ਉਹ ਇਹ ਮੰਗ ਕਰਦੇ ਚੱਲੇ ਆ ਰਹੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਹਿਰੂ ਦੀ ਜਨਮ ਦਿਨ ‘ਬਾਲ ਦਿਵਸ’ ਨਾਲ ਜੋੜਿਆ ਜਾਵੇ। ਉਹ ਇਹ ਦਾਅਵਾ ਵੀ ਕਰਦੇ ਹਨ ਕਿ ਉਨ੍ਹਾਂ ਦੀ ਇਸ ਮੰਗ ਦੇ ਸਮਰਥਨ ਵਿਚ 100 ਤੋਂ ਵੱਧ ਸੰਸਦ ਮੈਂਬਰਾਂ ਨੇ ਦਸਤਖਤ ਕਰ ਦਿੱਤੇ ਹਨ। ਸ਼ਾਇਦ ਸਿਰਸਾ ਇਹ ਨਹੀਂ ਜਾਣਦੇ ਕਿ ਸਿੱਖ ਕਿਸੇ ਵੀ ਕੀਮਤ ’ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ‘ਬਾਲ ਦਿਵਸ’ ਨਾਲ ਜੋੜ ਕੇ ਉਸ ਦੇ ਮਹੱਤਵ ਨੂੰ ਘਟਾਇਆ ਜਾਣਾ ਸਹਿਣ ਨਹੀਂ ਕਰਨਗੇ। ਜਿਸ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਮਾਨਤਾ ਦੇਣੀ ਹੈ, ਉਸ ਨੂੰ ‘ਸ਼ਹੀਦੀ ਦਿਵਸ’ ਦੇ ਰੂਪ ਵਿਚ ਹੀ ਮਾਨਤਾ ਦੇਵੇ।

...ਅਤੇ ਅਖੀਰ ’ਚ

ਬੀਤੇ ਦਿਨੀਂ ਸੋਸ਼ਲ ਮੀਡੀਆ ’ਤੇ ਵਾਇਰਲ ਇਕ ਵੀਡੀਓ ਦੇਖੀ ਗਈ, ਜਿਸ ਵਿਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਇਕ ਸਥਾਨਕ ਗੁਰਦੁਆਰਾ ਸਾਹਿਬ ਵਿਚ ਇਕ ਸਮਾਗਮ ਮੌਕੇ ਆਪਣੇ ਭਾਸ਼ਣ ਮੌਕੇ ਸਰਨਾ ਵਿਰੁੱਧ ਬੋਲਣ ਦੀ ਕੋਸ਼ਿਸ਼ ਕਰਦੇ ਹਨ, ਜਿਸ ’ਤੇ ਸੰਗਤ ਉਨ੍ਹਾਂ ਦਾ ਤਿੱਖਾ ਵਿਰੋਧ ਕਰਦੀ ਹੈ। ਇਸ ਸਥਿਤੀ ਕਾਰਣ ਮੰਚ ’ਤੇ ਹੀ ਮੌਜੂਦ ਇਕ ਮੁਖੀ ਅੱਗੇ ਵਧ ਕੇ ਉਨ੍ਹਾਂ ਨੂੰ ਰੋਕਦੇ ਹਨ, ਤਾਂ ਜਾ ਕੇ ਉਹ ਆਪਣੀ ਸੁਰ ਬਦਲਣ ਲਈ ਮਜਬੂਰ ਹੋ ਜਾਂਦੇ ਹਨ। ਦਿਲਚਸਪ ਗੱਲ ਇਹ ਹੈ ਕਿ ਅਗਲੇ ਦਿਨ ਇਸੇ ਘਟਨਾ ਨਾਲ ਸਬੰਧਿਤ ਜੋ ਖ਼ਬਰ ਆਉਂਦੀ ਹੈ, ਉਸ ਵਿਚ ਕਮੇਟੀ ਦੇ ਪ੍ਰਧਾਨ ਮਨਮੋਹਨ ਸਿੰਘ ਵਲੋਂ ਦਾਅਵਾ ਕੀਤਾ ਗਿਆ ਹੁੰਦਾ ਹੈ ਕਿ ਸਿਰਸਾ ਵਲੋਂ ਸਰਨਾ ਦੇ ਵਿਰੁੱਧ ਬੋਲੇ ਜਾਣ ’ਤੇ ਸੰਗਤ ਨੇ ਜੈਕਾਰੇ ਲਾ ਕੇ ਉਨ੍ਹਾਂ ਦਾ ਜ਼ੋਰਦਾਰ ਸਮਰਥਨ ਕੀਤਾ।

Bharat Thapa

This news is Content Editor Bharat Thapa