ਜਿੱਥੇ ਮੁਸਲਮਾਨ ਉੱਥੇ ਹਿੰਸਾ ਕਿਉਂ?

05/24/2021 3:11:11 AM

ਵਿਨੀਤ ਨਾਰਾਇਣ
ਭਾਰੀ ਦਾਅਵਿਆਂ ਦੇ ਉਲਟ ਪੱਛਮੀ ਬੰਗਾਲ ਦੀ ਚੋਣ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਬੁਖਲਾਈ ਭਾਜਪਾ ਅਤੇ ਉਸ ਦੀ ਟ੍ਰੋਲ ਆਰਮੀ ਹੱਥ ਧੋ ਕੇ ਮਮਤਾ ਸਰਕਾਰ ਦੇ ਪਿੱਛੇ ਪਏ ਹੋਏ ਹਨ। ਕਿਸੇ ਤਰ੍ਹਾਂ ਉੱਥੇ ਰਾਸ਼ਟਰਪਤੀ ਰਾਜ ਲਾਗੂ ਹੋ ਜਾਵੇ ਤਾਂ ਫਿਰ ਵਿਧਾਇਕਾਂ ਨੂੰ ਤੋੜਨ ਦਾ ਕੰਮ ਸੌਖਾ ਹੋ ਸਕੇਗਾ।

ਸਾਰਾ ਬਵਾਲ ਬੰਗਾਲ ਦੇ ਮੁਸਲਮਾਨਾਂ ਨੂੰ ਲੈ ਕੇ ਹੈ। ਦੋਸ਼ ਹੈ ਕਿ ਮਮਤਾ ਬੈਨਰਜੀ ਦੀ ਸਰਕਾਰ ’ਚ ਮੁਸਲਮਾਨ ਹਿੰਦੂਆਂ ਨਾਲ ਕੁੱਟਮਾਰ ਕਰ ਰਹੇ ਹਨ।

ਭਾਜਪਾ ਦਾ ਪ੍ਰਚਾਰ ਤੰਤਰ ਦੇਸ਼-ਵਿਦੇਸ਼ ’ਚ ਦਿਨ-ਰਾਤ ਆਪਣੇ ਸਮਰਥਨ ’ਚ ਵੀਡੀਓ ਕਲਿਪ ਸੋਸ਼ਲ ਮੀਡੀਆ ’ਤੇ ਪਾ ਰਿਹਾ ਹੈ, ਇਹ ਦੱਸ ਕੇ ਕਿ ਇਹ ਅੱਜ ਦੇ ਹਾਲਾਤ ਹਨ। ਕੱਲ ਇਕ ਅਜਿਹਾ ਹੀ ਵੀਡੀਓ ਕਲਿਪ ਮੇਰੇ ਕੋਲ ਆਇਆ ਜਿਸ ’ਚ ਦਿਖਾਇਆ ਗਿਆ ਸੀ ਕਿ ਜ਼ਖਮੀ ਫੌਜੀ ਨੂੰ ਇਲਾਜ ਲਈ ਲਿਜਾਂਦੀਆਂ ਹੋਈਆਂ ਫੌਜ ਦੀਆਂ ਗੱਡੀਆਂ ਤੱਕ ਨੂੰ ਇਹ ਲੋਕ ਆਪਣੇ ਇਲਾਕੇ ’ਚੋਂ ਨਹੀਂ ਲੰਘਣ ਦੇ ਰਹੇ।

ਜੀਪ ’ਤੇ ਨੰਬਰ ਪਲੇਟ ਬੰਗਲਾ ਭਾਸ਼ਾ ’ਚ ਸੀ ਤਾਂ ਮੈਂ ਉਹ ਕਲਿਪ ਕੋਲਕਾਤਾ ’ਚ ਆਪਣੇ ਕੁਝ ਦੋਸਤਾਂ ਨੂੰ ਭੇਜ ਕੇ ਉਸ ਦੀ ਅਸਲੀਅਤ ਜਾਣਨੀ ਚਾਹੀ, ਜਿਸ ਦਾ ਜਵਾਬ ਆਇਆ ਕਿ ਨਾ ਤਾਂ ਇਹ ਅੱਜ ਦਾ ਕਲਿਪ ਹੈ ਅਤੇ ਨਾ ਹੀ ਪੱਛਮੀ ਬੰਗਾਲ ਦਾ ਹੈ ਸਗੋਂ ਇਹ ਕਲਿਪ ਬੰਗਲਾਦੇਸ਼ ਦਾ ਹੈ ਜੋ ਬੜਾ ਪੁਰਾਣਾ ਹੈ। ਜਿਸ ‘ਭਗਤ’ ਨੇ ਇਹ ਕਲਿਪ ਮੈਨੂੰ ਭੇਜਿਆ ਸੀ ਜਦੋਂ ਉਸ ਨੂੰ ਮੈਂ ਇਹ ਦੱਸਿਆ ਤਾਂ ਉਸ ਦਾ ਜਵਾਬ ਸੀ ਕਿ ਮੁਸਲਮਾਨ ਤਾਂ ਹਰ ਥਾਂ ਹਿੰਸਾ ਹੀ ਕਰਦੇ ਹਨ। ਇਸ ਗੱਲ ਦਾ ਉਹ ਕੋਈ ਜਵਾਬ ਨਹੀਂ ਦੇ ਸਕਿਆ ਕਿ ਬੰਗਲਾਦੇਸ਼ ਦੇ ਕਲਿਪ ਨੂੰ ਪੱਛਮੀ ਬੰਗਾਲ ਦਾ ਦੱਸ ਕੇ ਇਹ ਜ਼ਹਿਰ ਕਿਉਂ ਫੈਲਾਇਆ ਜਾ ਰਿਹਾ ਹੈ? ਅਜਿਹਾ ਨਹੀਂ ਹੈ।

ਓਧਰ ਦਹਾਕਿਆਂ ਤੋਂ ਰਾਜਪਾਲ ਕੇਂਦਰ ਸਰਕਾਰ ਦੀ ਕਠਪੁਤਲੀ ਵਾਂਗ ਕੰਮ ਕਰਦੇ ਆਏ ਹਨ। ਰਾਜਪਾਲ ਬਣਾਇਆ ਹੀ ਉਨ੍ਹਾਂ ਨੂੰ ਜਾਂਦਾ ਹੈ ਜੋ ਆਪਣੀ ਸੰਵਿਧਾਨ ’ਚ ਮਿਲੀ ਖੁਦਮੁਖਤਾਰੀ ਨੂੰ ਅੱਖੋਂ ਪਰੋਖੇ ਕਰ ਕੇ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਅਨੈਤਿਕਤਾ ਅਤੇ ਝੂਠ ਦੀਆਂ ਹੱਦਾਂ ਟੱਪਣ ’ਚ ਝਿਜਕ ਨਾ ਕਰੇ। ਇਸ ’ਚ ਕੋਈ ਅਪਵਾਦ ਨਹੀਂ ਹੈ। ਕਾਂਗਰਸ ਦੇ ਰਾਜ ’ਚ ਵੀ ਇਹੀ ਹੁੰਦਾ ਹੈ ਅਤੇ ਭਾਜਪਾ ਦੇ ਰਾਜ ’ਚ ਵੀ ਇਹੀ ਹੋ ਰਿਹਾ ਹੈ।

ਸਹੁੰ ਚੁੱਕ ਸਮਾਗਮ ਤੋਂ ਸ਼ੁਰੂ ਕਰ ਕੇ ਅੱਜ ਤੱਕ ਪੱਛਮੀ ਬੰਗਾਲ ਦੇ ਰਾਜਪਾਲ ਸ਼੍ਰੀ ਜਗਦੀਪ ਧਨਖੜ ਮਮਤਾ ਸਰਕਾਰ ’ਤੇ ਸਿੱਧਾ ਹਮਲਾ ਕਰਨ ਦਾ ਕੋਈ ਮੌਕਾ ਨਹੀਂ ਖੁੰਝ ਰਹੇ। ਕਈ ਵਾਰ ਤਾਂ ਉਨ੍ਹਾਂ ਦੀ ਸ਼ਾਨਦਾਰ ਜ਼ਿੰਮੇਵਾਰੀ ਬੜੀ ਨਾਟਕੀ ਨਜ਼ਰ ਆਉਂਦੀ ਹੈ।

ਧਨਖੜ ਜੀ ਮੇਰੇ ਪੁਰਾਣੇ ਸਨੇਹੀ ਹਨ ਅਤੇ ਸੁਪਰੀਮ ਕੋਰਟ ਦੇ ਵਕੀਲ ਰਹੇ ਹਨ। ਇਹ ਸਬੱਬ ਹੀ ਹੈ ਕਿ 1993 ’ਚ ਜਿਸ ‘ਜੈਨ ਹਵਾਲਾ ਕਾਂਡ’ ਨੂੰ ਮੈਂ ਉਜਾਗਰ ਕੀਤਾ ਸੀ, ਉਸ ’ਚ ਦੁਬਈ ਅਤੇ ਲੰਡਨ ਤੋਂ ਕਸ਼ਮੀਰ ਦੇ ਅੱਤਵਾਦੀਆਂ ਨੂੰ ਹਵਾਲਾ ਰਾਹੀਂ ਆ ਰਹੀ ਆਰਥਿਕ ਮਦਦ ਦਾ ਇਕ ਹਿੱਸਾ ਜਗਦੀਪ ਧਨਖੜ ਜੀ ਨੂੰ ਵੀ ਮਿਲਣ ਦਾ ਦੋਸ਼ ਸੀ ਅਤੇ ਉਹ ਹਵਾਲਾ ਕਾਂਡ ’ਚ ਚਾਰਜਸ਼ੀਟ ਵੀ ਹੋਏ ਸਨ। ਭਾਜਪਾ ਅਤੇ ਸੰਘ ਦੇ ਲੋਕ ਹਿੰਸਕ ਪ੍ਰਵਿਰਤੀ ਅਤੇ ਭਾਰਤ ਨੂੰ ਇਸਲਾਮੀ ਦੇਸ਼ ਬਣਾਉਣ ਦਾ ਖਤਰਾ ਦੱਸ ਕੇ ਹਿੰਦੂ ਵੋਟ ਬੈਂਕ ਨੂੰ ਸੰਗਠਿਤ ਕਰ ਰਹੇ ਹਨ। ਉਨ੍ਹਾਂ ਨੂੰ ਮੇਰਾ ਲਗਾਤਾਰ ਇਕ ਹੀ ਸਵਾਲ ਰਹਿੰਦਾ ਹੈ ਕਿ ਜਦੋਂ ਇਕ ਇਸਲਾਮਿਕ ਅੱਤਵਾਦ ਵਿਰੁੱਧ 1993 ਤੋਂ ਲੜਾਈ ਲੜੀ ਜਾ ਰਹੀ ਸੀ ਤਾਂ ਇਹ ਲੋਕ ਇਕ ਖਤਰਨਾਕ ਚੁੱਪ ਕਿਉਂ ਧਾਰੀ ਬੈਠੇ ਸਨ?

ਸੰਘ ਦੇ ਸੰਸਥਾਪਕ ਡਾ. ਕੇਸ਼ਵ ਹੇਡਗੇਵਾਰ ਜੀ ਨੇ ਕਿਹਾ ਸੀ ਕਿ ਪਰਿਵਾਰ ਦੇ ਹਿੱਤ ਲਈ ਵਿਅਕਤੀ ਦਾ ਹਿੱਤ, ਸਮਾਜ ਦੇ ਹਿੱਤ ਲਈ ਸੰਗਠਨ ਦਾ ਹਿੱਤ ਅਤੇ ਰਾਸ਼ਟਰ ਦੇ ਹਿੱਤ ਲਈ ਆਪਣੀ ਪਾਰਟੀ ਦੇ ਹਿੱਤ ਨੂੰ ਤਿਆਗ ਦੇਣਾ ਚਾਹੀਦਾ ਹੈ ਪਰ ਸੰਘ ਅਤੇ ਭਾਜਪਾ ਨੇ ਤਾਂ ਉਦੋਂ ਉਲਟਾ ਹੀ ਕੰਮ ਕੀਤਾ।

ਜਿਸ ਤਰ੍ਹਾਂ ਕਸ਼ਮੀਰ, ਅਸਾਮ, ਪੱਛਮੀ ਬੰਗਾਲ ਦੇ ਇਲਾਵਾ ਹੋਰਨਾਂ ਸੂਬਿਆਂ ’ਚ ਵੀ ਆਪਣੀ ਵਧਦੀ ਆਬਾਦੀ ਦੇ ਜ਼ੋਰ ’ਤੇ ਮੁਸਲਮਾਨਾਂ ਨੇ ਸਿਆਸਤ ’ਚ ਆਪਣਾ ਦਬਦਬਾ ਵਧਾਇਆ ਹੈ। ਉਵੇਂ-ਉਵੇਂ ਹਿੰਦੂ ਹੋਰ ਹਮਲਾਵਰ ਢੰਗ ਨਾਲ ਉਤੇਜਿਤ ਹੋਇਆ ਹੈ। ਜਦੋਂ ਧਰਮਨਿਰਪੱਖ ਮੀਡੀਆ ਕਸ਼ਮੀਰ ਦੇ ਹਿੰਦੂਆਂ ’ਤੇ ਹੋਏ ਜ਼ੁਲਮ ਨੂੰ ਨਹੀਂ ਦਿਖਾਉਂਦਾ ਅਤੇ ਉਨ੍ਹਾਂ ਦੇ ਸਮਰਥਨ ’ਚ ਓਨੇ ਹੀ ਜ਼ੋਰ-ਸ਼ੋਰ ਨਾਲ ਆਵਾਜ਼ ਨਹੀਂ ਉਠਾਉਂਦਾ ਜਿਵੇਂ ਕਿ ਮੁਸਲਮਾਨਾਂ ਲਈ ਉਠਾਉਂਦਾ ਰਿਹਾ ਹੈ, ਤਦ ਮਜਬੂਰਨ ਹਿੰਦੂਆਂ ਨੂੰ ਭਾਜਪਾ ਦੀ ਛਤਰ-ਛਾਇਆ ’ਚ ਜਾਣਾ ਪੈਂਦਾ ਹੈ। ਫਿਰ ਵੀ ਬੰਗਾਲ ਦੀ ਅੱਧੀ ਹਿੰਦੂ ਆਬਾਦੀ ਨੇ ਭਾਜਪਾ ਨੂੰ ਵੋਟਾਂ ਨਹੀਂ ਪਾਈਆਂ।

ਮੁਸਲਮਾਨਾਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਦੇ ਪ੍ਰਤੀ ਪੱਖਪਾਤ ਦਾ ਦੋਸ਼ ਗਲਤ ਹੈ ਜਿਸ ਦੇ ਸਬੂਤ ’ਚ ਉਹ ਆਪਣੇ ਸਮਾਜ ਦੇ ਪੱਛੜੇਪਨ ਅਤੇ ਫੌਜ ਜਾਂ ਪ੍ਰਸ਼ਾਸਨ ’ਚ ਆਪਣੀ ਨਿਗੂਣੀ ਹਾਜ਼ਰੀ ਦਾ ਹਵਾਲਾ ਦਿੰਦੇ ਹਨ। ਇਸ ਦੇ ਕਈ ਸਮਾਜਿਕ ਕਾਰਨ ਵੀ ਹਨ ਜਿਨ੍ਹਾਂ ’ਤੇ ਵੱਖਰੀ ਚਰਚਾ ਕੀਤੀ ਜਾ ਸਕਦੀ ਹੈ।

ਸਰਕਾਰ ਦੇ ਮੰਤਰੀਆਂ ਅਤੇ ਰਾਜਪਾਲਾਂ ਵੱਲੋਂ ਇਫਤਾਰ ਦੀਆਂ ਦਾਅਵਤਾਂ ਦੇਣੀਆਂ, ਜਦਕਿ ਦੀਵਾਲੀ, ਵਿਸਾਖੀ, ਗੁਰਪੁਰਬ, ਪੋਂਗਲ ਆਦਿ ਵਰਗੇ ਹੋਰ ਧਰਮਾਂ ਦੇ ਤਿਉਹਾਰਾਂ ’ਤੇ ਅਜਿਹਾ ਕੋਈ ਸਮਾਗਮ ਨਾ ਕਰਨਾ ਜਾਂ ਹੱਜ ਯਾਤਰਾ ’ਤੇ ਜਾਣ ਵਾਲਿਆਂ ਨੂੰ ਸਬਸਿਡੀ ਦੇਣਾ, ਕੁਝ ਅਜਿਹੇ ਕੰਮ ਹੁੰਦੇ ਰਹੇ ਹਨ ਜਿਨ੍ਹਾਂ ਤੋਂ ਹਰ ਹਿੰਦੂ ਉਤੇਜਿਤ ਹੋਇਆ ਹੈ।

ਇਸ ਲਈ ਸਮਝਦਾਰ ਅਤੇ ਪੜ੍ਹੇ-ਲਿਖੇ ਮੁਸਲਮਾਨਾਂ ਨੂੰ ਸਮਾਜ ’ਚ ਆਪਸੀ ਭਾਈਚਾਰੇ ਦਾ ਵਾਤਾਵਰਣ ਤਿਆਰ ਕਰਨ ਦੀ ਸਰਗਰਮ ਪਹਿਲ ਕਰਨੀ ਚਾਹੀਦੀ ਹੈ, ਨਹੀਂ ਤਾਂ ਦੋਵਾਂ ਧਿਰਾਂ ਦੀਆਂ ਫਿਰਕੂ ਤਾਕਤਾਂ ਰਾਸ਼ਟਰ ਨੂੰ ਤਬਾਹ ਕਰ ਦੇਣਗੀਆਂ।
 

Bharat Thapa

This news is Content Editor Bharat Thapa